ਡੇਰਾ ਬਾਬਾ ਨਾਨਕ/ਗੁਰਦਾਸਪੁਰ, 4 ਅਪ੍ਰੈਲ (ਪੰਜਾਬੀ ਖਬਰਨਾਮਾ)- ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਜੋ ਨੌਜਵਾਨ ਫ਼ੌਜ ਵਿੱਚ ਅਗਨੀਵੀਰ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਇੱਛੁਕ ਹਨ, ਉਨ੍ਹਾਂ ਲਈ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ ਟਰੇਨਿੰਗ ਕੈਂਪ ਸ਼ੁਰੂ ਹੋ ਚੁੱਕਾ ਹੈ।
ਸੀ-ਪਾਈਟ ਕੈਂਪ ਦੇ ਅਧਿਕਾਰੀ ਸੂਬੇਦਾਰ ਗੁਰਨਾਮ ਸਿੰਘ, ਐਜਡੂਟੈਂਟ/ਟਰੇਨਿੰਗ ਅਫ਼ਸਰ ਨੇ ਦੱਸਿਆ ਕਿ ਫ਼ੌਜ ਵਿੱਚ ਅਗਨੀਵੀਰ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਜਿਨ੍ਹਾਂ ਨੌਜਵਾਨਾਂ ਨੇ ਆਨਲਾਈਨ ਅਪਲਾਈ ਕੀਤਾ ਹੈ, ਉਨ੍ਹਾਂ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਹੋ ਚੁੱਕੀ ਹੈ, ਜੋ ਕਿ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਨੌਜਵਾਨਾਂ ਦੇ ਰਹਿਣ ਲਈ ਹੋਸਟਲ ਅਤੇ ਵਧੀਆ ਖਾਣੇ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਅੱਠਵੀਂ, ਦਸਵੀਂ, ਬਾਰ੍ਹਵੀਂ ਦੇ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫ਼ੋਟੋ ਕਾਪੀਆਂ ਦੇ ਨਾਲ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ ਜਲਦੀ ਤੋਂ ਜਲਦੀ ਪੁੱਜ ਕੇ ਫ਼ਾਇਦਾ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 6283031125, 9467456808 ਜਾਂ 9417420125 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।