ਚੰਡੀਗੜ੍ਹ, 28 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਮੰਤਰੀ ਮੰਡਲ (Punjab Cabinet) ਦੀ ਮੁੱਖ ਮੰਤਰੀ ਰਿਹਾਇਸ਼ (CM Residence) ‘ਤੇ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਨਗਰ ਕੌਂਸਲ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਫੈਸਲਾ ਕੀਤਾ ਹੈ। ਲੁਧਿਆਣਾ ‘ਚ ਵੀ ਇਕ ਹੋਰ ਸਬ ਤਹਿਸੀਲ ਬਣਾਈ ਜਾਵੇਗੀ ਜਿਸ ਦਾ ਨਾਂ ਲੁਧਿਆਣਾ ਉੱਤਰੀ ਸਬ-ਤਹਿਸੀਲ ਹੋਵੇਗਾ ਜਿੱਥੇ ਇਕ ਨਾਇਬ ਤਹਿਸੀਲਦਾਰ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ। ਇਸ ਸਬ ਤਹਿਸੀਲ ‘ਚ ਇੱਕ ਕਾਨੂੰਗੋ ਤੇ ਚਾਰ ਪਟਵਾਰ ਸਰਕਲ ਸ਼ਾਮਿਲ ਕੀਤੇ ਜਾਣਗੇ। ਇਸੇ ਤਰ੍ਹਾਂ ਅੱਧਾ ਦਰਜਨ ਦੇ ਕਰੀਬ ਪਿੰਡਾਂ ਨੂੰ ਇਸ ਨਵੀਂ ਸਬ-ਤਹਿਸੀਲ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਡੇਰਾਬੱਸੀ ‘ਚ 100 ਬੈੱਡ ਦਾ ESI ਹਸਪਤਾਲ ਖੋਲ੍ਹਣ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਡੇਰਾਬੱਸੀ ਵਿਖੇ 100 ਬੈੱਡ ਦਾ ਈਐਸਆਈ ਹਸਪਤਾਲ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਹਸਪਤਾਲ ਕੇਂਦਰ ਸਰਕਾਰ ਵੱਲੋਂ ਖੋਲ੍ਹਿਆ ਜਾਵੇਗਾ ਤੇ ਪੰਜਾਬ ਸਰਕਾਰ ਨੇ ਚਾਰ ਏਕੜ ਜ਼ਮੀਨ ਦੇਣ ਦੇ ਪ੍ਰਸਤਾਵ ‘ਤੇ ਵੀ ਮੋਹਰ ਲਗਾ ਦਿੱਤੀ ਹੈ। ਮੰਤਰੀ ਮੰਡਲ ਨੇ ਖੇਡ ਵਿਭਾਗ ‘ਚ ਮੈਡੀਕਲ ਕੋਟੇ ਦੀਆਂ 100 ਤੋਂ ਜ਼ਿਆਦਾ ਅਸਾਮੀਆਂ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ
ਪੰਜਾਬ ਯੂਨੀਫਾਈਡ ਰੂਲਜ਼ 2025 ਨੂੰ ਮਨਜ਼ੂਰੀ, ਹੋਵੇਗੀ ਸੈਲਫ ਸਰਟੀਫਿਕੇਸ਼ਨ
ਇਸ ਤੋਂ ਇਲਾਵਾ ਪੰਜਾਬੀ ਯੂਨੀਫਾਈਡ ਰੂਲਜ਼ 2025 ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਕੈਬਨਿਟ ਨੇ ਸ਼ਹਿਰਾਂ ‘ਚ 15 ਮੀਟਰ ਤੋਂ 21 ਮੀਟਰ ਤਕ ਉੱਚੀਆਂ ਇਮਾਰਤਾਂ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਲਈ ਸੰਬੰਧਤ ਵਿਅਕਤੀ ਨੂੰ ਖੁਦ ਆਪਣਾ ਸੈਲਫ ਸਰਟੀਫਿਕੇਟ ਦੇਣਾ ਪਵੇਗਾ।
ਨਸ਼ਾ ਮੁਕਤੀ ਕੇਂਦਰਾਂ ‘ਚ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਨਸ਼ਾ ਮੁਕਤੀ ਕੇਂਦਰਾਂ ਵਿੱਚ ਹੁਣ ਬਾਇਓਮੈਟ੍ਰਿਕ ਹਾਜ਼ਰੀ ਲੱਗੇਗੀ ਅਤੇ ਦਵਾਈਆਂ ਅਤੇ ਹੋ ਸਰਟੀਫਿਕੇਟ ਦੇਣ ਦਾ ਪ੍ਰਬੰਧ ਵੀ ਸਰਕਾਰ ਨੇ ਆਪਣੇ ਹੱਥਾਂ ਵਿੱਚ ਲਿਆ ਹੈ। ਇਹ ਕਦਮ ਕੇਂਦਰਾਂ ਤੋਂ ਸ਼ਿਕਾਇਤਾਂ ਤੋਂ ਬਾਅਦ ਚੁੱਕਿਆ ਗਿਆ ਹੈ।
ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਨੂੰ ਕੀਤਾ ਜਾ ਰਿਹਾ ਬਦਨਾਮ : CM Mann
ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪੰਜਾਬ ਦੇ ਪਰਾਲੀ ਫੂਕਣ ਨਾਲ ਧੂੰਆਂ ਪੈਦਾ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਸਬੰਧ ‘ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਖਾਹਮਖਾਹ ਬਦਨਾਮ ਕੀਤਾ ਜਾ ਰਿਹਾ ਹੈ ਜਦੋਂਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਧੂੰਆਂ ਜਾਣ ਲਈ ਉੱਤਰ-ਦੱਖਣ ਹਵਾ ਚੱਲਣੀ ਹੁੰਦੀ ਹੈ ਪਰ ਇਸ ਦਿਸ਼ਾ ‘ਚ ਹਵਾਵਾਂ ਨਹੀਂ ਚੱਲ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਧੂੰਆਂ ਦਿੱਲੀ ਜਾ ਰਿਹਾ ਹੈ ਤਾਂ ਫਿਰ ਹਰਿਆਣੇ ਦਾ ਕਿਉਂ ਨਹੀਂ ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਆਦਿ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੁਲਾ ਕੇ ਇਸ ਸਬੰਧੀ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ
350 ਸਾਲਾ ਸ਼ਹੀਦੀ ਦਿਵਸ ਮਨਾਉਣ ਲਈ ਸਾਰੇ CMs ਨੂੰ ਸੱਦਾ, PM ਤੋਂ ਮੰਗਿਆ ਸਮਾਂ
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਣ ਸਬੰਧੀ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਗਿਆ ਹੈ। ਇਸ ਸਬੰਧ ‘ਚ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਿਆ ਗਿਆ ਹੈ। ਪ੍ਰਧਾਨ ਮੰਤਰੀ ਦਫਤਰ ਤੋਂ ਸਮਾਂ ਮਿਲਣ ਬਾਅਦ ਉਨ੍ਹਾਂ ਨੂੰ ਵੀ ਰਸਮੀ ਸੱਦਾ ਦਿੱਤਾ ਜਾਵੇਗਾ।
ਸੰਖੇਪ:-
