ਚੰਡੀਗੜ੍ਹ, 14 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੀ ਤੁਲਨਾ ਨੈਟਫਲਿਕਸ ‘ਤੇ ਪ੍ਰਸਾਰਿਤ “ਜੁਗਨੂੰ ਹਾਜ਼ਿਰ ਹੈ” ਪ੍ਰੋਗਰਾਮ ਨਾਲ ਕਰਦਿਆਂ ਕਿਹਾ ਕਿ ਮੌਜੂਦਾ ਸੈਸ਼ਨ ਕਿਸੇ ਕੰਮ ਦਾ ਨਹੀਂ। ਇਸ ਵਿਚ ਨਾ ਕੋਈ ਚਰਚਾ ਕੀਤੀ ਗਈ ਤੇ ਨਾ ਹੀ ਕਿਸੇ ਵਰਗ ਲਈ ਕੋਈ ਨੀਤੀ ਲਿਆਂਦੀ ਗਈ ਹੈ। ਕਾਬਿਲੇ ਗ਼ੌਰ ਹੈ ਕਿ “ਜੁਗਨੂੰ ਹਾਜ਼ਿਰ ਹੈ” ਮੁੱਖ ਮੰਤਰੀ ਭਗਵੰਤ ਮਾਨ ਦੇ ਉਨ੍ਹਾਂ ਦਿਨਾਂ ਦਾ ਪ੍ਰੋਗਰਾਮ ਹੈ ਜਦੋਂ ਉਹ ਇਕ ਕਲਾਕਾਰ ਦੇ ਤੌਰ ‘ਤੇ ਆਪਣਾ ਕਰੀਅਰ ਬਣਾ ਰਹੇ ਸਨ।

ਬਾਜਵਾ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਇਕ ਵੱਡਾ ਘੁਟਾਲਾ ਹੈ ਤੇ ਕਰੋੜਾਂ ਰੁਪਏ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਇੱਥੋਂ ਚੋਰੀ ਕਰ ਕੇ ਲੈ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਕ ਇੰਚ ਜ਼ਮੀਨ ਵੀ ਇਨ੍ਹਾਂ ਨੂੰ ਨਾ ਦੇਣ, ਕਿਉਂਕਿ ਡੇਢ ਸਾਲ ਬਾਅਦ ਜਦੋਂ ਇਨ੍ਹਾਂ ਦੀ ਸਰਕਾਰ ਚਲੀ ਜਾਵੇਗੀ ਤਾਂ ਕੋਈ ਵੀ ਵਿਅਕਤੀ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਾਵਰ ਮੁੱਖ ਸਕੱਤਰ ਨੂੰ ਦੇ ਦਿੱਤੀ ਗਈ ਹੈ, ਜੋ 2027 ‘ਚ ਰਿਟਾਇਰ ਹੋ ਜਾਣਗੇ। ਅਰਵਿੰਦ ਕੇਜਰੀਵਾਲ ਨੇ ਕਿਸੇ ਫਾਈਲ ‘ਤੇ ਕੋਈ ਸਾਈਨ ਨਹੀਂ ਕੀਤੇ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੂਲਿੰਗ ਨਾਲ ਸੰਬੰਧਤ ਕਿਸੇ ਫਾਈਲ ‘ਤੇ ਸਾਈਨ ਕੀਤੇ ਹਨ।

ਵਿਰੋਧੀ ਆਗੂ ਨੇ ਇਹ ਵੀ ਕਿਹਾ ਕਿ ਸੈਸ਼ਨ ਨੂੰ ਦੋ ਦਿਨ ਜ਼ਰੂਰ ਵਧਾਇਆ ਗਿਆ ਹੈ, ਪਰ ਜਿਨ੍ਹਾਂ ਮੰਗਾਂ ਲਈ ਇਹ ਵਧਾਇਆ ਗਿਆ ਹੈ, ਉਹ ਇਸ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਲੈਂਡ ਪੂਲਿੰਗ ਨੀਤੀ ‘ਤੇ ਚਰਚਾ ਚਾਹੁੰਦੀ ਸੀ, ਨਾਲ ਹੀ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ‘ਤੇ ਵੀ ਚਰਚਾ ਕਰਵਾਉਣਾ ਚਾਹੁੰਦਾ ਸੀ, ਪਰ ਸਰਕਾਰ ਦੋਹਾਂ ਤੋਂ ਭੱਜ ਗਈ ਹੈ।

ਅੱਜ ਵੀ ਜੋ ਸੈਸ਼ਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ, ਉਸ ਵਿਚ ਕਿਸੇ ਕਿਸਮ ਦੀ ਕੋਈ ਚਰਚਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬੇਅਦਬੀ ਵਰਗਾ ਵੱਡਾ ਪ੍ਰਸਤਾਵ ਲਿਆਂਦਾ ਰਿਹਾ ਹੈ, ਪਰ ਪ੍ਰਮੁੱਖ ਵਿਰੋਧੀ ਪਾਰਟੀਆਂ ਨੂੰ ਹੀ ਨਹੀਂ ਪਤਾ ਕਿ ਇਸ ਵਿਚ ਕੀ ਹੈ?

ਸੰਖੇਪ: ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਸੈਸ਼ਨ ਨੂੰ ਬੇਅਸਰ ਅਤੇ ਨਾਟਕੀ ਕਰਾਰ ਦਿੰਦਿਆਂ ਲੈਂਡ ਪੂਲਿੰਗ ‘ਤੇ ਚਰਚਾ ਨਾ ਹੋਣ ‘ਤੇ ਸਰਕਾਰ ਨੂੰ ਘੇਰਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।