ਬਟਾਲਾ, 08 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਹੁਣ ਬਟਾਲਾ ਸਿਟੀ ਪੁਲਿਸ ਨੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਜ਼ਿਕਰਯੋਗ ਹੈ ਕਿ ਬਟਾਲਾ ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦੋ ਵੱਖ-ਵੱਖ ਕਤਲ ਮਾਮਲਿਆਂ ਸਬੰਧੀ 29 ਅਕਤੂਬਰ ਦੀ ਰਾਤ ਨੂੰ ਅਸਾਮ ਦੀ ਸਿੱਲਚਰ ਜੇਲ੍ਹ ਤੋਂ ਬਟਾਲਾ ਲੈ ਕੇ ਆਈ ਸੀ। 30 ਅਕਤੂਬਰ ਨੂੰ ਬਟਾਲਾ ਪੁਲਿਸ ਨੇ ਜੱਗੂ ਨੂੰ ਅਦਾਲਤ ’ਚ ਪੇਸ਼ ਕੀਤਾ ਤੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਲਿਆ ਸੀ। 2 ਅਕਤੂਬਰ ਨੂੰ ਉਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ, ਉਸ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਪੰਜ ਦਿਨ ਦਾ ਰਿਮਾਂਡ ਲਿਆ ਗਿਆ। ਸ਼ੁੱਕਰਵਾਰ ਨੂੰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖਤਮ ਹੋਣ ’ਤੇ ਉਸ ਨੂੰ ਮੁੜ ਬਟਾਲਾ ਅਦਾਲਤ ’ਚ ਸੀਨੀਅਰ ਜੱਜ ਅੱਗੇ ਪੇਸ਼ ਕੀਤਾ ਗਿਆ। ਥਾਣਾ ਸਿਟੀ ਪੁਲਿਸ ਨੇ ਉਸ ਨੂੰ 10 ਅਕਤੂਬਰ ਕਰਵਾ ਚੌਥ ਦੀ ਰਾਤ ਨੂੰ ਇਕ ਦੁਕਾਨ ਦੇ ਬਾਹਰ ਗੋਲ਼ੀ ਮਾਰ ਕੇ ਦੋ ਨੌਜਵਾਨਾਂ ਦੀ ਹੱਤਿਆ ਦੇ ਮਾਮਲੇ ’ਚ ਪੁੱਛਗਿੱਛ ਲਈ ਰਿਮਾਂਡ ‘ਤੇ ਲੈ ਲਿਆ ਹੈ। ਬਟਾਲਾ ਪੁਲਿਸ ਵੱਖ-ਵੱਖ ਮਾਮਲਿਆਂ ਸਬੰਧੀ ਜੱਗੂ ਤੋਂ ਪੁੱਛਗਿੱਛ ਕਰ ਰਹੀ ਹੈ, ਜਦਕਿ ਉਸਦੀ ਸੁਰੱਖਿਆ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਪੁਲਿਸ ਨੇ ਜੱਗੂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ’ਚ ਪੇਸ਼ ਕੀਤਾ ਤੇ ਉਸਦਾ ਰਿਮਾਂਡ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਦੋ ਮੋਟਰਸਾਈਕਲਾਂ ‘ਤੇ ਸਵਾਰ ਅੱਧਾ ਦਰਜਨ ਦੇ ਕਰੀਬ ਲੋਕਾਂ ਨੇ ਸਿਟੀ ਥਾਣਾ ਬਟਾਲਾ ਅਧੀਨ ਪੈਂਦੇ ਜੱਸਾ ਸਿੰਘ ਚੌਕ ‘ਤੇ ਸਥਿਤ ਚੰਦਾ ਬੂਟ ਹਾਊਸ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ ਸਰਬਜੀਤ ਸਿੰਘ ਤੇ ਕਨਵ ਮਹਾਜਨ ਸ਼ਾਮਲ ਸਨ।
