ਚੰਡੀਗੜ੍ਹ, 27 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):-
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਭਗਵੰਤ ਸਿੰਘ ਮਾਨ ਸਰਕਾਰ ਵਲੋਂ ਡੇਰਾਬੱਸੀ ਹਲਕੇ ਨੂੰ ਵੱਡਾ ਤੋਹਫ਼ਾ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 10.01 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਡੇਰਾਬੱਸੀ-ਮੁਬਾਰਿਕਪੁਰ-ਰਾਮਗੜ੍ਹ ਸੜਕ ਦਾ ਨੀਹ ਪੱਥਰ ਰੱਖਿਆ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 27 ਅਕਤੂਬਰ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਵਲੋਂ ਡੇਰਾਬੱਸੀ ਹਲਕੇ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾਬੱਸੀ-ਮੁਬਾਰਿਕਪੁਰ-ਰਾਮਗੜ੍ਹ ਸੜਕ (ਲੰਬਾਈ 7.40 ਕਿਲੋਮੀਟਰ) ਦੇ ਨਿਰਮਾਣ ਕੰਮ ਦਾ ਨੀਹ ਪੱਥਰ ਰੱਖ ਕੇ ਸ਼ੁਰੂਆਤ ਕਰਵਾਈ। ਇਹ ਪ੍ਰੋਜੈਕਟ 10.01 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ।
ਵਿਧਾਇਕ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਇਸ ਵੱਡੀ ਮੰਗ ਨੂੰ ਮੰਨਣ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਡੇਰਾਬੱਸੀ ਤੋਂ ਰਾਮਗੜ੍ਹ ਤੱਕ ਖਸਤਾ ਹਾਲਤ ਸੜਕ ਨੂੰ ਪੂਰੀ ਮਜ਼ਬੂਤੀ ਨਾਲ ਦੁਬਾਰਾ ਬਣਾਇਆ ਜਾਵੇਗਾ। ਬਣਾਉਣ ਉਪਰੰਤ ਇਸ ਦੀ ਪੰਜ ਸਾਲ ਦੀ ਦੇਖ ਰੇਖ ਵੀ ਸਬੰਧਤ ਉਸਾਰੀ ਕੰਪਨੀ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸੁੰਡਰਾਂ ਜੰਕਸ਼ਨ ਅਤੇ ਮੋੜ ਠੀਕਰੀ ਲਿੰਕ ਰੋਡ ਤੋਂ ਦਫ਼ਰਪੁਰ ਤੱਕ ਦੇ ਹਿੱਸੇ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਸੁਧਾਰਿਆ ਜਾਵੇਗਾ। ਲਗਭਗ ਚਾਰ ਕਿਲੋਮੀਟਰ ਲੰਬਾਈ ਤੱਕ ਸੜਕ ਦੇ ਦੋਵਾਂ ਪਾਸਿਆਂ ‘ਤੇ ਬਰਮ ਵੀ ਪੱਕੇ ਕੀਤੇ ਜਾਣਗੇ। ਸੜਕ ਦੀ ਸੁਰੱਖਿਆ ਲਈ ਰੋਡ ਸਾਈਨ, ਡਿਵਾਈਡਰ ਲਾਈਨਾਂ ਅਤੇ ਹੋਰ ਸੜਕ ਸਾਜੋ-ਸਾਮਾਨ ਵੀ ਲਗਾਏ ਜਾਣਗੇ।
ਸ. ਰੰਧਾਵਾ ਨੇ ਕਿਹਾ ਕਿ ਪ੍ਰੋਜੈਕਟ ਦੀ ਪਹਿਲੀ ਤਰਜੀਹ ਮੁਬਾਰਿਕਪੁਰ-ਸੁੰਡਰਾਂ ਚੌਰਾਹੇ, ਮੁਬਾਰਿਕਪੁਰ ਅੰਡਰਪਾਸ ਅਤੇ ਦਫ਼ਰਪੁਰ ਮੋੜ ਦੀ ਮੁਰੰਮਤ ਹੋਵੇਗੀ, ਜਿਸ ਦਾ ਕੰਮ ਜੇ ਮੌਸਮ ਅਨੁਕੂਲ ਰਿਹਾ ਤਾਂ ਦੋ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।
ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸੜਕ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਰਾਮਗੜ੍ਹ ਰੋਡ ਦੇ ਨਾਲ ਸਥਿਤ ਉਦਯੋਗਾਂ ਅਤੇ ਸਟੋਨ ਕਰਸ਼ਰਾਂ ਦੇ ਮਾਲਕਾਂ ਨੂੰ ਬੇਨਤੀ ਕੀਤੀ ਕਿ ਉਹ ਸੜਕ ਦੀ ਮਜ਼ਬੂਤੀ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਤਾਂ ਜੋ ਕੰਮ ਬੇਹਤਰ ਢੰਗ ਨਾਲ ਹੋ ਸਕੇ।
ਸ. ਰੰਧਾਵਾ ਨੇ ਸਥਾਨਕ ਨਿਵਾਸੀਆਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਕੁਝ ਮਹੀਨਿਆਂ ਲਈ ਧੀਰਜ ਰੱਖਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਸੜਕ ਦਾ ਨਵੀਨੀਕਰਨ ਸੁਚਾਰੂ ਤਰੀਕੇ ਨਾਲ ਪੂਰਾ ਹੋ ਸਕੇ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ, ਪ੍ਰਮੁੱਖ ਸਖਸ਼ੀਅਤਾਂ ਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਤੇ ਵੱਡੀ ਗਿਣਤੀ ਚ ਸਥਾਨਕ ਲੋਕ ਮੌਜੂਦ ਸਨ।
