7 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਭਾਈ ਗੁਰਜੀਤ ਸਿੰਘ ਖਾਲਸਾ 12 ਅਕਤੂਬਰ 2024 ਤੋਂ ਸਮਾਣੇ ਵਿੱਚ 400 ਫੁੱਟ ਉੱਚੇ ਟਾਵਰ ’ਤੇ ਚੜ੍ਹ ਕੇ ਸਰਕਾਰ ਤੋਂ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੇ ਕਾਨੂੰਨ ਦੀ ਮੰਗ ਕਰ ਰਿਹਾ ਹੈ। ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁਖੀ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਰਾ ਸਿਆਲ ਪਿੰਡੇ ’ਤੇ ਝੱਲਣ ਦੇ ਬਾਵਜੂਦ ਜਦ ਸਰਕਾਰ ਨੇ ਭਾਈ ਖਾਲਸਾ ਦੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਨੇ 11 ਜਨਵਰੀ ਤੋਂ ਰੋਟੀ ਖਾਣੀ ਵੀ ਛੱਡ ਦਿੱਤੀ ਹੈl ਤਿੰਨ ਮਹੀਨਿਆਂ ਤੋਂ ਬਿਨਾਂ ਅੰਨ ਦੇ ਬੜੇ ਕਠਿਨ ਹਾਲਾਤ ਵਿੱਚ 400 ਫੁੱਟ ਉੱਚੇ ਟਾਵਰ ’ਤੇ ਬੈਠੇ ਹੋਏ ਭਾਈ ਗੁਰਜੀਤ ਸਿੰਘ ਕਈ ਵਾਰ ਬੇਹੋਸ਼ ਹੋ ਚੁੱਕੇ ਹਨ। ਪਿਛਲੇ ਦਿਨੀਂ ਦੁਪਹਿਰ ਦੇ 3:30 ਵਜੇ ਤੋਂ ਲੈ ਕੇ 8 ਵਜੇ ਤੱਕ ਚਾਰ ਘੰਟੇ ਤੋਂ ਵੱਧ ਸਮਾਂ ਇਕੱਲੇ ਬੇਹੋਸ਼ ਪਏ ਰਹੇ ਕਿਉਂਕਿ ਟਾਵਰ ਉੱਪਰ ਸਵੇਰੇ ਸ਼ਾਮ ਹੀ ਸੇਵਾਦਾਰ ਜਾਂਦੇ ਨੇ। ਜਦ ਸੇਵਾਦਾਰ ਨੇ ਜਾ ਕੇ ਦੇਖਿਆ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਖਾਲਸਾ ਦੀ ਬਲੱਡ ਸ਼ੂਗਰ 60 ਰਹਿ ਗਈ ਸੀ, ਜਿਵੇਂ ਕਿਵੇਂ ਕਰਕੇ ਸਾਢੇ 8 ਵਜੇ ਤੱਕ ਉਸ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਉਸ ਤੋਂ ਬਾਅਦ ਗੁਰਦਿਆਂ ਅਤੇ ਜਿਗਰ ’ਤੇ ਮਾੜਾ ਅਸਰ ਹੋਇਆ ਹੈ, ਪੇਟ ਫੁਲ ਗਿਆ ਹੈ, ਪਿਸ਼ਾਬ ਵਿੱਚ ਖੂਨ ਆ ਰਿਹਾ ਹੈ।
ਦੂਸਰੇ ਪਾਸੇ ਹਾਲਾਤ ਇਹ ਹਨ ਕਿ ਪੁਲਿਸ ਭਾਈ ਗੁਰਜੀਤ ਸਿੰਘ ਨੂੰ ਬੇਹੋਸ਼ ਕਰਕੇ ਹੇਠਾਂ ਲਿਆ ਕੇ ਮੋਰਚਾ ਖਤਮ ਕਰਨਾ ਚਾਹੁੰਦੀ ਹੈ, ਜਿਸ ਲਈ ਸੇਵਾਦਾਰਾਂ ਨੂੰ ਪੈਸੇ ਦੇ ਵੱਡੇ ਲਾਲਚ ਦਿੱਤੇ ਜਾ ਰਹੇ ਹਨ ਪਰ ਭਾਈ ਸਾਹਿਬ ਸਮੇਤ ਸਾਰੇ ਸਿੰਘ ਆਪਣੇ ਨਿਸ਼ਚੇ ’ਤੇ ਅਡੋਲ ਹਨ।
ਇਸ ਮੌਕੇ ਭਾਈ ਰਜਿੰਦਰ ਸਿੰਘ ਸਰਪੰਚ ਅਤੇ ਸਰੂਪ ਸਿੰਘ ਸੱਦਾ ਨੇ ਕਿਹਾ ਕਿ ਇਹ ਸਾਰਾ ਘਟਨਾਕ੍ਰਮ ਜਿੱਥੇ ਚਿੰਤਾਜਨਕ ਹੈ, ਉੱਥੇ ਸਿੱਖ ਕੌਮ ਵਾਸਤੇ ਇੱਕ ਪੱਖ ਤੋਂ ਸ਼ਰਮਨਾਕ ਘਟਨਾਵਾਂ ਵੀ ਨੇ ਕਿ ਪਿਛਲੇ ਛੇ ਮਹੀਨਿਆਂ ਵਿੱਚ ਬਹੁਤ ਥੋੜ੍ਹੀਆਂ ਸਿੱਖ ਸੰਸਥਾਵਾਂ ਨੇ ਹੀ ਮੋਰਚੇ ਵਿੱਚ ਹਾਜ਼ਰੀ ਭਰੀ ਹੈ, ਜਦਕਿ ਜ਼ਿਆਦਾਤਰ ਸੰਪ੍ਰਦਾਵਾਂ, ਨਿਹੰਗ ਸਿੰਘ ਦਲਾਂ, ਮਿਸ਼ਨਰੀ ਕਾਲਜਾਂ, ਸਿੱਖ ਪ੍ਰਚਾਰਕਾਂ, ਕਥਾਵਾਚਕਾਂ, ਕਵੀਸ਼ਰਾਂ, ਢਾਡੀਆਂ, ਕੀਰਤਨੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ-ਸ਼ਾਨ ਲਈ ਲੱਗੇ ਮੋਰਚੇ ਦੇ ਹੱਕ ਵਿੱਚ ਨਾ ਤਾਂ ਆਵਾਜ਼ ਬੁਲੰਦ ਕੀਤੀ ਹੈ ਅਤੇ ਨਾ ਹੀ ਹੀ ਸਮਾਣੇ ਪਹੁੰਚ ਕੇ ਤਿਲ-ਤਿਲ ਕਰਕੇ ਮਰ ਰਹੇ ਭਾਈ ਗੁਰਜੀਤ ਸਿੰਘ ਦੇ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਉਹਨਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਮੋਰਚੇਤੇ ਪਹੁੰਚਣ ਲਈ ਧੰਨਵਾਦ ਕੀਤਾ।
ਸੰਖੇਪ: ਭਾਈ ਖਾਲਸਾ 400 ਫੁੱਟੀ ਟਾਵਰ ‘ਤੇ ਚੜ੍ਹ ਕੇ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਮੰਗ ਕਰ ਰਹੇ ਹਨ। ਇਹ ਪ੍ਰਦਰਸ਼ਨ ਤਣਾਅਪੂਰਨ ਮਾਹੌਲ ਵਿੱਚ ਹੋ ਰਿਹਾ ਹੈ।