ਨਵੀਂ ਦਿੱਲੀ 27 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਚੈਂਪੀਅਨਜ਼ ਟਰਾਫੀ-2025 ਤੋਂ ਬਾਅਦ ਸ਼ਮੀ ਟੀਮ ਦਾ ਹਿੱਸਾ ਨਹੀਂ ਬਣ ਸਕੇ। ਸ਼ੁਰੂਆਤ ‘ਚ ਉਨ੍ਹਾਂ ਨੇ ਵਾਪਸੀ ਲਈ ਕੋਸ਼ਿਸ਼ਾਂ ਕੀਤੀਆਂ ਤੇ ਉਮੀਦ ਵੀ ਰੱਖੀ, ਪਰ ਹੁਣ ਉਨ੍ਹਾਂ ਨੇ ਇਹ ਮਾਮਲਾ ਪੂਰੀ ਤਰ੍ਹਾਂ ਚੋਣਕਾਰਾਂ ‘ਤੇ ਛੱਡ ਦਿੱਤਾ ਹੈ। ਸ਼ਮੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੰਮ ਸਿਰਫ਼ ਆਪਣੀ ਖੇਡ ‘ਤੇ ਧਿਆਨ ਦੇਣਾ ਹੈ, ਬਾਕੀ ਚੋਣਕਾਰ ਜੋ ਵੀ ਕਰਨਗੇ, ਵਧੀਆ ਹੀ ਕਰਨਗੇ।

ਸ਼ਮੀ ਨੇ ਘਰੇਲੂ ਕ੍ਰਿਕਟ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਪਰ ਇਸ ਦੇ ਬਾਵਜੂਦ ਟੀਮ ‘ਚ ਵਾਪਸੀ ਨਹੀਂ ਹੋ ਸਕੀ। ਇਸੇ ਕਾਰਨ ਉਨ੍ਹਾਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਉਹ ਸਿਰਫ਼ ਵਨਡੇ ਅਤੇ ਟੀ-20 ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਘਰੇਲੂ ਕ੍ਰਿਕਟ ਅਤੇ ਆਈਪੀਐੱਲ ‘ਚ ਚੰਗਾ ਪ੍ਰਦਰਸ਼ਨ ਕਰਨ ‘ਤੇ ਧਿਆਨ ਦੇ ਰਹੇ ਹਨ।

ਆਪਣੀ ਖੇਡ ‘ਤੇ ਧਿਆਨ ਦੇਣਗੇ ਸ਼ਮੀ

ਕ੍ਰਿਕਇੰਫੋ ਨੇ ਸ਼ਮੀ ਦੇ ਹਵਾਲੇ ਨਾਲ ਲਿਖਿਆ, ’ਮੈਂ’ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚਣਾ ਛੱਡ ਦਿੱਤਾ ਹੈ। ਹੁਣ ਮੈਂ ਆਪਣੀ ਖੇਡ ‘ਤੇ ਧਿਆਨ ਦੇ ਰਿਹਾ ਹਾਂ। ਉਹ (ਚੋਣਕਾਰ) ਜੋ ਵੀ ਕਰਨਗੇ, ਵਧੀਆ ਹੀ ਕਰਨਗੇ। ਇਕ ਅਹਿਮ ਗੱਲ ਇਹ ਹੈ ਕਿ ਮੈਂ ਖੇਡਦਾ ਰਹਾਂ, ਆਪਣੀ ਲੈਅ ਬਣਾਈ ਰੱਖਾਂ ਤੇ ਆਪਣੇ ਸੂਬੇ ਤੇ ਆਈਪੀਐੱਲ ਲਈ ਖੇਡਦਾ ਰਹਾਂ।’ਸ਼ਮੀ ਨੇ ਕਿਹਾ, ‘ਜਦੋਂ ਤਕ ਤੁਹਾਨੂੰ ਕ੍ਰਿਕਟ ਪਸੰਦ ਹੈ ਅਤੇ ਤੁਸੀਂ ਇਸ ਦਾ ਆਨੰਦ ਲੈ ਰਹੇ ਹੋ, ਉਦੋਂ ਤਕ ਤੁਹਾਨੂੰ ਖੇਡਦੇ ਰਹਿਣਾ ਚਾਹੀਦਾ ਹੈ। ਇਹੀ ਮੇਰੀ ਪ੍ਰੇਰਣਾ ਹੈ। ਮੈਂ ਅਜੇ ਵੀ ਇਸ ਦਾ ਆਨੰਦ ਲੈ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਸੂਬੇ ਦੇ ਕੁਝ ਖਿਡਾਰੀ ਮੇਰੇ ਤੋਂ ਕੁਝ ਸਿੱਖਣਗੇ, ਕਿਉਂਕਿ ਤਜਰਬਾ ਕਾਫ਼ੀ ਮਾਅਨੇ ਰੱਖਦਾ ਹੈ। ਮੇਰਾ ਮੰਨਣਾ ਹੈ ਕਿ ਇਹ ਗੱਲ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਕਿੱਥੇ ਅਤੇ ਕਿਸ ਪੱਧਰ ‘ਤੇ ਖੇਡ ਰਹੇ ਹੋ। ਤੁਹਾਨੂੰ ਨੌਜਵਾਨ ਖਿਡਾਰੀਆਂ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੀਦਾ ਹੈ।’

ਸੰਨਿਆਸ ਨਾਲ ਕੋਈ ਲੈਣਾ-ਦੇਣਾ ਨਹੀਂ

ਸ਼ਮੀ ਨੇ ਕਿਹਾ ਹੈ ਕਿ ਘਰੇਲੂ ਟੂਰਨਾਮੈਂਟਾਂ ‘ਚ ਖੇਡਣ ਅਤੇ ਸੰਨਿਆਸ ਲੈਣ ਦਾ ਆਪਸ ‘ਚ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ, ‘ਮੇਰੇ ਟੂਰਨਾਮੈਂਟਾਂ ‘ਚ ਖੇਡਣ ਅਤੇ ਸੰਨਿਆਸ ਲੈਣ ਦਾ ਕੋਈ ਸਬੰਧ ਨਹੀਂ ਹੈ। ਮੈਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਮੈਂ ਸਫ਼ੈਦ ਗੇਂਦ ਨਾਲ ਕ੍ਰਿਕਟ ਖੇਡਦਾ ਰਹਾਂਗਾ ਤੇ ਜੇਕਰ ਫਿਟਨੈੱਸ ਸਾਬਤ ਕਰਨ ਲਈ ਲੋੜ ਪਈ ਤਾਂ ਲਾਲ ਗੇਂਦ ਨਾਲ ਵੀ ਖੇਡਾਂਗਾ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਉਹੀ ਰੁਟੀਨ ਹੈ, ਜਿਸ ਨੂੰ ਮੈਂ ਪਿਛਲੇ 15-20 ਸਾਲਾਂ ਤੋਂ ਅਪਣਾ ਰਿਹਾ ਹਾਂ।’

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।