ਜਲੰਧਰ, 3 ਅਪ੍ਰੈਲ (ਪੰਜਾਬੀ ਖ਼ਬਰਨਾਮਾ):ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ’ਚ ਸ਼ਰਾਬ ਦੀ ਆਵਾਜਾਈ, ਭੰਡਾਰਨ, ਖ਼ਰੀਦ ਅਤੇ ਵਿਕਰੀ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਵੋਟਰਾਂ ਨੂੰ ਲੁਭਾਉਣ ਲਈ ਨਾਜਾਇਜ਼ ਸ਼ਰਾਬ ਦੀ ਵਰਤੋਂ ਖ਼ਿਲਾਫ਼ ਕਰੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਐਲ-17 ਲਾਇਸੰਸ ਹੋਲਡਰਾਂ, ਸ਼ਰਾਬ ਦੀ ਦੁਕਾਨ ਦੇ ਮਾਲਕਾਂ, ਵਾਈਨ ਸੈਲਰਾਂ/ਗੋਦਾਮ ਮਾਲਕਾਂ, ਮੈਰਿਜ ਪੈਲੇਸ ਮਾਲਕਾਂ, ਲਾਇਸੰਸਸ਼ੁਦਾ ਰੈਸਟੋਰੇਂਟ ਮਾਲਕਾਂ ਆਦਿ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਦੌਰਾਨ ਨਾਜਾਇਜ਼ ਸ਼ਰਾਬ ਦੀ ਵਰਤੋਂ ਦੀ ਰੋਕਥਾਮ ਲਈ ਆਬਕਾਰੀ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਸ਼ਰਾਬ ਦੀ ਸਪਲਾਈ ਅਤੇ ਵਿਕਰੀ ’ਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੌਕਸੀ ਲਈ ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਐਲ-17 ਲਾਇਸੰਸ ਹੋਲਡਰਾਂ, ਸ਼ਰਾਬ ਦੀ ਦੁਕਾਨ ਦੇ ਮਾਲਕਾਂ, ਵਾਈਨ ਸੈਲਰ/ ਗੋਦਾਮ ਮਾਲਕਾਂ, ਮੈਰਿਜ ਪੈਲੇਸ ਮਾਲਕਾਂ, ਲਾਇਸੰਸਸ਼ੁਦਾ ਰੈਸਟੋਰੇਂਟ ਮਾਲਕਾਂ ਨੂੰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਸ਼ਰਾਬ ਦੀ ਵਿਕਰੀ ਅਤੇ ਭੰਡਾਰਨ ਸਬੰਧੀ ਜੋ ਕੋਟਾ ਨਿਰਧਾਰਿਤ ਕੀਤਾ ਗਿਆ ਹੈ, ਉਸ ਅਨੁਸਾਰ ਸ਼ਰਾਬ ਦੇ ਰਿਕਾਰਡ ਨੂੰ ਮੈਨਟੇਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਜੇਕਰ ਕੋਈ ਵੀ ਸ਼ਰਾਬ ਦੀ ਗੈਰ ਕਾਨੂੰਨੀ ਕਾਰਵਾਈ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਮੈਰਿਜ ਪੈਲੇਸ ਮਾਲਕਾਂ ਨੂੰ ਹਦਾਇਤ ਕੀਤੀ ਕਿ ਸਬੰਧਤ ਅਧਿਕਾਰੀ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਸਿਆਸੀ ਇਕੱਠ ਦੀ ਇਜਾਜ਼ਤ ਨਾ ਦੇਣ।

ਡਾ. ਅਗਰਵਾਲ ਨੇ ਕਿਹਾ ਕਿ ਕਿਸੇ ਵੀ ਗੁਪਤ ਸੂਚਨਾ ਦੇ ਆਧਾਰ ’ਤੇ ਜਾਂ ਸਮੇਂ-ਸਮੇਂ ’ਤੇ ਕੀਤੀ ਜਾਂਦੀ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਜਾਂ ਨਿਰਧਾਰਿਤ ਸੀਮਾਂ ਤੋਂ ਵੱਧ ਮਾਤਰਾ ਵਿੱਚ ਸ਼ਰਾਬ ਦੀ ਵਿਕਰੀ ਜਾਂ ਭੰਡਾਰ ਹੋਣ ’ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਨੂੰ ਬਿਨਾ ਵਜ੍ਹਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਪਰ ਸ਼ਰਾਰਤੀ ਅਨਸਰਾਂ ਨੂੰ ਕਿਸੇ ਕੀਮਤ ਬਖਸ਼ਿਆ ਨਹੀਂ ਜਾਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਦੌਰਾਨ ਨਾਜਾਇਜ਼ ਸ਼ਰਾਬ ਦੀ ਵਰਤੋਂ ਅਤੇ ਵਿਕਰੀ ਦੀ ਪੂਰਨ ਤੌਰ ’ਤੇ ਰੋਕਥਾਮ ਲਈ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੇ ਸਟਾਕ ਦੀ ਜਾਂਚ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਰਾਬ ਦੀ ਆਵਾਜਾਈ ’ਤੇ ਵੀ ਪੂਰੀ ਚੌਕਸੀ ਰੱਖੀ ਜਾਵੇ। ਉਨ੍ਹਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਨਾਲ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਅਤੇ ਦਾਖ਼ਲਾ ਪੁਆਇੰਟਾਂ ’ਤੇ ਵਾਹਨਾਂ ਦੀ ਚੈਕਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲਖਵਿੰਦਰ ਸਿੰਘ, ਐਸ.ਪੀ. ਜਸਰੂਪ ਕੌਰ ਬਾਠ, ਏ.ਡੀ.ਸੀ.ਪੀ. ਸੁਖਵਿੰਦਰ ਸਿੰਘ, ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।