ਕੈਨੇਡਾ 27 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ (CIHI) ਦੀ ਨਵੀਂ ਰਿਪੋਰਟ ਮੁਤਾਬਕ, ਸਾਲ 2025 ਦੌਰਾਨ ਕੈਨੇਡਾ ਵਿੱਚ 83 ਫ਼ੀਸਦੀ ਬਾਲਗਾਂ ਅਤੇ 89 ਫ਼ੀਸਦੀ ਬੱਚਿਆਂ ਕੋਲ ਮੁੱਢਲੀਆਂ ਸਿਹਤ ਸੇਵਾਵਾਂ ਲਈ ਕੋਈ ਨਾ ਕੋਈ ਸਿਹਤ ਸੇਵਾ ਪ੍ਰਦਾਤਾ ਮੌਜੂਦ ਸੀ। ਇਸ ਦੇ ਬਾਵਜੂਦ ਲਗਪਗ 60 ਲੱਖ ਕੈਨੇਡੀਅਨਾਂ ਕੋਲ ਨਿਯਮਤ ਸਿਹਤ ਸੇਵਾਵਾਂ ਹਾਸਲ ਕਰਨ ਲਈ ਕੋਈ ਪੱਕਾ ਪ੍ਰਬੰਧ ਨਹੀਂ ਹੈ।
ਰਿਪੋਰਟ ਅਨੁਸਾਰ, ਜਿਨ੍ਹਾਂ ਲੋਕਾਂ ਕੋਲ ਫੈਮਿਲੀ ਡਾਕਟਰ ਹਨ, ਉਨ੍ਹਾਂ ਵਿੱਚੋਂ ਸਿਰਫ਼ 26 ਫ਼ੀਸਦੀ ਬਾਲਗਾਂ ਅਤੇ 41 ਫ਼ੀਸਦੀ ਬੱਚਿਆਂ ਨੂੰ ਲੋੜ ਪੈਣ ‘ਤੇ ਉਸੇ ਦਿਨ ਜਾਂ ਅਗਲੇ ਦਿਨ ਡਾਕਟਰ ਦੀ ਮੁਲਾਕਾਤ ਲਈ ਸਮਾਂ ਮਿਲ ਸਕਿਆ।
ਰਿਪੋਰਟ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਦੇ ਮਾਮਲੇ ਵਿੱਚ ਆਰਥਿਕ ਅਤੇ ਨਸਲੀ ਅਸਮਾਨਤਾ ਵੀ ਸਾਹਮਣੇ ਆਈ ਹੈ। ਘੱਟ ਆਮਦਨ ਵਾਲੇ ਲੋਕਾਂ ਅਤੇ ਕਾਲੇ ਤੇ ਲਾਤੀਨੀ ਅਮਰੀਕੀ ਭਾਈਚਾਰਿਆਂ ਦੇ ਲੋਕਾਂ ਵਿੱਚ ਫੈਮਿਲੀ ਡਾਕਟਰ ਤੱਕ ਪਹੁੰਚ ਦੀ ਦਰ ਘੱਟ ਪਾਈ ਗਈ।
ਇਸ ਤੋਂ ਇਲਾਵਾ, ਘੱਟ ਆਮਦਨ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਅਜਿਹੀਆਂ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਵੀ ਵੱਧ ਹੈ, ਜਿਨ੍ਹਾਂ ਦਾ ਸਮੇਂ ਸਿਰ ਮੁੱਢਲੀਆਂ ਸਿਹਤ ਸੇਵਾਵਾਂ ਰਾਹੀਂ ਇਲਾਜ ਕੀਤਾ ਜਾ ਸਕਦਾ ਸੀ।
