ਰੂਪਨਗਰ, 15 ਫਰਵਰੀ (ਪੰਜਾਬੀ ਖ਼ਬਰਨਾਮਾ)
ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਗ੍ਰਾਂਟ ਤਹਿਤ ਕਰੀਅਰ ਗਾਈਡੈਂਸ ਹੁਨਰ ਸੁਧਾਰ ਅਤੇ ਵਿਦਿਆਰਥੀ ਵਿਕਾਸ ਦੇ ਉਦੇਸ਼ ਅਨੁਸਾਰ ਵਿਦਿਆਰਥੀਆਂ ਦੇ ਉਦਯੋਗਿਕ ਇਕਾਈਆਂ ਦੇ ਕਰਾਏ ਜਾ ਰਹੇ ਦੌਰਿਆਂ ਦੀ ਲੜੀ ਤਹਿਤ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵਿੱਦਿਅਕ ਦੌਰਾ ਕੀਤਾ ਗਿਆ। ਜਿਸ ਨੂੰ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਵਿੱਦਿਅਕ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ 200 ਵਿਦਿਆਰਥੀਆਂ ਵੱਲੋਂ ਇਸ ਦੌਰੇ ਵਿੱਚ ਸ਼ਮੂਲੀਅਤ ਕੀਤੀ ਗਈ। ਯੂਨੀਵਰਸਿਟੀ ਕਮਿਊਨੀਕੇਸ਼ਨ ਸੈਂਟਰ ਦੇ ਅਧਿਕਾਰੀ ਸ. ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ, ਸਿਖਲਾਈ ਪ੍ਰੋਗਰਾਮਾਂ ਅਤੇ ਵੱਖ-ਵੱਖ ਫਾਰਮਾਂ ਸਬੰਧੀ ਜਾਣਕਾਰੀ ਦਿੱਤੀ।
ਸਕਿੱਲ ਡਵੈਲਪਮੈਂਟ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੈਂਟਰ ਵਿੱਚ ਕਰਵਾਏ ਜਾਂਦੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਡਾ. ਪ੍ਰੇਰਨਾ ਨੇ ਸਵੈ-ਰੁਜਗਾਰ ਦੇ ਕਿੱਤਿਆਂ ਨੂੰ ਕਰਨ ਲਈ ਸਿਖਲਾਈ ਪ੍ਰੋਗਰਾਮ ਅਤੇ ਸਰਕਾਰ ਵੱਲੋਂ ਦਿੱਤੇ ਜਾਂਦੇ ਕਰਜੇ ਤੇ ਲੋਨ ਸਬੰਧੀ ਜਾਗਰੂਕ ਕੀਤਾ।
ਸ਼ਹਿਦ ਮੱਖੀ ਫਾਰਮ ਦੇ ਮੁਖੀ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹਿਦ ਮੱਖੀ ਪਾਲਣ ਦੇ ਧੰਦੇ ਲਈ ਪ੍ਰੇਰਿਤ ਕੀਤਾ ਅਤੇ ਯੂਨੀਵਰਸਿਟੀ ਵਿੱਚ ਇਸ ਲਈ ਦਿੱਤੀ ਜਾਂਦੀ ਸਿਖਲਾਈ ਬਾਰੇ ਵੀ ਜਾਣਕਾਰੀ ਦਿੱਤੀ। ਇਸ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਦੀ ਪੇਂਡੂ ਸਭਿਅਤਾ ਦਾ ਮਿਊਜਿਮ ਅਤੇ ਉੱਤਰੀ ਭਾਰਤ ਦੇ ਜਲ ਅਤੇ ਸ਼ਕਤੀ ਸਾਧਨਾਂ ਦੇ ਮਿਊਜਿਅਮ ਦਾ ਦੌਰਾ ਕੀਤਾ ਅਤੇ ਇਸ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ।
ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਵੱਖ-ਵੱਖ ਫਾਰਮਾਂ ਵਿੱਚ ਨਵੀਆਂ ਤਕਨੀਕਾਂ ਤੇ ਬੀਜਾਂ ਨਾਲ ਪੈਦਾ ਕੀਤੀਆਂ ਜਾਂਦੀਆਂ ਫਸਲਾਂ ਦਾ ਵੀ ਨਰੀਖਣ ਕੀਤਾ ਗਿਆ। ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਬੇਹੱਦ ਜਾਣਕਾਰੀ ਭਰਪੂਰ ਰਿਹਾ।
ਇਸ ਵਿੱਦਿਅਕ ਟੂਰ ਦੀ ਅਗਵਾਈ ਪ੍ਰੋ. ਅਰਵਿੰਦਰ ਕੌਰ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਡਾ. ਨਰਿੰਦਰ ਕੌਰ, ਡਾ. ਨੀਰੂ ਚੋਪੜਾ, ਪ੍ਰੋ. ਡਿੰਪਲ, ਪ੍ਰੋ. ਲਵਲੀਨ ਵਰਮਾ, ਪ੍ਰੋ. ਗੁਰਦੀਪ ਸਿੰਘ ਅਤੇ ਪ੍ਰੋ. ਮਨਪ੍ਰੀਤ ਸਿੰਘ ਨੇ ਕੀਤੀ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ ਵੀ ਹਾਜ਼ਰ ਸਨ।