ਚੰਡੀਗੜ੍ਹ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਮਿਲਿਆ ਹੈ। ਬੁੱਧਵਾਰ ਨੂੰ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਜਾਰੀ ਰਹੀ ਤੇ ਆਪ ਨੇ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 347 ਸੀਟਾਂ ’ਚੋਂ ਕਰੀਬ 63 ਫ਼ੀਸਦੀ ਯਾਨੀ 218 ’ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ 154 ਬਲਾਕ ਸੰਮਤੀਆਂ ਦੀਆਂ 2,838 ’ਚੋਂ ਆਪ ਦੇ ਖਾਤੇ ’ਚ ਕਰੀਬ 54 ਫ਼ੀਸਦੀ ਯਾਨੀ 1,531 ਸੀਟਾਂ ਆਈਆਂ। ਇਸ ਚੋਣ ’ਚ ਕਾਂਗਰਸ ਭਾਵੇਂ ਦੂਜੇ ਨੰਬਰ ’ਤੇ ਰਹੀ ਪਰ ਸਾਲ 2018 ਦੇ ਮੁਕਾਬਲੇ ਉਸਨੂੰ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੇ ਮੁਕਾਬਲੇ ਘੱਟ ਸੀਟਾਂ ਮਿਲੀਆਂ ਹਨ। ਇਸ ਵਾਰੀ ਕਾਂਗਰਸ ਦੇ ਖਾਤੇ ’ਚ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 62 ਤੇ ਬਲਾਕ ਸੰਮਤੀਆਂ ਦੀਆਂ 612 ਸੀਟਾਂ ਆਈਆਂ ਹਨ। 2018 ’ਚ ਕਾਂਗਰਸ ਨੂੰ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 331 ਤੇ ਬਲਾਕ ਸੰਮਤੀਆਂ ’ਚ 2,351 ਸੀਟਾਂ ਮਿਲੀਆਂ ਸਨ। ਇਸ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਖ-ਵੱਖ ਚੋਣ ਲੜਨ ਦੇ ਬਾਵਜੂਦ ਆਪਣੀਆਂ ਸੀਟਾਂ ਵਧਾਉਣ ’ਚ ਕਾਮਯਾਬ ਰਹੀਆਂ ਹਨ। ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 46 ਤੇ ਬਲਾਕ ਸੰਮਤੀਆਂ ਦੀਆਂ 445 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਭਾਜਪਾ ਨੇ ਸੱਤ ਤੇ 73 ਸੀਟਾਂ ਜਿੱਤੀਆਂ। ਇਸ ਤੋਂ ਪਹਿਲੇ ਸਾਲ 2018 ’ਚ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 18 ਤੇ ਬਲਾਕ ਸੰਮਤੀਆਂ ਦੀਆਂ 353 ਤੇ ਭਾਜਪਾ ਨੇ ਕ੍ਰਮਵਾਰ ਦੋ ਤੇ 62 ਸੀਟਾਂ ਜਿੱਤੀਆਂ ਸਨ। ਇਸ ਚੋਣ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪ੍ਰਚੰਡ ਜਿੱਤ ਹਾਸਲ ਕੀਤੀ ਹੈ ਪਰ ਤਿੰਨ ਜ਼ਿਲ੍ਹਾ ਪ੍ਰੀਸ਼ਦਾਂ ’ਚ ਵਿਰੋਧੀ ਧਿਰ ਦਾ ਚੇਅਰਮੈਨ ਬਣਨਾ ਤੈਅ ਹੈ। ਜਲੰਧਰ, ਫ਼ਰੀਦਕੋਟ, ਰੂਪਨਗਰ, ਕਪੂਰਥਲਾ ਤੇ ਲੁਧਿਆਣਾ ’ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਇਸੇ ਤਰ੍ਹਾਂ ਫ਼ਰੀਦਕੋਟ ਤੇ ਰੂਪਨਗਰ ’ਚ ਕਿਸ ਪਾਰਟੀ ਦਾ ਚੇਅਰਮੈਨ ਬਣੇਗਾ, ਇਸਦਾ ਫ਼ੈਸਲਾ ਉੱਥੋਂ ਦੇ ਸੰਸਦ ਮੈਂਬਰ ਦੀ ਵੋਟ ’ਤੇ ਨਿਰਭਰ ਕਰੇਗਾ। ਰੂਪਨਗਰ ’ਚ ਆਪ ਦਾ ਚੇਅਰਮੈਨ ਬਣਨਾ ਤੈਅ ਹੈ ਕਿਉਂਕਿ ਇੱਥੋਂ ਆਪ ਦੇ ਹੀ ਸੰਸਦ ਮੈਂਬਰ ਹਨ ਜਦਕਿ ਫ਼ਰੀਦਕੋਟ ਦੇ ਸੰਸਦ ਮੈਂਬਰ ਆਜ਼ਾਦ ਹਨ।

ਅੱਠ ਸਾਲਾਂ ਤੋਂ ਸਿਆਸੀ ਹਾਸ਼ੀਏ ’ਤੇ ਚੱਲ ਰਹੇ ਅਕਾਲੀ ਦਲ ਨੂੰ ਇਹ ਚੋਣ ਰਾਸ ਆਈ ਹੈ। ਤਮਾਮ ਮਾੜੇ ਹਾਲਾਤ ਦੇ ਬਾਵਜੂਦ ਅਕਾਲੀ ਦਲ ਬਠਿੰਡਾ ਤੇ ਮੁਕਤਸਰ ਜ਼ਿਲ੍ਹਾ ਪ੍ਰੀਸ਼ਦਾਂ ’ਚ ਆਪਣਾ ਚੇਅਰਮੈਨ ਬਣਾਉਣ ’ਚ ਕਾਮਯਾਬ ਰਿਹਾ ਹੈ। ਬਠਿੰਡਾ ਦੀਆਂ 17 ’ਚੋਂ 13 ਤੇ ਸ੍ਰੀ ਮੁਕਤਸਰ ਸਾਹਿਬ ਦੀਆਂ 13 ’ਚੋਂ 7 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਹਨ। ਨਵਾਂਸ਼ਹਿਰ ’ਚ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ’ਚੋਂ ਛੇ ਸੀਟਾਂ ਜਿੱਤ ਕੇ ਉੱਥੇ ਆਪਣਾ ਚੇਅਰਮੈਨ ਬਣਾਉਣਾ ਪੱਕਾ ਕੀਤਾ ਹੈ। ਪਹਿਲੀ ਵਾਰੀ ਇਕੱਲੇ ਚੋਣ ਲੜ ਰਹੀ ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ’ਚ ਆਪਣੀਆਂ ਸੀਟਾਂ ਜ਼ਰੂਰ ਵਧਾਈਆਂ ਹਨ, ਪਰ 2027 ’ਚ ਇਕੱਲੇ ਦਮ ’ਤੇ ਚੋਣ ਲੜਨ ਦਾ ਦਾਅਵਾ ਕਮਜ਼ੋਰ ਪੈ ਗਿਆ ਹੈ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਚੋਣ ’ਚ 20 ਜ਼ਿਲ੍ਹਿਆਂ ਤੇ ਬਲਾਕ ਸੰਮਤੀ ਚੋਣਾਂ ’ਚ 11 ਜ਼ਿਲ੍ਹਿਆਂ ’ਚ ਭਾਜਪਾ ਦਾ ਖਾਤਾ ਹੀ ਨਹੀਂ ਖੁੱਲ੍ਹ ਸਕਿਆ। ਜ਼ਿਲ੍ਹਾ ਪ੍ਰੀਸ਼ਦਾਂ ’ਚ ਭਾਜਪਾ ਨੂੰ ਪਠਾਨਕੋਟ ’ਚ 4 ਤੇ ਫਿਰੋਜ਼ਪੁਰ ’ਚ ਤਿੰਨ ਸੀਟਾਂ ਮਿਲੀਆਂ ਹਨ। ਦੱਸਣਯੋਗ ਹੈ ਕਿ 2018 ’ਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਆਮ ਤੌਰ ’ਤੇ ਪੰਜਾਬ ਦਾ ਇਹ ਰੁਝਾਨ ਰਿਹਾ ਹੈ ਕਿ ਸੂਬੇ ’ਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ’ਚ ਉਸੇ ਪਾਰਟੀ ਦਾ ਬੋਲਬਾਲਾ ਰਹਿੰਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।