ਜੰਮੂ, 12 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਜੰਮੂ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਬੁੱਧਵਾਰ ਰਾਤ ਇਕ ਵਿਆਹ ਸਮਾਗਮ ਦੌਰਾਨ ਗੋਲ਼ੀ ਚੱਲਣ ਕਾਰਨ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਵਾਲ-ਵਾਲ ਬਚ ਗਏ। ਉਨ੍ਹਾਂ ਦੇ ਨਾਲ ਮੌਜੂਦ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੂੰ ਛੱਰੇ ਲੱਗਣ ਕਾਰਨ ਮਾਮੂਲੀ ਸੱਟਾਂ ਲੱਗੀਆਂ ਹਨ। ਅਚਾਨਕ ਪਿੱਛਿਓਂ ਆ ਕੇ ਅਬਦੁੱਲਾ ਵੱਲ ਗੋਲ਼ੀ ਚਲਾਉਣ ਵਾਲੇ ਮੁਲਜ਼ਮ ਕਮਲ ਸਿੰਘ ਜਮਵਾਲ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ। ਉਪ ਮੁੱਖ ਮੰਤਰੀ ਚੌਧਰੀ ਬਾਅਦ ਵਿਚ ਮੀਡੀਆ ਸਾਹਮਣੇ ਆਏ ਤੇ ਦੱਸਿਆ ਕਿ ਸਾਰੇ ਸੁਰੱਖਿਅਤ ਹਨ।
ਫਾਰੂਕ ਅਬਦੁੱਲਾ ਤੇ ਸੁਰਿੰਦਰ ਚੌਧਰੀ ਨੈਸ਼ਨਲ ਕਾਨਫਰੰਸ ਦੇ ਹੋਰ ਆਗੂਆਂ ਨਾਲ ਗਾਂਧੀਨਗਰ ਵਿਚ ਗ੍ਰੇਟਰ ਕੈਲਾਸ਼ ਸਥਿਤ ਰਾਇਲ ਪਾਰਕ ਵਿਚ ਇਕ ਸੀਨੀਅਰ ਵਕੀਲ ਦੀ ਧੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਪੁੱਜੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਅਚਾਨਕ ਲਾਇਸੈਂਸ ਪ੍ਰਾਪਤ ਹਥਿਆਰ ਨਾਲ ਗੋਲ਼ੀ ਚਲਾ ਦਿੱਤੀ। ਗੋਲ਼ੀ ਚੱਲਣ ਨਾਲ ਉੱਥੇ ਤਰਥੱਲੀ ਮਚ ਗਈ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੂੰ ਹਥਿਆਰ ਤੋਂ ਨਿਕਲੇ ਛੱਰੇ ਲੱਗਣ ਕਾਰਨ ਮਾਮੂਲੀ ਸੱਟਾਂ ਲੱਗੀਆਂ।
ਮੌਕੇ ’ਤੇ ਮੌਜੂਦ ਡਾਕਟਰਾਂ ਤੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਤੁਰੰਤ ਮੁੱਢਲਾ ਇਲਾਜ ਮੁਹੱਈਆ ਕਰਵਾਇਆ। ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ ਸੁਰੱਖਿਅਤ ਹਨ। ਗੋਲ਼ੀ ਦੀ ਆਵਾਜ਼ ਸੁਣਦੇ ਹੀ ਮੌਕੇ ’ਤੇ ਤਾਇਨਾਤ ਪੁਲਿਸ ਤੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਕਾਬੂ ਕਰ ਲਿਆ।
ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ। ਸਮਾਗਮ ਵਿਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ ਦੇ ਕੁਝ ਵਰਕਰਾਂ ਨੇ ਗੋਲ਼ੀ ਚਲਾਉਣ ਵਾਲੇ ਦੀ ਕੁੱਟਮਾਰ ਕਰ ਦਿੱਤੀ। ਪੁਲਿਸ ਮੁਤਾਬਕ ਹਮਲਾਵਰ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਗੋਲ਼ੀ ਕਿਉਂ ਚਲਾਈ। ਘਟਨਾ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਦੇ ਆਦੇਸ਼ ਦਿੱਤੇ।
ਸੰਖੇਪ:-
