ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਪ੍ਰਮੁੱਖ ਲੋਕ ਭਲਾਈ ਸਕੀਮਾਂ ਦੀ ਭੌਤਿਕ ਅਤੇ ਵਿੱਤੀ ਪ੍ਰਗਤੀ ਦਾ ਜਾਇਜ਼ਾ ਲਿਆ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਰਮਬੀਰ ਕੌਰ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ.ਈ.ਓ. ਨਿਧੀ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਅਤੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ।

ਵਿਭਾਗਵਾਰ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ, ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ, ਬਕਾਇਆ ਵਰਤੋਂ ਸਰਟੀਫਿਕੇਟ (ਯੂ.ਸੀ.) ਜਮ੍ਹਾਂ ਕਰਵਾਉਣ ਅਤੇ ਨਿਰਧਾਰਤ ਟੀਚਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਕੰਮ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਤੇ ਤਕਨੀਕੀ ਨਿਯਮਾਂ ਅਨੁਸਾਰ ਕੀਤੇ ਜਾਣ ਅਤੇ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ।

*ਪੇਂਡੂ ਵਿਕਾਸ ਅਤੇ ਪੰਚਾਇਤਾਂ*

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਵਿੱਤੀ ਸਾਲ 2026-27 ਦੌਰਾਨ ਨਵੰਬਰ ਮਹੀਨੇ ਤੱਕ ਜ਼ਿਲ੍ਹੇ ਵਿੱਚ ਵੀ.ਬੀ.-ਜੀ-ਰਾਮ-ਜੀ ਰੋਜ਼ਗਾਰ ਸਕੀਮ ਤਹਿਤ 2,76,045 ਮਾਨਵ-ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਸਾਲ 2024-25 ਲਈ 705 ਅਤੇ ਸਾਲ 2025-26 ਲਈ 19 ਮਕਾਨਾਂ ਦਾ ਨਿਰਮਾਣ ਮੁਕੰਮਲ ਕੀਤਾ ਗਿਆ ਹੈ।

ਮੀਟਿੰਗ ਦੌਰਾਨ ਪਿੰਡਾਂ ਵਿੱਚ ਲਾਇਬ੍ਰੇਰੀਆਂ, ਆਂਗਣਵਾੜੀ ਕੇਂਦਰਾਂ, ਪੇਂਡੂ ਖੇਡ ਮੈਦਾਨਾਂ ਦੀ ਉਸਾਰੀ ਅਤੇ ਸਬ-ਹੈਲਥ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਅਪਗ੍ਰੇਡ ਕਰਨ ਦੇ ਕੰਮਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਜ਼ਿਲ੍ਹੇ ਵਿੱਚ ਯੋਜਨਾਬੱਧ 12 ਪਿੰਡਾਂ ਦੀਆਂ ਲਾਇਬ੍ਰੇਰੀਆਂ ਵਿੱਚੋਂ 7 ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ 27 ਨਿਰਧਾਰਤ ਆਂਗਣਵਾੜੀ ਕੇਂਦਰਾਂ ਵਿੱਚੋਂ 25 ਅਤੇ 89 ਪੇਂਡੂ ਖੇਡ ਮੈਦਾਨਾਂ ਵਿੱਚੋਂ 75 ਦੇ ਕੰਮ ਮੁਕੰਮਲ ਜਾਂ ਮੁਕੰਮਲ ਹੋਣ ਨੇੜੇ ਹਨ। ਪੰਜ ਸਬ-ਹੈਲਥ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਅਪਗ੍ਰੇਡ ਕੀਤਾ ਜਾ ਚੁੱਕਾ ਹੈ, ਜਦਕਿ ਪੰਜ ਹੋਰਾਂ ਦਾ ਕੰਮ ਜਾਰੀ ਹੈ।

ਡਿਪਟੀ ਕਮਿਸ਼ਨਰ ਨੇ ਪੰਚਾਇਤੀ ਜ਼ਮੀਨ ਦੇ 137-1-13 (ਏਕੜ-ਕਨਾਲ-ਮਰਲੇ) ਰਕਬੇ ਨਾਲ ਸਬੰਧਤ ਕਬਜ਼ਾ ਵਾਰੰਟਾਂ ਦੇ 106 ਬਕਾਇਆ ਮਾਮਲਿਆਂ ਦਾ ਨਿਪਟਾਰਾ ਜਲਦ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ, ਐੱਮ.ਪੀ.ਲੈਡਜ਼, ਰੰਗਲਾ ਪੰਜਾਬ ਵਿਕਾਸ ਸਕੀਮ (ਆਰ.ਪੀ.ਵੀ.ਐੱਸ.) ਅਤੇ ਪੀ.ਐੱਮ.ਏ.ਜੀ.ਵਾਈ. ਤਹਿਤ ਬਕਾਇਆ ਵਰਤੋਂ ਸਰਟੀਫਿਕੇਟ ਵੀ ਤੁਰੰਤ ਜਮ੍ਹਾਂ ਕਰਵਾਉਣ ਲਈ ਕਿਹਾ।

*ਸਵੱਛ ਭਾਰਤ ਮਿਸ਼ਨ (ਗ੍ਰਾਮੀਣ)*

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਕੁੱਲ 336 ਪਿੰਡਾਂ ਵਿੱਚੋਂ 244 ਪਿੰਡਾਂ ਨੇ ਓ.ਡੀ.ਐੱਫ. ਪਲੱਸ ਐਸਪਾਇਰਿੰਗ ਅਤੇ 92 ਪਿੰਡਾਂ ਨੇ ਓ.ਡੀ.ਐੱਫ. ਪਲੱਸ ਮਾਡਲ ਦਾ ਦਰਜਾ ਹਾਸਲ ਕੀਤਾ ਹੈ। ਠੋਸ ਰਹਿੰਦ-ਖੂੰਹਦ ਪ੍ਰਬੰਧਨ ਤਹਿਤ 332 ਗ੍ਰਾਮ ਪੰਚਾਇਤਾਂ ਵਿੱਚੋਂ 178 ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਜਦਕਿ 113 ਥਾਵਾਂ ’ਤੇ ਕੰਮ ਜਾਰੀ ਹੈ।

*ਜਲ ਸਰੋਤ ਅਤੇ ਹੜ੍ਹਾਂ ਤੋਂ ਬਚਾਅ*

ਡਰੇਨੇਜ-ਕਮ-ਮਾਈਨਿੰਗ ਡਿਵੀਜ਼ਨ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਫੰਡ (ਡੀ.ਐੱਮ.ਐੱਫ.) ਤਹਿਤ ਘੱਗਰ ਦਰਿਆ, ਸੀਸਵਾਂ ਦਰਿਆ, ਸੁਖਨਾ ਚੋਅ ਅਤੇ ਸਥਾਨਕ ਚੋਆਂ ਦੇ ਨਾਲ ਹੜ੍ਹਾਂ ਦੀ ਰੋਕਥਾਮ ਅਤੇ ਕਟਾਅ ਤੋਂ ਬਚਾਅ ਲਈ ਕੀਤੇ ਜਾਣ ਵਾਲੇ 18 ਕੰਮ 100 ਫ਼ੀਸਦੀ ਮੁਕੰਮਲ ਕਰ ਲਏ ਗਏ ਹਨ। ਇਸ ਤੋਂ ਇਲਾਵਾ ਵੀ.ਬੀ.-ਜੀ-ਰਾਮ-ਜੀ ਤਹਿਤ ਬੰਨ੍ਹਾਂ ਦੀ ਮਜ਼ਬੂਤੀ ਅਤੇ ਪੱਥਰ ਲਗਾਉਣ ਦੇ 8 ਕੰਮ ਜਾਰੀ ਹਨ, ਜਿਨ੍ਹਾਂ ਨੂੰ 30 ਦਸੰਬਰ, 2026 ਤੱਕ ਮੁਕੰਮਲ ਕਰਨ ਦਾ ਟੀਚਾ ਹੈ।

*ਲੋਕ ਨਿਰਮਾਣ ਅਤੇ ਬੁਨਿਆਦੀ ਢਾਂਚਾ*

ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ.) ਅਤੇ ਪੰਜਾਬ ਮੰਡੀ ਬੋਰਡ ਵੱਲੋਂ ਕਰਵਾਏ ਜਾ ਰਹੇ ਪ੍ਰਮੁੱਖ ਇਮਾਰਤੀ ਅਤੇ ਸੜਕੀ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਨ੍ਹਾਂ ਵਿੱਚ ਖਰੜ ਦਾ ਸਰਕਾਰੀ ਮਾਡਲ ਸਕੂਲ, ਜਿਸ ਦਾ 99 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ; ਸੈਕਟਰ-79 ਅਤੇ ਸੈਕਟਰ-66 ਵਿਖੇ ਕੰਮਕਾਜੀ ਮਹਿਲਾਵਾਂ ਲਈ ਹੋਸਟਲ, ਜਿਨ੍ਹਾਂ ਦੀ ਪ੍ਰਗਤੀ ਕ੍ਰਮਵਾਰ 40 ਅਤੇ 31 ਫ਼ੀਸਦੀ ਹੈ; ਅਤੇ ਲਾਲੜੂ ਵਿਖੇ ਸੀ-ਪਾਈਟ ਇਮਾਰਤ, ਜਿਸ ਦਾ 98 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ, ਸ਼ਾਮਲ ਹਨ।

ਡੇਰਾਬੱਸੀ-ਬਰਵਾਲਾ ਸੜਕ ਅਤੇ ਚੰਡੀਗੜ੍ਹ-ਲਾਂਡਰਾਂ-ਚੁੰਨੀ-ਸਰਹਿੰਦ ਸੜਕ ਦੀ ਮਜ਼ਬੂਤੀ ਦਾ ਕੰਮ 85 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਨੂੰ ਉਸਾਰੀ ਸਮੱਗਰੀ ਦੀ ਘਾਟ ਸਬੰਧੀ ਮੁਸ਼ਕਲਾਂ ਦੂਰ ਕਰਕੇ ਸੂਬਿਆਂ ਨੂੰ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ ਅਤੇ ਵਿਸ਼ੇਸ਼ ਮੁਰੰਮਤ ਪ੍ਰੋਗਰਾਮਾਂ ਤਹਿਤ ਲਿੰਕ ਸੜਕਾਂ ਦੇ ਨਵੀਨੀਕਰਨ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

*ਸਿੱਖਿਆ*

ਸਮੱਗਰ ਸਿੱਖਿਆ ਅਭਿਆਨ ਤਹਿਤ 72 ਸਿਵਲ ਕੰਮਾਂ ਵਿੱਚੋਂ 47 ਮੁਕੰਮਲ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ 17 ਸਕੂਲ ਆਫ਼ ਹੈਪੀਨੈੱਸ ਪ੍ਰਾਜੈਕਟਾਂ ਵਿੱਚੋਂ 13 ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਵਾਧੂ ਕਲਾਸਰੂਮਾਂ ਦੀ ਉਸਾਰੀ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।

ਮੀਟਿੰਗ ਦੌਰਾਨ ਦੱਸਿਆ ਗਿਆ ਕਿ 42,064 ਵਿਦਿਆਰਥੀਆਂ ਲਈ 252.38 ਲੱਖ ਰੁਪਏ ਦੀ ਵਰਦੀ ਗ੍ਰਾਂਟ ਵਰਤੀ ਜਾ ਚੁੱਕੀ ਹੈ, ਜਦਕਿ 8,16,918 ਮੁਫ਼ਤ ਪਾਠ ਪੁਸਤਕਾਂ ਵੰਡੀਆਂ ਗਈਆਂ ਹਨ। ਮਿਡ-ਡੇਅ ਮੀਲ ਸਕੀਮ ਤਹਿਤ ਰੋਜ਼ਾਨਾ 88,223 ਵਿਦਿਆਰਥੀ ਲਾਭ ਪ੍ਰਾਪਤ ਕਰ ਰਹੇ ਹਨ।

*ਸਿਹਤ ਅਤੇ ਪਰਿਵਾਰ ਭਲਾਈ*

ਸਿਹਤ ਖੇਤਰ ਦੀ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਜ਼ਿਲ੍ਹੇ ਦੇ 56 ਆਮ ਆਦਮੀ ਕਲੀਨਿਕਾਂ, ਜਿਨ੍ਹਾਂ ਵਿੱਚ 25 ਸ਼ਹਿਰੀ ਅਤੇ 31 ਪੇਂਡੂ ਕਲੀਨਿਕ ਸ਼ਾਮਲ ਹਨ, ਵਿਖੇ 31 ਅਕਤੂਬਰ, 2026 ਤੱਕ 35.66 ਲੱਖ ਤੋਂ ਵੱਧ ਓ.ਪੀ.ਡੀ. ਸਲਾਹ-ਮਸ਼ਵਰੇ ਅਤੇ 17.69 ਲੱਖ ਲੈਬ ਜਾਂਚਾਂ ਕੀਤੀਆਂ ਗਈਆਂ ਹਨ।

*ਮੁੱਖ ਮੰਤਰੀ ਸਿਹਤ ਯੋਜਨਾ* (ਐੱਮ.ਐੱਮ.ਐੱਸ.ਵਾਈ.) ਤਹਿਤ ਅਕਤੂਬਰ 2026 ਦੌਰਾਨ 57,658 ਮਰੀਜ਼ਾਂ ਨੇ ਨਕਦੀ ਰਹਿਤ ਇਲਾਜ ਦੀ ਸਹੂਲਤ ਪ੍ਰਾਪਤ ਕੀਤੀ ਅਤੇ 80.58 ਕਰੋੜ ਰੁਪਏ ਦੇ ਕਲੇਮਾਂ ਦਾ ਭੁਗਤਾਨ ਕੀਤਾ ਗਿਆ। ਇੱਕ ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਨਿਰਧਾਰਤ ਅਨੁਪਾਤਕ ਟੀਚੇ ਦੇ 114 ਫ਼ੀਸਦੀ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ 14 ਸਾਲ ਦੀਆਂ ਲੜਕੀਆਂ ਲਈ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਮਿਆਦ ਵੀ 31 ਦਸੰਬਰ, 2026 ਤੱਕ ਵਧਾ ਦਿੱਤੀ ਗਈ ਹੈ।

*ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ*

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ (ਐੱਮ.ਐੱਮ.ਐੱਮ.ਡੀ.ਐੱਸ.ਵਾਈ.) ਤਹਿਤ ਪਹਿਲੇ ਪੜਾਅ ਵਿੱਚ 2,57,427 ਮਹਿਲਾਵਾਂ ਨੂੰ 83.96 ਕਰੋੜ ਰੁਪਏ ਅਤੇ ਦੂਜੇ ਪੜਾਅ ਵਿੱਚ 1,89,433 ਲਾਭਪਾਤਰੀਆਂ ਨੂੰ 62.15 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।

ਜ਼ਿਲ੍ਹੇ ਦੇ 650 ਆਂਗਣਵਾੜੀ ਕੇਂਦਰਾਂ ਰਾਹੀਂ 32,181 ਲਾਭਪਾਤਰੀਆਂ ਨੂੰ ਪੂਰਕ ਪੋਸ਼ਣ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੋਸ਼ਣ ਅਭਿਆਨ ਤਹਿਤ 0 ਤੋਂ 6 ਸਾਲ ਉਮਰ ਵਰਗ ਦੇ 99.46 ਫ਼ੀਸਦੀ ਸਰਗਰਮ ਬੱਚਿਆਂ ਦੇ ਵਿਕਾਸ ਦੀ ਨਿਗਰਾਨੀ ਕੀਤੀ ਗਈ ਹੈ।

*ਖੇਤੀਬਾੜੀ, ਪ੍ਰਦੂਸ਼ਣ ਕੰਟਰੋਲ ਅਤੇ ਰੋਜ਼ਗਾਰ*

ਖੇਤੀਬਾੜੀ ਮਸ਼ੀਨੀਕਰਨ ਤਹਿਤ 686.23 ਲੱਖ ਰੁਪਏ ਦੀ ਲਾਗਤ ਨਾਲ 459 ਖੇਤੀਬਾੜੀ ਮਸ਼ੀਨਾਂ ਖਰੀਦੀਆਂ ਗਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੱਸਿਆ ਗਿਆ ਕਿ ਸਾਲ 2026 ਦੌਰਾਨ ਪਰਾਲੀ ਸਾੜਨ ਦੀਆਂ 21 ਘਟਨਾਵਾਂ ਸਾਹਮਣੇ ਆਈਆਂ ਹਨ, ਜਦਕਿ ਸਾਲ 2024 ਵਿੱਚ ਇਹ ਗਿਣਤੀ 40 ਸੀ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 322 ਨੌਕਰੀਆਂ ਦਿਵਾਉਣ ਅਤੇ ਰਜਿਸਟ੍ਰੇਸ਼ਨ ਦੇ ਨਿਰਧਾਰਤ ਟੀਚੇ ਨੂੰ 100 ਫ਼ੀਸਦੀ ਹਾਸਲ ਕਰਨ ਦੀ ਜਾਣਕਾਰੀ ਦਿੱਤੀ ਗਈ।

ਮੀਟਿੰਗ ਦੀ ਸਮਾਪਤੀ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ, ਜਵਾਬਦੇਹੀ ਅਤੇ ਨਿਰਧਾਰਤ ਸਮਾਂ-ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਮੂਹ ਵਿਭਾਗਾਂ ਨੂੰ ਆਪਣੇ ਕੰਮਾਂ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਉਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।