ਸੰਗਰੂਰ, 17 ਅਪ੍ਰੈਲ (ਪੰਜਾਬੀ ਖ਼ਬਰਨਾਮਾ):ਜੂਨ ਮਹੀਨੇ ਵਿੱਚ ਪੈਣ ਵਾਲੀ ਗਰਮੀ ਅਤੇ ਲੂ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਅਤੇ ਚੋਣ ਅਮਲੇ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਯੋਜਨਾਬੱਧ ਢੰਗ ਨਾਲ ਪ੍ਰਬੰਧ ਕਰਨ ਲਈ ਮੁਢਲੇ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ, ਸਿਵਲ ਸਰਜਨ ਅਤੇ ਤਹਿਸੀਲਦਾਰ ਚੋਣਾਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਅਤੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੀਟ ਵੇਵ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਬਾਰੇ ਜਾਣੂ ਕਰਵਾਇਆ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਗਰਮੀ ਤੇ ਲੂ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਹਰੇਕ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਲਈ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ, ਛਾਂ ਅਤੇ ਹਵਾ ਦੇ ਪ੍ਰਬੰਧ ਵਜੋਂ ਸ਼ਾਮਿਆਨੇ, ਪੱਖੇ, ਹਾਈਡਰੇਸ਼ਨ ਸਟੇਸ਼ਨ ਜਿਵੇਂ ਸ਼ਰਬਤ, ਨਿੰਬੂ ਪਾਣੀ ਆਦਿ, ਜੋ ਵੀ ਉਪਲਬਧ ਕੀਤਾ ਜਾ ਸਕਦਾ ਹੋਵੇ, ਪੋਲਿੰਗ ਸਟੇਸ਼ਨ ਵਿਖੇ ਹੀ ਦਿਵਿਆਂਗ ਵੋਟਰਾਂ ਲਈ ਹਵਾਦਾਰ ਉਡੀਕ ਕਮਰੇ ਦੀ ਉਪਲਬਧਤਾ ਸਮੇਤ ਹੋਰ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਉਣਾ ਯਕੀਨੀ ਬਣਾਇਆ ਜਾਵੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕ ਹਿੱਤ ਵਿੱਚ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਗਰਮੀ ਅਤੇ ਲੂ ਜਿਹੀ ਸਥਿਤੀ ਤੋਂ ਬਚਾਅ ਲਈ ਅਹਿਤਿਆਤ ਵਜੋਂ ਸਵੇਰੇ 8 ਵਜੇ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਮੁਢਲੇ ਕੁਝ ਘੰਟਿਆਂ ਅੰਦਰ ਹੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਲਿਆ ਜਾਵੇ ਤਾਂ ਜੋ ਵੋਟਰਾਂ ਨੂੰ ਲੰਬਾ ਸਮਾਂ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ ਜਿਸ ਨਾਲ ਗਰਮੀ ਤੇ ਲੂ ਕਾਰਨ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਅਹਿਤਿਆਤ ਵਜੋਂ ਵੋਟਰ ਆਪਣੇ ਸਿਰ ਜਾਂ ਚਿਹਰੇ ’ਤੇ ਕੋਈ ਕੱਪੜਾ ਵੀ ਲੈ ਸਕਦੇ ਹਨ, ਤਾਂ ਜੋ ਤਿੱਖੀ ਧੁੱਪ ਤੋਂ ਬਚਿਆ ਜਾ ਸਕੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ’ਤੇ ਆਸ਼ਾ ਵਰਕਰਾਂ ਦੀ ਤਾਇਨਾਤੀ ਦੇ ਨਾਲ ਨਾਲ ਫਸਟ ਏਡ ਕਿੱਟਾਂ, ਓ.ਆਰ.ਐਸ ਘੋਲ ਅਤੇ ਹੋਰ ਢੁਕਵੀਂਆਂ ਮੈਡੀਕਲ ਸੁਵਿਧਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਗਰਮੀ ਤੇ ਲੂ ਤੋਂ ਬਚਾਅ ਲਈ ਲੋੜੀਂਦੇ ਮੈਡੀਕਲ ਪ੍ਰਬੰਧ ਮੌਕੇ ’ਤੇ ਮੌਜੂਦ ਹੋਣ।
ਮੀਟਿੰਗ ਦੌਰਾਨ 99-ਲਹਿਰਾ ਦੇ ਏ.ਆਰ.ਓ ਸੂਬਾ ਸਿੰਘ, 100-ਦਿੜ੍ਹਬਾ ਦੇ ਏ.ਆਰ.ਓ ਰਾਜੇਸ਼ ਕੁਮਾਰ ਸ਼ਰਮਾ, 101-ਸੁਨਾਮ ਦੇ ਏ.ਆਰ.ਓ ਪ੍ਰਮੋਦ ਸਿੰਗਲਾ, 107-ਧੂਰੀ ਦੇ ਏ.ਆਰ.ਓ ਅਮਿਤ ਗੁਪਤਾ ਅਤੇ 108-ਸੰਗਰੂਰ ਦੇ ਏ.ਆਰ.ਓ ਚਰਨਜੋਤ ਸਿੰਘ ਵਾਲੀਆ, ਨੋਡਲ ਅਫ਼ਸਰ ਸਵੀਪ ਵਿਨੀਤ ਕੁਮਾਰ, ਸਿਹਤ ਵਿਭਾਗ ਤੋਂ ਡਾ. ਅੰਜੂ ਸਿੰਗਲਾ ਤੇ ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਵੀ ਹਾਜ਼ਰ ਸਨ।
