ਮੁਹਾਲੀ 19 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਆਗੂਆਂ ਵੱਲੋਂ ਸਿੱਖਿਆ ਸਕੱਤਰ ਸੋਨਾਲੀ ਗਿਰੀ ਨਾਲ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਅਹਿਮ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਉਪ ਸਿੱਖਿਆ ਸਕੱਤਰ ਹਰਪ੍ਰੀਤ ਸਿੰਘ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਅਧਿਆਪਕ ਜਥੇਬੰਦੀਆਂ ਵੱਲੋਂ 17 ਮੁੱਖ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਉੱਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਸਿੱਖਿਆ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਦਾ ਗੁਪਤ ਐਕਸ਼ਨ ਕਰਕੇ ਕੀਤੇ ਘਿਰਾਓ ਦੇ ਸੰਦਰਭ ਵਿੱਚ ਸਿੱਖਿਆ ਸਕੱਤਰ ਨਾਲ ਇਹ ਮੀਟਿੰਗ ਹੋਈ ਹੈ।
ਮੀਟਿੰਗ ਦੌਰਾਨ ਸਭ ਤੋਂ ਅਹਿਮ ਮੰਗ 4161 ਮਾਸਟਰ ਕਾਡਰ ਭਰਤੀ ਅਧੀਨ ਟਰਮੀਨੇਟ ਕੀਤੇ ਗਏ 253 ਅਧਿਆਪਕਾਂ ਦੀ ਬਹਾਲੀ ਦਾ ਮੁੱਦਾ ਉਠਾਇਆ ਗਿਆ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਦੱਸਿਆ ਗਿਆ ਕਿ 253 ਅਧਿਆਪਕਾਂ ਦੀ ਟਰਮੀਨੇਸ਼ਨ ਉੱਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਅੰਤਿਮ ਫੈਸਲਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੋਣ ਦੀ ਗੱਲ ਆਖੀ ਗਈ।
ਅਧਿਆਪਕ ਜਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਰੇਸ਼ਮ ਸਿੰਘ ਖੇਮੂਆਣਾ, ਸੁਰਿੰਦਰ ਕੰਬੋਜ, ਬਿਕਰਮਜੀਤ ਸਿੰਘ ਕੱਦੋਂ, ਵਰਿੰਦਰਜੀਤ ਸਿੰਘ ਬਜਾਜ, ਜਗਮੋਹਨ ਸਿੰਘ ਚੌਂਤਾ, ਲਛਮਣ ਸਿੰਘ ਨਬੀਪੁਰ ਅਤੇ ਹਰਪਾਲ ਸਿੰਘ ਨੇ ਉਕਤ ਮੰਗਾਂ ਤੋਂ ਇਲਾਵਾ ਪਦਉਨਤੀਆਂ ਦੌਰਾਨ ਸਟੇਸ਼ਨ ਚੋਣ ਨਾ ਕਰਵਾਉਣ ਅਤੇ ਕਈ ਅਧਿਆਪਕਾਂ ਦੇ ਸਟੇਸ਼ਨ ਅਡਜਸਟਮੈਂਟ ਤੋਂ ਰਹਿ ਜਾਣ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ।
ਇਸ ਸਬੰਧੀ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਹਰ ਕਾਡਰ ਦੀਆਂ ਪਦਉਨਤੀਆਂ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਚੋਣ ਕਰਵਾ ਕੇ ਕੀਤੀਆਂ ਜਾਣਗੀਆਂ ਅਤੇ ਰਹਿੰਦੀਆਂ ਅਡਜਸਟਮੈਂਟਾਂ ਲਈ ਅਧਿਆਪਕਾਂ ਨੂੰ ਮੁੱਖ ਦਫ਼ਤਰ ਵਿਖੇ ਬੁਲਾ ਕੇ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੀਆਂ ਅਸਾਮੀਆਂ ਨੂੰ ਤਰਕਸੰਗਤ ਢੰਗ ਨਾਲ ਸਟੇਸ਼ਨ ਅਲਾਟ ਕਰਕੇ ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਅਡਜਸਟ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਮਾਸਟਰ ਕਾਡਰ ਦੇ ਰਹਿੰਦੇ ਵਿਸ਼ਿਆਂ ਦੀਆਂ ਤਰੱਕੀਆਂ ਜਲਦੀ ਕਰਨ, ਸੀਨੀਆਰਤਾ ਸੂਚੀਆਂ ਜਾਰੀ ਕਰਨ ਅਤੇ ਸੀਨੀਅਰਤਾ ਦੇ ਬਾਵਜੂਦ ਪਦਉਨਤੀਆਂ ਤੋਂ ਰਹਿ ਗਏ ਅਧਿਆਪਕਾਂ ਨੂੰ ਤਰੱਕੀ ਦੇਣ ਦੀ ਮੰਗ ਉੱਤੇ ਵੀ ਸਹਿਮਤੀ ਪ੍ਰਗਟਾਈ ਗਈ। ਇਸ ਤੋਂ ਇਲਾਵਾ ਈ.ਟੀ.ਟੀ. ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ, ਸੀ.ਐੱਚ.ਟੀ. ਤੋਂ ਬੀ.ਪੀ.ਈ.ਓ., ਮਾਸਟਰ ਕਾਡਰ ਤੋਂ ਮੁੱਖ ਅਧਿਆਪਕ ਅਤੇ ਲੈਕਚਰਾਰ, ਲੈਕਚਰਾਰ ਤੋਂ ਪ੍ਰਿੰਸੀਪਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਪਦਉਨਤੀਆਂ ਜਲਦੀ ਕਰਨ ਦਾ ਮੁੱਦਾ ਉਠਾਇਆ ਗਿਆ।
ਇਸ ਸਬੰਧੀ ਸਿੱਖਿਆ ਸਕੱਤਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਵੀਡੀਓ ਕਾਨਫਰੰਸ ਕਰਕੇ ਜ਼ਿਲ੍ਹਾ ਪੱਧਰ ਦੀਆਂ ਪਦਉਨਤੀਆਂ ਲਈ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਸੈਕੰਡਰੀ ਪੱਧਰ ਉੱਤੇ ਪੈਂਡਿੰਗ ਪਦਉਨਤੀਆਂ ਜਲਦੀ ਮੁਕੰਮਲ ਕਰਨ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਪਦਉਨਤੀਆਂ ਲਈ ਡੀ.ਪੀ.ਸੀ. ਅਤੇ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਪੈਂਡਿੰਗ ਪਦਉਨਤੀਆਂ ਜਲਦੀ ਕਰਨ ਬਾਰੇ ਵੀ ਭਰੋਸਾ ਦਿੱਤਾ ਗਿਆ। ਹਾਲਾਂਕਿ ਪ੍ਰਿੰਸੀਪਲਾਂ ਦੀਆਂ ਪੈਂਡਿੰਗ ਪਦਉਨਤੀਆਂ ਸਬੰਧੀ ਕੋਈ ਠੋਸ ਭਰੋਸਾ ਨਹੀਂ ਮਿਲਿਆ ਅਤੇ ਮਾਮਲਾ ਕਾਨੂੰਨੀ ਅੜਚਨ ਕਾਰਨ ਅਦਾਲਤ ਅਧੀਨ ਹੋਣ ਬਾਰੇ ਦੱਸਿਆ ਗਿਆ।
ਲੈਫਟ ਆਊਟ ਕੇਸਾਂ ਅਧੀਨ ਪਦਉਨਤ ਹੋਏ ਅਧਿਆਪਕਾਂ ਨੂੰ ਨੋਸ਼ਨਲ ਸੀਨੀਆਰਤਾ ਦੇਣ ਸਬੰਧੀ ਪੱਤਰ ਜਾਰੀ ਕਰਨ, ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਿੱਜੀ ਵੇਰਵਿਆਂ ਵਿੱਚ ਸੋਧ ਲਈ ਬਿਨਾਂ ਫੀਸ ਸਮਾਂ ਦੇਣ ਅਤੇ ਸਰਵ ਸਿੱਖਿਆ ਅਭਿਆਨ ਤੇ ਰਮਸਾ ਅਧੀਨ ਭਰਤੀ ਹੋ ਕੇ ਰੈਗੂਲਰ ਹੋਏ ਅਧਿਆਪਕਾਂ ਦੀ ਪਿਛਲੀ ਸੇਵਾ ਨੂੰ ਗਿਣਦਿਆਂ ਅਚਨਚੇਤ ਛੁੱਟੀਆਂ ਦੇ ਬਣਦੇ ਲਾਭ ਦੇਣ ਸਬੰਧੀ ਵੀ ਹਾਂ-ਪੱਖੀ ਭਰੋਸੇ ਦਿੱਤੇ ਗਏ।
ਇਸ ਤੋਂ ਇਲਾਵਾ ਵੱਖ-ਵੱਖ ਕਿਸਮ ਦੀਆਂ ਮਦਾਂ ਅਧੀਨ ਕਰੋੜਾਂ ਰੁਪਏ ਦੇ ਪੈਂਡਿੰਗ ਬਿੱਲਾਂ ਦੀ ਅਦਾਇਗੀ ਜਲਦੀ ਕਰਨ, ਮਿਡ-ਡੇ-ਮੀਲ ਦੀ ਰਾਸ਼ੀ ਖਰਚਣ ਦੀ ਪ੍ਰਕਿਰਿਆ ਸਰਲ ਬਣਾਉਣ ਅਤੇ ਬਕਾਇਆ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਸਥਾਨਕ ਚੋਣਾਂ ਦੌਰਾਨ ਫੌਤ ਹੋਏ ਅਧਿਆਪਕਾਂ ਦੇ ਪਰਿਵਾਰਾਂ ਅਤੇ ਜ਼ਖਮੀ ਅਧਿਆਪਕਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਮਾਮਲਾ ਵੀ ਉਠਾਇਆ ਗਿਆ। ਇਸ ਸਬੰਧੀ ਅਧਿਆਪਕ ਜਥੇਬੰਦੀਆਂ ਦੀ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਆਖੀ ਗਈ। 17-07-2020 ਤੋਂ ਬਾਅਦ ਭਰਤੀ ਹੋਏ ਹੈੱਡ ਟੀਚਰਾਂ ਨੂੰ ਸਮਾਨ ਸਕੇਲ ਦੇਣ ਸਬੰਧੀ ਜਾਰੀ ਸਪੀਕਿੰਗ ਆਰਡਰਾਂ ਅਨੁਸਾਰ ਬਕਾਏ ਜਾਰੀ ਕਰਨ ਲਈ ਬਣਦੀਆਂ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਪ੍ਰਾਇਮਰੀ ਸਕੂਲੀ ਖੇਡਾਂ ਲਈ ਲੋੜੀਂਦੇ ਫੰਡ ਵਾਧੇ ਸਮੇਤ ਜਾਰੀ ਕਰਨ, 01-04-2011 ਨੂੰ ਰੈਗੂਲਰ ਹੋਏ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਰੈਗੂਲਰ ਮਿਤੀ ਤੋਂ ਸੀਨੀਆਰਤਾ ਦੇਣ ਅਤੇ ਹੈੱਡ ਟੀਚਰਾਂ ਦੀਆਂ ਖ਼ਤਮ ਕੀਤੀਆਂ 1904 ਪੋਸਟਾਂ ਬਹਾਲ ਕਰਨ ਦੀਆਂ ਮੰਗਾਂ ਵੀ ਰੱਖੀਆਂ ਗਈਆਂ। ਸਿੱਖਿਆ ਪ੍ਰੋਵਾਈਡਰਾਂ ਦੀ ਸੀਨੀਆਰਤਾ ਸਬੰਧੀ ਮਾਮਲਾ ਡਾਇਰੈਕਟਰ ਸਕੂਲ ਸਿੱਖਿਆ ਨੂੰ ਲਿਖ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ, ਜਦਕਿ ਹੈੱਡ ਟੀਚਰਾਂ ਦੀਆਂ 1904 ਪੋਸਟਾਂ ਬਹਾਲ ਕਰਨ ਸਬੰਧੀ ਕੋਈ ਠੋਸ ਭਰੋਸਾ ਨਹੀਂ ਦਿੱਤਾ ਗਿਆ।
ਮੀਟਿੰਗ ਦੇ ਅੰਤ ਵਿੱਚ ਸਿੱਖਿਆ ਸਕੱਤਰ ਵੱਲੋਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਵਿਭਾਗ ਦੀਆਂ ਸਮੁੱਚੀਆਂ ਮੰਗਾਂ ਸਬੰਧੀ ਅਧਿਆਪਕ ਜਥੇਬੰਦੀਆਂ ਨਾਲ ਭਵਿੱਖ ਵਿੱਚ ਵਿਸਥਾਰਪੂਰਵਕ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਕਈ ਮੰਗਾਂ ਉੱਤੇ ਹਾਂ-ਪੱਖੀ ਭਰੋਸੇ ਮਿਲੇ ਹਨ, ਪਰ ਜਥੇਬੰਦੀਆਂ ਵੱਲੋਂ ਇਨ੍ਹਾਂ ਮੰਗਾਂ ਦੇ ਅਮਲੀ ਰੂਪ ਵਿੱਚ ਲਾਗੂ ਹੋਣ ਤੱਕ ਲਗਾਤਾਰ ਪੈਰਵੀ ਕੀਤੀ ਜਾਵੇਗੀ।
ਖ਼ਾਸ ਕਰਕੇ 253 ਅਧਿਆਪਕਾਂ ਦੀ ਪੂਰਨ ਬਹਾਲੀ, ਪਾਰਦਰਸ਼ੀ ਪਦਉਨਤੀਆਂ, ਖ਼ਤਮ ਕੀਤੀਆਂ ਹੈੱਡ ਟੀਚਰਾਂ ਦੀਆਂ ਪੋਸਟਾਂ ਦੀ ਬਹਾਲੀ ਅਤੇ ਸਮੁੱਚੇ ਕਾਡਰਾਂ ਦੀਆਂ ਖਾਲੀ ਅਸਾਮੀਆਂ ਉੱਤੇ ਤਰੱਕੀਆਂ ਜਥੇਬੰਦੀਆਂ ਦੇ ਮੁੱਖ ਏਜੰਡੇ ਵਿੱਚ ਰਹਿਣਗੀਆਂ। ਇਸ ਮੌਕੇ ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਕੁਮਾਰ, ਹਰਕ੍ਰਿਸ਼ਨ ਸਿੰਘ, ਸਤਨਾਮ ਸਿੰਘ ਦੌਲਤਪੁਰ, ਅਨਿਲ ਕੁਮਾਰ, ਜਸਵਿੰਦਰ ਸਿੰਘ ਬਠਿੰਡਾ ਅਤੇ ਕੁਲਵਿੰਦਰ ਸਿੰਘ ਵਿਰਕ ਆਦਿ ਵੀ ਹਾਜ਼ਰ ਰਹੇ।
