ਨਵੀਂ ਦਿੱਲੀ 26 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਆਈਪੀਐੱਲ 2027 ਵਿੱਚ ਮੁੰਬਈ ਇੰਡੀਅਨਜ਼ ਦਾ ਕਪਤਾਨ ਕੌਣ ਹੋਵੇਗਾ, ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਹਾਰਦਿਕ ਪਾਂਡਿਆ ਦੇ ਟੀਮ ਤੋਂ ਵੱਖ ਹੋਣ ਤੋਂ ਬਾਅਦ ਮੁੰਬਈ ਇੰਡੀਅਨਜ਼ ਅਗਲੇ ਸੀਜ਼ਨ ਵਿੱਚ ਨਵੇਂ ਕਪਤਾਨ ਨਾਲ ਮੈਦਾਨ ’ਚ ਉਤਰੇਗੀ। ਆਈਪੀਐੱਲ ਦੇ ਮਿੰਨੀ ਆਕਸ਼ਨ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਸੋਸ਼ਲ ਮੀਡੀਆ ’ਤੇ ਇਕ ਰਹੱਸਮਈ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਟੀਮ ਦੇ ਨਵੇਂ ਕਪਤਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਰੋਹਿਤ ਸ਼ਰਮਾ ਦੇ ਮੁੜ ਕਪਤਾਨ ਬਣਨ ਦੀਆਂ ਅਟਕਲਾਂ ਵੀ ਤੇਜ਼ ਹੋ ਗਈਆਂ ਹਨ।

ਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਟੀਮ ਨੇ ਬੁੱਧਵਾਰ ਨੂੰ ਬਿਨਾਂ ਕਿਸੇ ਕੈਪਸ਼ਨ ਦੇ ਇਕ ਤਸਵੀਰ ਸਾਂਝੀ ਕੀਤੀ। ਇਸ ਵਿੱਚ ਇਕ ਐਨੀਮੇਟਿਡ ਹੱਥ ਮੁੰਬਈ ਇੰਡੀਅਨਜ਼ ਦੀ ਕੈਪ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਇਹ ਤਸਵੀਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਵਿੱਚ ਚਰਚਾ ਛਿੜ ਗਈ। ਕਈ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਹ ਤਸਵੀਰ ਆਈਪੀਐੱਲ ਖ਼ਿਤਾਬ ਜਿੱਤਣ ਤੋਂ ਬਾਅਦ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਜਸ਼ਨ ਦੀ ਯਾਦ ਦਿਵਾਉਂਦੀ ਹੈ। ਕੁਝ ਪ੍ਰਸ਼ੰਸਕ ਤਾਂ ਇਸ ਪੋਸਟ ਨੂੰ ਰੋਹਿਤ ਦੀ ਕਪਤਾਨੀ ਦੀ ਵਾਪਸੀ ਦਾ ਸੰਕੇਤ ਵੀ ਮੰਨ ਰਹੇ ਹਨ। ਹਾਲਾਂਕਿ ਮੁੰਬਈ ਇੰਡੀਅਨਜ਼ ਵੱਲੋਂ ਕਪਤਾਨੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਰੋਹਿਤ ਦੀ ਕਪਤਾਨੀ ’ਚ ਮੁੰਬਈ ਨੇ ਜਿੱਤੇ ਪੰਜ ਖ਼ਿਤਾਬ

ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਹੀ ਮੁੰਬਈ ਇੰਡੀਅਨਜ਼ ਨੇ ਪੰਜ ਵਾਰ ਆਈਪੀਐੱਲ ਦਾ ਖ਼ਿਤਾਬ ਜਿੱਤਿਆ ਹੈ। ਟੀਮ ਨੇ 2013, 2015, 2017, 2019 ਅਤੇ 2020 ਵਿੱਚ ਰੋਹਿਤ ਦੀ ਅਗਵਾਈ ਹੇਠ ਟਰਾਫ਼ੀ ਆਪਣੇ ਨਾਂ ਕੀਤੀ ਸੀ। ਆਈਪੀਐੱਲ 2024 ਤੋਂ ਪਹਿਲਾਂ ਮੁੰਬਈ ਨੇ ਕਪਤਾਨੀ ਵਿੱਚ ਬਦਲਾਅ ਕਰਦਿਆਂ ਰੋਹਿਤ ਦੀ ਜਗ੍ਹਾ ਹਾਰਦਿਕ ਪਾਂਡਿਆ ਨੂੰ ਟੀਮ ਦੀ ਕਮਾਨ ਸੌਂਪ ਦਿੱਤੀ ਸੀ। ਹਾਲਾਂਕਿ ਇਸ ਫ਼ੈਸਲੇ ਤੋਂ ਪ੍ਰਸ਼ੰਸਕ ਕਾਫ਼ੀ ਨਾਰਾਜ਼ ਹੋਏ ਸਨ ਅਤੇ ਮੈਦਾਨ ’ਤੇ ਕਈ ਵਾਰ ਹਾਰਦਿਕ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।

ਹਾਰਦਿਕ ਨੇ ਛੱਡਿਆ ਮੁੰਬਈ ਇੰਡੀਅਨਜ਼ ਦਾ ਸਾਥ

ਆਈਪੀਐੱਲ 2027 ਤੋਂ ਪਹਿਲਾਂ ਕਪਤਾਨ ਹਾਰਦਿਕ ਪਾਂਡਿਆ ਨੇ ਮੁੰਬਈ ਇੰਡੀਅਨਜ਼ ਦਾ ਸਾਥ ਛੱਡ ਦਿੱਤਾ। ਉਹ ਟ੍ਰੇਡ ਰਾਹੀਂ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋ ਗਏ। ਹਾਰਦਿਕ ਦੀ ਜਗ੍ਹਾ ਮੁੰਬਈ ਦੀ ਟੀਮ ਵਿੱਚ ਅਰਸ਼ਦੀਪ ਸਿੰਘ ਦੀ ਐਂਟਰੀ ਹੋਈ ਹੈ।ਹਾਰਦਿਕ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਨੇ 2024 ਤੋਂ 2026 ਤੱਕ ਲਗਾਤਾਰ ਤਿੰਨ ਆਈਪੀਐੱਲ ਸੀਜ਼ਨ ਖੇਡੇ। ਇਸ ਦੌਰਾਨ ਟੀਮ ਨੇ 44 ਮੈਚਾਂ ਵਿੱਚੋਂ 17 ਜਿੱਤੇ, ਜਦਕਿ 27 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਤਿੰਨ ਸੀਜ਼ਨਾਂ ਵਿੱਚ ਮੁੰਬਈ ਦੀ ਟੀਮ ਇਕ ਵਾਰ ਵੀ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।