ਰੋਪੜ, 21 ਮਾਰਚ 2024 (ਪੰਜਾਬੀ ਖ਼ਬਰਨਾਮਾ) – ਇੱਥੋਂ ਨੇੜਲੇ ਪਿੰਡ ਠੋਣਾ ਦੇ ਵਸਨੀਕ ਅਤੇ ‘ਅਮਰ ਸ਼ਹੀਦ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ’ ਵਿਖੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਮਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ/ਸੋਨੀਆ ਕੌਰ ਨੂੰ ਕਾਲਜ ਵੱਲੋਂ ਬੈਸਟ ਅਥਲੀਟ ਵਜੋਂ ਸਨਮਾਨਿਤ ਕੀਤਾ ਗਿਆ। ਜਿਸ ਬਾਰੇ ਮਨਜੀਤ ਦੇ ਕੋਚ ਰਾਜਨ ਕੁਮਾਰ (ਰਾਜਨ ਅਥਲੈਟਿਕਸ ਅਕੈਡਮੀ ਰੋਪੜ) ਨੇ ਦੱਸਿਆ ਕਿ ਇਹ ਖਿਡਾਰੀ ਹੁਣ ਤੱਕ 200 ਅਤੇ 400 ਮੀਟਰ ਦੌੜਾਂ ਵਿੱਚ ਜਿਲ੍ਹਾ ਪੱਧਰ ‘ਤੇ 3 ਗੋਲਡ, 3 ਸਿਲਵਰ ਤੇ 1 ਬ੍ਰਾਂਜ਼ ਮੈਡਲ ਜਿੱਤ ਚੁੱਕਿਆ ਹੈ। ਕੱਲ੍ਹ ਇਸ ਨੇ ਬੇਲਾ ਕਾਲਜ ਵਿਖੇ ਹੋਈ 50ਵੀਂ ਅਥਲੈਟਿਕ ਮੀਟ ਵਿੱਚ 100, 400, 1600 ਮੀਟਰ ਦੌੜਾਂ ਤੇ 4×100 ਮੀਟਰ ਰਿਲੇਅ ਵਿੱਚ ਗੋਲਡ ਅਤੇ 200 ‘ਚ ਸਿਲਵਰ ਮੈਡਲ ਜਿੱਤੇ। ਜਿਸ ਲਈ ਸਤਿੰਦਰ ਕੌਰ ਕਾਲਜ ਪ੍ਰਿੰਸੀਪਲ ਅਤੇ ਪ੍ਰਿਤਪਾਲ ਸਿੰਘ ਡੀਪੀਈ ਨੇ ਉਚੇਚੇ ਤੌਰ ‘ਤੇ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੁਰਪ੍ਰੀਤ ਕੌਰ ਇੰਟਰਨੈਸ਼ਨਲ ਵੈਟਰਨ ਅਥਲੀਟ, ਸੁਖਵਿੰਦਰ ਕੌਰ ਮਾਸਟਰ ਅਥਲੀਟ, ਸ. ਕੰਗ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।