ਮੁਕਤਸਰ ਸਾਹਿਬ, 28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਛੇੜੀ ਹੋਈ ਹੈ। 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡੀਜੀਪੀ ਪੰਜਾਬ ਨੇ ਆਦੇਸ਼ ਦਿੱਤੇ ਹਨ।
ਇਧਰ, ਇੱਕ ਮਾਮਲੇ ਦੀ ਖੂਬ ਚਰਚਾ ਹੋ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਸਬੰਧੀ ਟਵੀਟ ਕੀਤਾ ਹੈ।
ਦਰਅਸਲ, ਪੁਲਿਸ ਨੇ ਇੱਕ ਵਿਅਕਤੀ ਉਤੇ ਭੁੱਕੀ ਨਾਲ ਲਿੱਬੜੇ ਖਾਲੀ ਲਿਫਾਫੇ ਦਾ ਪਰਚਾ ਦਰਜ ਕਰ ਦਿੱਤਾ ਹੈ। ਦਰਜ ਐਫ਼ਆਈਆਰ ਵਿਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਲਿਫਾਫਾ ਮੋਮੀ ਕਾਗਜ਼ (ਪਲਾਸਟਿਕ) ਦਾ ਹੈ, ਜੋ ਕਿ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਖਾਲੀ ਹੈ, ਭਾਵ ਕੁੱਝ ਵਿੱਚ ਨਹੀਂ ਹੈ, ਪਰ ਇਹ ਭੁੱਕੀ ਨਾਲ ਲਿੱਬੜਿਆ ਹੋਇਆ ਹੈ। ਐਫ਼ਆਈਆਰ ਵਿਚ ਲਿਖਿਆ ਹੈ- ‘‘26.04.25 ਨੂੰ ਥਾਣਾ ਲੰਬੀ ਦੀ ਮੁੱਖ ਅਫ਼ਸਰ ਐਸ.ਆਈ. ਕਰਮਜੀਤ ਕੌਰ, ਸਾਥੀ ਅਧਿਕਾਰੀਆਂ ਨਾਲ ਲੰਬੀ ਤੋਂ ਪੰਜਾਵਾ ਜਾ ਰਹੇ ਸਨ, ਜਦੋਂ ਉਹ ਪਿੰਡ ਲੰਬੀ ਦੇ ਸ਼ਮਸ਼ਾਨਘਾਟ ਦੇ ਨੇੜੇ ਪਹੁੰਚੇ, ਤਾਂ ਇੱਕ ਨੌਜਵਾਨ ਸ਼ਮਸ਼ਾਨਘਾਟ ਦੇ ਗੇਟ ਦੇ ਅੰਦਰ ਪਾਈਪ ਦੇ ਕੋਲ ਬੈਠਾ ਸੀ ਅਤੇ ਇੱਕ ਲਿਫਾਫੇ ਵਿੱਚੋਂ ਕੁਝ ਖਾ ਰਿਹਾ ਸੀ। ਜਿਸ ਤੋਂ ਬਾਅਦ ਐਸਆਈ ਕਰਮਜੀਤ ਕੌਰ ਨੇ ਕਾਰ ਰੋਕੀ ਅਤੇ ਉਸ ਦੇ ਨੇੜੇ ਪਹੁੰਚੀ, ਤਾਂ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸ ਦੇ ਹੱਥ ਵਿੱਚ ਪਾਰਦਰਸ਼ੀ ਲਿਫਾਫਾ, ਜਿਸ ਵਿੱਚ ਭੁੱਕੀ ਲੱਗੀ ਸਾਫ਼ ਦਿਖਾਈ ਦੇ ਰਹੀ ਸੀ, ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ- ‘‘ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਇਸ ਕਾਰਵਾਈ ਰਾਹੀਂ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਗਿਆ ਹੈ। ਇੰਨੀ ਵੱਡੀ ਖੇਪ ਦੀ ਬਰਾਮਦਗੀ ਆਪਣੇ ਆਪ ਵਿਚ ਵੱਡੀ ਕਾਮਯਾਬੀ ਹੈ। ਵਧਾਈ ਦੇ ਪਾਤਰ ਸਮੂਹ ਸੰਬੰਧਿਤ ਅਧਿਕਾਰੀ।’’
ਸੰਖੇਪ: ਮੁਕਤਸਰ ਸਾਹਿਬ ‘ਚ ਖਾਲੀ ਲਿਫਾਫੇ ‘ਚ ਭੁੱਕੀ ਮਿਲਣ ਦੇ ਮਾਮਲੇ ‘ਚ ਪੁਲਿਸ ਨੇ ਲਿਫਾਫਾ ਜ਼ਬਤ ਕਰਕੇ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ।