ਚੰਡੀਗੜ੍ਹ 04 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਤਿੱਬਤੀ ਸ਼ਰਨਾਰਥੀਆਂ, ਪਾਕਿਸਤਾਨ, ਬਰਮਾ, ਸ਼੍ਰੀਲੰਕਾ ਅਤੇ ਪੂਰਬੀ ਅਫ਼ਰੀਕੀ ਦੇਸ਼ਾਂ ਤੋਂ ਭਾਰਤ ‘ਚ ਪਰਵਾਸ ਕਰ ਕੇ ਆਏ ਭਾਰਤੀ ਮੂਲ ਦੇ ਲੋਕਾਂ ਨੂੰ ਹੁਣ ਹਰਿਆਣਾ ‘ਚ ਸਰਕਾਰੀ ਨੌਕਰੀ ਨਹੀਂ ਮਿਲੇਗੀ।

ਹਰਿਆਣਾ ਲੋਕ ਸੇਵਾ ਕਮਿਸ਼ਨ (HPSC) ‘ਚ ਨੌਕਰੀ ਲਈ ਯੋਗਤਾ ਸਿਰਫ਼ ਭਾਰਤੀ ਨਾਗਰਿਕਾਂ ਅਤੇ ਨੇਪਾਲ ਤੇ ਭੂਟਾਨ ਦੇ ਨਾਗਰਿਕਾਂ ਤਕ ਸੀਮਤ ਹੋਵੇਗੀ। ਹਾਲਾਂਕਿ, ਨੇਪਾਲ ਅਤੇ ਭੂਟਾਨ ਦੇ ਨਾਗਰਿਕਾਂ ਦੀ ਨਿਯੁਕਤੀ ਇਸ ਸ਼ਰਤ ’ਤੇ ਹੋਵੇਗੀ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਯੋਗਤਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੋਵੇ।

ਕੈਬਨਿਟ ‘ਚ ਹੋਇਆ ਫ਼ੈਸਲਾ

ਮੰਗਲਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ ਹਰਿਆਣਾ ਲੋਕ ਸੇਵਾ ਕਮਿਸ਼ਨ (ਰਾਜ ਸੇਵਾ ਗਰੁੱਪ-ਸੀ) ਨਿਯਮ, 2002 ‘ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਸੋਧਾਂ ਦਾ ਉਦੇਸ਼ ਕਮਿਸ਼ਨ ‘ਚ ਨਵੇਂ ਬਣਾਏ ਗਏ ਗਰੁੱਪ-ਸੀ ਦੇ ਅਹੁਦਿਆਂ ਨੂੰ ਸ਼ਾਮਲ ਕਰਨਾ ਅਤੇ ਮੌਜੂਦਾ ਵਿਵਸਥਾਵਾਂ ਨੂੰ ਨਵੇਂ ਸਰਕਾਰੀ ਨਿਯਮਾਂ ਤੇ ਨਿਰਦੇਸ਼ਾਂ ਦੇ ਅਨੁਸਾਰ ਬਣਾਉਣਾ ਹੈ। ਕਮਿਸ਼ਨ ‘ਚ ਪ੍ਰੀਖਿਆਵਾਂ ਦੀ ਵਧਦੀ ਗਿਣਤੀ ਅਤੇ ਹੋਰ ਸਬੰਧਤ ਕੰਮਾਂ ਕਾਰਨ ਕੰਮ ਦਾ ਬੋਝ ਵਧਣ ਨੂੰ ਦੇਖਦਿਆਂ ਤੀਜੀ ਸ਼੍ਰੇਣੀ ਦੇ ਅਹੁਦਿਆਂ ਦੀ ਗਿਣਤੀ ਵਧਾਈ ਜਾਵੇਗੀ।

ਕਮਿਸ਼ਨ ‘ਚ ਗਰੁੱਪ-ਸੀ ਦੇ ਕੁੱਲ 85 ਮਨਜ਼ੂਰਸ਼ੁਦਾ ਅਹੁਦੇ ਹੋਣਗੇ, ਜਿਨ੍ਹਾਂ ‘ਚ 15 ਨਵੇਂ ਬਣਾਏ ਗਏ ਅਹੁਦੇ ਸ਼ਾਮਲ ਹਨ। ਇਨ੍ਹਾਂ ‘ਚ ਇਕ ਸੈਕਸ਼ਨ ਅਫ਼ਸਰ, ਤਿੰਨ ਡਿਪਟੀ ਸੁਪਰਡੈਂਟ, ਇਕ ਨਿੱਜੀ ਸਹਾਇਕ, 25 ਸਹਾਇਕ, ਦੋ ਸੀਨੀਅਰ ਸਕੇਲ ਸਟੈਨੋਗ੍ਰਾਫਰ, ਦੋ ਜੂਨੀਅਰ ਸਕੇਲ ਸਟੈਨੋਗ੍ਰਾਫਰ, ਛੇ ਸਟੈਨੋ ਟਾਈਪਿਸਟ, 13 ਡਰਾਈਵਰ, 29 ਕਲਰਕ, ਇਕ ਰੈਸਟੋਰਰ ਅਤੇ ਦੋ ਗੈਸਟੇਟਨਰ ਆਪਰੇਟਰ ਦੇ ਅਹੁਦੇ ਸ਼ਾਮਲ ਹਨ।

ਹਿੰਦੀ ਵਿਸ਼ੇ ਦੀ ਲਾਜ਼ਮੀ ਸ਼ਰਤ ‘ਚ ਹੋਵੇਗੀ ਸੋਧ

ਮੈਟ੍ਰਿਕ ਪੱਧਰ ਤਕ ਹਿੰਦੀ ਵਿਸ਼ੇ ਦੀ ਲਾਜ਼ਮੀ ਸ਼ਰਤ ‘ਚ ਵੀ ਸੋਧ ਕੀਤੀ ਜਾਵੇਗੀ। ਹੁਣ ਇਸ ਦੀ ਥਾਂ ਮੈਟ੍ਰਿਕ ਪੱਧਰ ’ਤੇ ਹਿੰਦੀ ਜਾਂ ਸੰਸਕ੍ਰਿਤ ‘ਚੋਂ ਕੋਈ ਇਕ ਵਿਸ਼ਾ ਪੜ੍ਹਿਆ ਹੋਣਾ ਜਾਂ ਉੱਚ ਸਿੱਖਿਆ ਪੱਧਰ ’ਤੇ ਹਿੰਦੀ ਵਿਸ਼ਾ ਪੜ੍ਹਿਆ ਹੋਣਾ ਮੰਨਿਆ ਜਾਵੇਗਾ।

ਗਰੁੱਪ-ਸੀ ਦੇ ਅਹੁਦਿਆਂ ’ਤੇ ਨਿਯੁਕਤੀ ਲਈ ਯੋਗਤਾ ਦੀਆਂ ਸ਼ਰਤਾਂ ‘ਚ ਵੀ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਯਮ 13 ਤਹਿਤ ਅਨੁਸ਼ਾਸਨੀ ਮਾਮਲਿਆਂ, ਅਪੀਲ ਅਤੇ ਸੇਵਾ ਨਾਲ ਸਬੰਧਤ ਹੋਰ ਮਾਮਲਿਆਂ ਦੀਆਂ ਵਿਵਸਥਾਵਾਂ ਨੂੰ ਹਰਿਆਣਾ ਸਿਵਲ ਸੇਵਾ (ਸਜ਼ਾ ਅਤੇ ਅਪੀਲ) ਨਿਯਮ, 2016 ਦੇ ਅਨੁਸਾਰ ਕੀਤਾ ਜਾਵੇਗਾ। ਇਸ ਸਬੰਧ ‘ਚ ਸਾਲ 1987 ਦੇ ਪੁਰਾਣੇ ਨਿਯਮਾਂ ਦੇ ਹਵਾਲੇ ਨੂੰ ਬਦਲਿਆ ਜਾਵੇਗਾ।

ਜੂਨੀਅਰ ਲੈਕਚਰਾਰ ਅਸਿਸਟੈਂਟ ਬਣਨ ਲਈ ਸਾਇੰਸ ਨਾਲ ਕਰਨੀ ਪਵੇਗੀ 12ਵੀਂ

ਕਾਲਜ ‘ਚ ਜੂਨੀਅਰ ਲੈਕਚਰਾਰ ਅਸਿਸਟੈਂਟ ਬਣਨ ਲਈ ਉਮੀਦਵਾਰਾਂ ਨੂੰ ਹੁਣ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਜਾਂ ਜੀਵ ਵਿਗਿਆਨ (ਪੀਸੀਬੀ) ਵਿਸ਼ਿਆਂ ਨਾਲ 12ਵੀਂ ਪਾਸ ਕਰਨੀ ਪਵੇਗੀ। ਇਸ ਤੋਂ ਇਲਾਵਾ ਕਿਸੇ ਮਾਨਤਾ ਪ੍ਰਾਪਤ ਕਾਲਜ ‘ਚ ਲੈਬਾਰਟਰੀ ਅਟੈਂਡੈਂਟ ਵਜੋਂ ਪੰਜ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਮੈਟ੍ਰਿਕ ਪੱਧਰ ’ਤੇ ਹਿੰਦੀ ਜਾਂ ਸੰਸਕ੍ਰਿਤ ਵਿਸ਼ਾ ਜਾਂ ਉੱਚ ਸਿੱਖਿਆ ਦੌਰਾਨ ਹਿੰਦੀ ਵਿਸ਼ਾ ਪੜ੍ਹਿਆ ਹੋਣਾ ਵੀ ਲਾਜ਼ਮੀ ਹੈ। ਤਰੱਕੀ ਲਈ ਨਿਰਧਾਰਤ ਯੋਗਤਾ 12ਵੀਂ ਜਾਂ ਇਸ ਦੇ ਬਰਾਬਰ ਹੋਵੇਗੀ।

ਸਿੱਧੀ ਭਰਤੀ ਲਈ ਉਮਰ ਹੱਦ 18 ਤੋਂ 42 ਸਾਲ

ਸਿੱਧੀ ਭਰਤੀ ਲਈ ਉਮਰ ਹੱਦ 18 ਤੋਂ 42 ਸਾਲ ਨਿਰਧਾਰਤ ਕੀਤੀ ਗਈ ਹੈ। ਇਹ ਉਮਰ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਕੋਲ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ।

ਵੱਧ ਤੋਂ ਵੱਧ ਉਮਰ ਹੱਦ ‘ਚ ਛੋਟ ਹਰਿਆਣਾ ਸਿਵਲ ਸੇਵਾ (ਜਨਰਲ) ਨਿਯਮ, 2016 ਦੇ ਅਨੁਸਾਰ ਦਿੱਤੀ ਜਾਵੇਗੀ। ਨਵੇਂ ਨਿਯਮਾਂ ਅਨੁਸਾਰ, ਕਮਿਸ਼ਨ ਵਾਂਝੀਆਂ ਅਨੁਸੂਚਿਤ ਜਾਤੀਆਂ, ਹੋਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਸਾਬਕਾ ਫ਼ੌਜੀਆਂ ਤੇ ਦਿਵਿਆਂਗ ਵਿਅਕਤੀਆਂ ਲਈ ਰਾਖਵੀਆਂ ਅਸਾਮੀਆਂ ’ਤੇ ਨਿਰਧਾਰਤ ਤਜਰਬੇ ਵਾਲੇ ਲੋੜੀਂਦੀ ਗਿਣਤੀ ‘ਚ ਉਮੀਦਵਾਰ ਉਪਲਬਧ ਨਾ ਹੋਣ ਦੀ ਸੂਰਤ ‘ਚ ਤਜਰਬੇ ਦੀ ਸ਼ਰਤ ‘ਚ 50 ਫ਼ੀਸਦੀ ਤਕ ਛੋਟ ਦੇ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।