ਵਾਸ਼ਿੰਗਟਨ 26 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕਾ ਨੇ 14 ਦੇਸ਼ਾਂ ਖ਼ਿਲਾਫ਼ ਨਵੇਂ ਟੈਰਿਫ ਲਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਭਾਰਤ ‘ਤੇ 17 ਫ਼ੀਸਦੀ ਵਾਧੂ ਟੈਰਿਫ ਲਗਾਇਆ ਜਾ ਸਕਦਾ ਹੈ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਸਮਝੌਤਾ ਨਹੀਂ ਹੁੰਦਾ ਤਾਂ ਇਹ ਦਰ ਵਧ ਕੇ 25 ਫ਼ੀਸਦੀ ਤੱਕ ਪਹੁੰਚ ਸਕਦੀ ਹੈ।
ਅਮਰੀਕੀ ਵਪਾਰ ਪ੍ਰਤੀਨਿਧੀ (USTR) ਨੇ ਬੁੱਧਵਾਰ ਨੂੰ ਸੈਕਸ਼ਨ 301 ਤਹਿਤ ਕੀਤੀ ਜਾਂਚ ਦੇ ਆਧਾਰ ‘ਤੇ ਇਹ ਪ੍ਰਸਤਾਵ ਪੇਸ਼ ਕੀਤਾ। ਜਾਂਚ ਵਿੱਚ ਇਨ੍ਹਾਂ ਦੇਸ਼ਾਂ ‘ਤੇ ਉਤਪਾਦਨ ਸਮਰੱਥਾ ਵਿੱਚ ਢਾਂਚਾਗਤ ਵਾਧੂ ਸਮਰੱਥਾ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਕੁੱਲ 14 ਦੇਸ਼ਾਂ ‘ਤੇ 15 ਤੋਂ 20 ਫ਼ੀਸਦੀ ਵਾਧੂ ਟੈਰਿਫ ਲਾਉਣ ਦੀ ਤਜਵੀਜ਼ ਹੈ। ਵਿਕਸਿਤ ਦੇਸ਼ਾਂ ਲਈ ਘੱਟ, ਜਦਕਿ ਚੀਨ, ਵੀਅਤਨਾਮ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਲਈ ਵੱਧ ਦਰਾਂ ਰੱਖੀਆਂ ਗਈਆਂ ਹਨ।
ਭਾਰਤ ਨੂੰ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਾਲੇ 18 ਫ਼ੀਸਦੀ ਟੈਰਿਫ ਬ੍ਰੈਕੇਟ ਵਿੱਚ ਰੱਖਣ ਦੇ ਬਾਵਜੂਦ 17 ਫ਼ੀਸਦੀ ਦੀ ਥੋੜ੍ਹੀ ਰਾਹਤ ਦਿੱਤੀ ਗਈ ਹੈ। ਹਾਲਾਂਕਿ, ਇਹ ਰਾਹਤ ਇਸ ਸ਼ਰਤ ‘ਤੇ ਨਿਰਭਰ ਕਰੇਗੀ ਕਿ ਫਰਵਰੀ ਵਿੱਚ ਅੰਤਿਮ ਰੂਪ ਦਿੱਤੇ ਗਏ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ‘ਤੇ ਸਮੇਂ ਸਿਰ ਦਸਤਖ਼ਤ ਹੋ ਜਾਣ। ਇਸ ਸਬੰਧੀ 25 ਜਨਵਰੀ 2027 ਨੂੰ ਸੁਣਵਾਈ ਹੋਣੀ ਹੈ ਅਤੇ ਨਵੇਂ ਟੈਰਿਫ ਫਰਵਰੀ ਵਿੱਚ ਲਾਗੂ ਹੋ ਸਕਦੇ ਹਨ।ਭਾਰਤ ਦੇ ਫਾਰਮਾ ਅਤੇ ਮੋਬਾਈਲ ਫੋਨ ਨਿਰਯਾਤ ਨੂੰ ਇਨ੍ਹਾਂ ਵਾਧੂ ਟੈਰਿਫਾਂ ਤੋਂ ਛੋਟ ਦਿੱਤੀ ਗਈ ਹੈ। ਜਾਂਚ ਵਿੱਚ ਭਾਰਤ ਦੀਆਂ ਪੀਐੱਲਆਈ ਯੋਜਨਾਵਾਂ, ਆਤਮਨਿਰਭਰ ਭਾਰਤ ਮੁਹਿੰਮ ਅਤੇ ਸਟੀਲ, ਸੌਰ ਊਰਜਾ, ਸਿਹਤ ਤੇ ਆਈਸੀਟੀ ਖੇਤਰਾਂ ਨਾਲ ਸਬੰਧਤ ਨੀਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਭਾਰਤ ਸਰਕਾਰ ਨੇ ਵਾਧੂ ਉਤਪਾਦਨ ਸਮਰੱਥਾ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ (BTA) ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ ਵਪਾਰ ਨਾਲ ਜੁੜੀਆਂ ਕਿਸੇ ਵੀ ਚਿੰਤਾਵਾਂ ਦਾ ਹੱਲ ਇਸੇ ਢਾਂਚੇ ਤਹਿਤ ਕੱਢਿਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ USTR ਦੇ ਨੋਟਿਸ ਦੀ ਜਾਂਚ ਕਰ ਰਹੀ ਹੈ।
