ਨਵੀਂ ਦਿੱਲੀ 19 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੋਣ ਵਾਲਾ ਹੈ। ਦਰਅਸਲ, ਅੱਜ EPFO ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ (CBT) ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਣ ਜਾ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ EPS ਪੈਨਸ਼ਨ ਅਤੇ ਘੱਟੋ-ਘੱਟ ਪੈਨਸ਼ਨ ਨੂੰ 1,000 ਰੁਪਏ ਤੋਂ ਵਧਾਉਣ ਵਰਗੇ ਅਹਿਮ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ। ਇਨ੍ਹਾਂ ਦੋਵਾਂ ਮੁੱਦਿਆਂ ਦਾ ਵੱਡੀ ਗਿਣਤੀ ਵਿੱਚ EPS ਪੈਨਸ਼ਨਰਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।

ਲੰਬੇ ਸਮੇਂ ਤੋਂ ਕਰਮਚਾਰੀ ਅਤੇ ਵੱਖ-ਵੱਖ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਅਦਾਲਤੀ ਫ਼ੈਸਲਿਆਂ ਨੂੰ ਇੱਕੋ ਜਿਹੇ ਢੰਗ ਨਾਲ ਲਾਗੂ ਕੀਤਾ ਜਾਵੇ। ਇਨ੍ਹਾਂ ਵਿੱਚ ਨਵੰਬਰ 2022 ਦਾ ਸੁਪਰੀਮ ਕੋਰਟ ਦਾ ਉਹ ਅਹਿਮ ਫ਼ੈਸਲਾ ਵੀ ਸ਼ਾਮਲ ਹੈ, ਜੋ ਸੁਨੀਲ ਕੁਮਾਰ ਮਾਮਲੇ ਨਾਲ ਸਬੰਧਤ ਹੈ। ਇਸ ਫ਼ੈਸਲੇ ਤਹਿਤ ਯੋਗ ਕਰਮਚਾਰੀਆਂ ਨੂੰ ਵੱਧ EPS ਪੈਨਸ਼ਨ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।

ਖ਼ਬਰਾਂ ਮੁਤਾਬਕ, 19 ਨਵੰਬਰ ਨੂੰ ਹੋਣ ਵਾਲੀ ਆਪਣੀ ਮੀਟਿੰਗ ਵਿੱਚ CBT ਘੱਟੋ-ਘੱਟ EPS ਪੈਨਸ਼ਨ ਵਧਾਉਣ ਦੇ ਮੁੱਦੇ ‘ਤੇ ਚਰਚਾ ਕਰ ਸਕਦਾ ਹੈ। ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ EPFO ਘੱਟੋ-ਘੱਟ EPS ਪੈਨਸ਼ਨ ਨੂੰ 1,000 ਰੁਪਏ ਤੋਂ ਵਧਾ ਕੇ 3,000 ਰੁਪਏ ਕਰ ਸਕਦਾ ਹੈ।

ਦੂਜੇ ਪਾਸੇ, EPS-95 ਨੈਸ਼ਨਲ ਐਜੀਟੇਸ਼ਨ ਕਮੇਟੀ (NAC), ਜੋ ਪੂਰੇ ਭਾਰਤ ਦੇ EPS-95 ਪੈਨਸ਼ਨਰਾਂ ਦੀ ਨੁਮਾਇੰਦਗੀ ਕਰਦੀ ਹੈ, ਭੁੱਖ ਹੜਤਾਲ ‘ਤੇ ਬੈਠੀ ਹੈ। ਕਮੇਟੀ ਸਰਕਾਰ ਤੋਂ ਘੱਟੋ-ਘੱਟ ਪੈਨਸ਼ਨ ਵਧਾ ਕੇ 7,500 ਰੁਪਏ ਕਰਨ ਦੀ ਮੰਗ ਕਰ ਰਹੀ ਹੈ।

ਬਦਲਿਆ ਗਿਆ ਮੀਟਿੰਗ ਦਾ ਸਥਾਨ

ਕੇਂਦਰੀ ਕਿਰਤ ਮੰਤਰਾਲੇ ਨੇ 30 ਸਤੰਬਰ ਨੂੰ ਇੱਕ ਪੱਤਰ ਜਾਰੀ ਕਰਕੇ CBT ਦੀ ਅਗਲੀ ਮੀਟਿੰਗ ਦੀ ਤਰੀਕ ਅਤੇ ਸਥਾਨ ਦਾ ਐਲਾਨ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਈ ਸਾਲਾਂ ਬਾਅਦ ਪਹਿਲੀ ਵਾਰ ਅੱਜ ਦੀ ਮੀਟਿੰਗ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਗੁਜਰਾਤ ਦੇ ਗਿਰ ਵਿੱਚ ਕਰਵਾਉਣ ਦੀ ਯੋਜਨਾ ਸੀ।

ਇਸ ਤੋਂ ਪਹਿਲਾਂ ਹੋਈਆਂ ਪੰਜ ਮੀਟਿੰਗਾਂ ਨਵੀਂ ਦਿੱਲੀ ਵਿੱਚ ਹੀ ਹੋਈਆਂ ਸਨ, ਜਦਕਿ ਇਸ ਤੋਂ ਪਹਿਲਾਂ ਰਾਜਧਾਨੀ ਤੋਂ ਬਾਹਰ ਮਾਰਚ 2022 ਵਿੱਚ ਗੁਹਾਟੀ ਵਿਖੇ ਮੀਟਿੰਗ ਹੋਈ ਸੀ।

ਹਾਲਾਂਕਿ, 4 ਨਵੰਬਰ ਨੂੰ ਜਾਰੀ ਕੀਤੇ ਗਏ ਇੱਕ ਹੋਰ ਪੱਤਰ ਰਾਹੀਂ CBT ਦੀ 240ਵੀਂ ਮੀਟਿੰਗ ਦਾ ਸਥਾਨ ਬਦਲ ਕੇ ਨਵੀਂ ਦਿੱਲੀ ਦੇ ਈਸਟ ਕਿਦਵਈ ਨਗਰ (EKN) ਸਥਿਤ EPFO ਦੇ ਮੁੱਖ ਦਫ਼ਤਰ ਵਿੱਚ ਨਿਰਧਾਰਤ ਕਰ ਦਿੱਤਾ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।