28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪਹਿਲਗਾਮ ਹਮਲੇ ਤੋਂ ਬਾਅਦ ਹੁਣ ਕਸ਼ਮੀਰ ’ਚ ਅੱਤਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਦੀ ਖੈਰ ਨਹੀਂ। ਪੂਰੀ ਵਾਦੀ ’ਚ ਅੱਤਵਾਦੀ ਨੈਟਵਰਕ ’ਤੇ ਤੇਜ਼ੀ ਨਾਲ ਹਮਲਾ ਜਾਰੀ ਹੈ। ਐਤਵਾਰ ਨੂੰ ਦੋ ਹੋਰ ਅੱਤਵਾਦੀਆਂ ਦੇ ਘਰ ਤਬਾਹ ਕਰ ਦਿੱਤੇ ਗਏ। ਦੋਵਾਂ ਅੱਤਵਾਦੀਆਂ ਦੀ ਪਹਿਲਗਾਮ ਹਮਲੇ ’ਚ ਸ਼ਮੂਲੀਅਤ ਮੰਨੀ ਜਾ ਰਹੀ ਹੈ। ਬੀਤੇ 48 ਘੰਟਿਆਂ ’ਚ ਕਸ਼ਮੀਰ ’ਚ 12 ਅੱਤਵਾਦੀਆਂ ਦੇ ਘਰ ਤਬਾਹ ਕੀਤੇ ਜਾ ਚੁੱਕੇ ਹਨ। ਓਧਰ ਹਮਲੇ ਤੋਂ ਬਾਅਦ ਤੋਂ ਹੀ ਕਸ਼ਮੀਰ ’ਚ 1500 ਤੋਂ ਵੱਧ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸਭ ਤੋਂ ਵੱਧ ਗ੍ਰਿਫ਼ਤਾਰੀਆਂ ਅਨੰਤਨਾਗ ’ਚ ਹੋਈਆਂ ਹਨ। ਉੱਥੇ ਹੀ ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਰਨਲ ਨਲਿਨ ਪ੍ਰਭਾਤ ਤੋਂ ਇਲਾਵਾ ਫ਼ੌਜ ਦੇ ਸੀਨੀਅਰ ਅਧਿਕਾਰੀ ਕਸ਼ਮੀਰ ’ਚ ਹਨ। ਉਹ ਹਰ ਜ਼ਿਲ੍ਹੇ ’ਚ ਜਾ ਕੇ ਅੱਤਵਾਦ ਰੋਕੂ ਮੁਹਿਮਾਂ ਦਾ ਜਾਇਜ਼ਾ ਲੈ ਰਹੇ ਹਨ। ਪੁਲਿਸ ਨੇ ਪਹਿਲਾ ਘਰ ਸ਼ੋਪੀਆ ’ਚ ਇਕ ਸਰਗਰਮ ਅੱਤਵਾਦੀ ਅਦਨਾਨ ਸ਼ਫੀ ਦਾ ਤਬਾਹ ਕਰ ਦਿੱਤਾ। ਜੈਨਾਪੋਰਾ ਦਾ ਰਹਿਣ ਵਾਲਾ ਸ਼ਫੀ ਇਕ ਸਾਲ ਪਹਿਲਾਂ ਅੱਤਵਾਦੀ ਬਣਿਆ ਹੈ। ਉਹ ਵੀ ਪਹਿਲਗਾਮ ’ਚ ਹੋਏ ਕਤਲੇਆਮ ’ਚ ਸ਼ਾਮਿਲ ਸੀ। ਇਸ ਕਤਲੇਆਮ ਨਾਲ ਜੁੜੇ ਇਕ ਹੋਰ ਅੱਤਵਾਦੀ ਦਾ ਘਰ ਵੀ ਤਬਾਹ ਕਰ ਦਿੱਤਾ ਗਿਆ। ਬਾਂਦੀਪੋਰਾ ਜ਼ਿਲ੍ਹੇ ਦੀ ਨਾਜ਼ ਕਾਲੋਨੀ ਸਥਿਤ ਘਰ ਜਮੀਨ ਅਹਿਮਦ ਗੋਜਰੀ ਦਾ ਸੀ। ਉਹ ਸਾਲ 2016 ’ਚ ਲਾਪਤਾ ਹੋਣ ਤੋਂ ਬਾਅਦ ਤੋਂ ਅੱਤਵਾਦੀ ਸਰਗਰਮੀਆਂ ’ਚ ਸ਼ਾਮਿਲ ਹੈ। ਉਸ ਦਾ ਤਿੰਨ ਮੰਜ਼ਿਲਾ ਘਰ ਸੀ। ਪੁਲਿਸ ਪ੍ਰਸ਼ਾਸਨ ਨੇ ਪਹਿਲਗਾਮ ਹਮਲੇ ਤੋਂ ਬਾਅਦ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਛੇੜੀ ਹੋਈ ਹੈ। ਜਿਨ੍ਹਾਂ ਅੱਤਵਾਦੀਆਂ ਦੀ ਵੀ ਭੂਮਿਕਾ ਹੈ, ਉਨ੍ਹਾਂ ਸਾਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਓਧਰ ਘੱਟ ਗਿਣਤੀ ਬਸਤੀਆਂ ਤੇ ਅਹਿਮ ਅਦਾਰਿਆਂ ਦੀ ਸੁਰੱਖਿਆ ਵਧਾਈ ਗਈ ਹੈ। ਨਿਗਰਾਨੀ ਲਈ ਡ੍ਰੋਨ ਵੀ ਉਡਾਏ ਜਾ ਰਹੇ ਹਨ।
ਸੰਖੇਪ: ਬਾਂਦੀਪੋਰਾ ਅਤੇ ਸ਼ੋਪੀਆ ਵਿੱਚ ਵੱਡੀ ਕਾਰਵਾਈ ਦੌਰਾਨ, 48 ਘੰਟਿਆਂ ਵਿੱਚ 12 ਅੱਤਵਾਦੀਆਂ ਦੇ ਘਰ ਢਾਹੇ ਗਏ। ਪੁਲਿਸ ਨੇ ਸਖ਼ਤ ਰਵੱਈਆ ਅਪਣਾਇਆ।