CM Mann

28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਕੇਂਦਰ ਸਰਕਾਰ ਨੇ ਹਰਿਆਣਾ ਦੇ ਇਕ ਸੀਨੀਅਰ ਅਫ਼ਸਰ ਬੀਐੱਸ ਨਾਰਾ, ਚੀਫ ਇੰਜੀਨਿਅਰ ਨੂੰ ਭਾਖੜਾ ਬਿਆਸ ਮੈਨੇਜਮੈਟ ਬੋਰਡ ਦਾ ਮੈਂਬਰ (ਸਿੰਚਾਈ) ਨਿਯੁਕਤ ਕੀਤਾ ਹੈ। ਜਾਰੀ ਹੁਕਮ ਅਨੁਸਾਰ ਨਾਰਾ ਦੀ ਇਹ ਨਿਯੁਕਤੀ ਛੇ ਮਹੀਨਿਆਂ ਲਈ ਜਾਂ ਫਿਰ ਨਵੀ ਨਿਯੁਕਤੀ ਹੋਣ ਤੱਕ ਕੀਤੀ ਗਈ ਹੈ। ਬੀਬੀਐੱਮਬੀ ’ਚ ਪੰਜਾਬ ਦਾ 60 ਫ਼ੀਸਦੀ, ਹਰਿਆਣਾ ਤੇ ਰਾਜਸਥਾਨ ਦਾ 20-20 ਫ਼ੀਸਦੀ ਸ਼ੇਅਰ ਹੈ ਤੇ ਹੁਣ ਤੱਕ ਮੈਂਬਰ (ਸਿੰਚਾਈ) ਦੇ ਅਹੁਦੇ ਲਈ ਪੰਜਾਬ ਕਾਡਰ ਦਾ ਅਧਿਕਾਰੀ ਨਿਯੁਕਤ ਕਰਨ ਦੀ ਮੰਗ ਕਰਦਾ ਆ ਰਿਹਾ ਹੈ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਮੈਂਬਰ ਸਿੰਚਾਈ ਦੇ ਅਹੁਦੇ ’ਤੇ ਪੰਜਾਬ ਦਾ ਅਧਿਕਾਰੀ ਨਿਯੁਕਤ ਕਰਨ ਦੀ ਦਲੀਲ ਦਿੱਤੀ ਹੈ ਕਿ ਨਦੀਆਂ ਪੰਜਾਬ ਹਿੱਸੇ ’ਚ ਨਿਕਲਦੀਆਂ ਹਨ। ਇਸ ਲਈ ਮੈਂਬਰ ਸਿੰਚਾਈ ਦਾ ਅਹੁੱਦਾ ਪੰਜਾਬ ਨੂੰ ਦਿੱਤਾ ਜਾਵੇ। ਇੱਥੇ ਦੱਸਿਆ ਜਾਂਦਾ ਹੈ ਕਿ ਮੈਂਬਰ ਪਾਵਰ ਦੇ ਅਹੁਦੇ ’ਤੇ ਪੰਜਾਬ ਕਾਡਰ ਦਾ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਨਾਰਾ ਦੀ ਨਿਯੁਕਤੀ ਉਦੋਂ ਹੋਈ ਹੈ, ਜਦੋਂ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਮਾਮਲਾ ਹਾਈਕੋਰਟ ’ਚ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਭਾਖੜਾ ਡੈਮ ’ਤੇ ਸੀਆਈਐੱਸਐੱਫ (ਕੇਂਦਰੀ ਸੁਰੱਖਿਆ ਬਲ) ਦੀ ਤਾਇਨਾਤੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।

ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ’ਚ ਹਰਿਆਣਾ ਵੱਲੋਂ ਬੀਬੀਐਮਬੀ ’ਤੇ ਕਬਜ਼ਾ ਕਰਨ ਦਾ ਮੁੱਦਾ ਚੁੱਕਣ ’ਚ ਅਸਫਲ ਰਹਿਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦੇ ਚੁੱਕਣ ਦੇ ਬਜਾਏ ਮੁੱਖ ਮੰਤਰੀ ਤਾਂ ਕੇਂਦਰ ਸਰਕਾਰ ਨੂੰ ਖੁਸ਼ ਕਰਨ ’ਚ ਲੱਗੇ ਰਹੇ।

ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੇ ਸੀਨੀਅਰ ਅਫ਼ਸਰ ਨੂੰ ਬੀਬੀਐੱਮਬੀ ਦਾ ਮੈਂਬਰ ਸਿੰਜਾਈ ਨਿਯੁਕਤ ਕਰਨਾ, ਪੰਜਾਬ ਨਾਲ ਧੋਖਾ ਹੈ ਤੇ ਮੁੱਖ ਮੰਤਰੀ ਮੈਂਬਰ ਪੰਜਾਬ ਦੇ ਅਫ਼ਸਰਾਂ ਵਿਚੋਂ ਨਿਯੁਕਤ ਕਰਨ ਦੀ ਲੋੜ ਦਾ ਮੁੱਦਾ ਚੁੱਕ ਹੀ ਨਹੀਂ ਸਕੇ। ਮਜੀਠੀਆ ਨੇ ਕਿਹਾ ਕਿ ਕੋਈ ਠੋਸ ਕਦਮ ਚੁੱਕਣ ਦੀ ਥਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਧਰਨੇ ਦੇਣ ਦਾ ਡਰਾਮਾ ਕੀਤਾ, ਜਿਸ ਨਾਲ ਸੂਬੇ ਦੇ ਹਿੱਤਾਂ ਨਾਲ ਹੋਰ ਸਮਝੌਤਾ ਹੋ ਗਿਆ ਕਿਉਂਕਿ ਕੇਂਦਰ ਸਰਕਾਰ ਨੇ ਨੰਗਲ ਡੈਮ ’ਤੇ ਨੀਮ ਫੌਜੀ ਦਸਤੇ ਸੁਰੱਖਿਆ ਵਾਸਤੇ ਤਾਇਨਾਤ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।

ਸੰਖੇਪ: BBMB ’ਚ ਹਰਿਆਣਾ ਅਧਿਕਾਰੀ ਦੀ ਨਿਯੁਕਤੀ ’ਤੇ SAD ਨੇ CM ਮਾਨ ’ਤੇ ਸਵਾਲ ਉਠਾਏ। ਪੰਜਾਬ ਦੇ ਹਿੱਸੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।