ਜਗਰਾਓਂ 30 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ’ਚ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ, ਜਿਸ ਨਾਲ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋਣ ਦੀ ਬਜਾਏ ਆਪਣੇ ਸੂਬੇ ’ਚ ਹੀ ਭਵਿੱਖ ਸਵਾਰ ਰਹੇ ਹਨ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੜ੍ਹਾਈ-ਲਿਖਾਈ ਕਰਨ, ਉਨ੍ਹਾਂ ਨੂੰ ਨੌਕਰੀ ਦੇਣਾ ਉਨ੍ਹਾਂ ਦੀ ਗਰੰਟੀ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਤੇ ਅਕਾਲੀ-ਭਾਜਪਾ ’ਤੇ ਵੀ ਤਿੱਖੇ ਨਿਸ਼ਾਨੇ ਲਾਏ।
ਵੀਰਵਾਰ ਨੂੰ ਜਗਰਾਓਂ ਦੇ ਪਿੰਡ ਕਮਾਲਪੁਰਾ ’ਚ ਲੋਕ ਮਿਲਣੀ ਸਮਾਗਮ ਨੂੰ ਸੰਬੋਧਨ ਮੁੱਖ ਮੰਤਰੀ ਨੇ ਕਿਹਾ ਕਿ ਜਰਨੈਲਾਂ-ਕਰਨੈਲਾਂ, ਰਿਸ਼ੀਆਂ-ਮੁਨੀਆਂ ਤੇ ਖੇਡਾਂ ਤੇ ਖਿਡਾਰੀਆਂ ਲਈ ਜਾਣਿਆ ਜਾਂਦਾ ਪੰਜਾਬ ਅਕਾਲੀਆਂ ਤੇ ਕਾਂਗਰਸੀਆਂ ਦੇ ਰਾਜ ’ਚ ਨਸ਼ਿਆਂ ਤੇ ‘ਚਿੱਟੇ’ ਲਈ ਬਦਨਾਮ ਹੋ ਗਿਆ। ਪਰ ਪੰਜਾਬ ਨੂੰ ਨਸ਼ਿਆਂ ’ਚ ਡੋਬਣ ਵਾਲਿਆਂ ਦੀ ਹੁਣ ਖ਼ੈਰ ਨਹੀਂ। ਉਨ੍ਹਾਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਸਰਗਨੇ ਖ਼ਿਲਾਫ਼ 40,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਨੇ ਆਪਣੇ ਸੱਤਾ ਦੇ ਦਿਨਾਂ ਦੌਰਾਨ ਸਰਕਾਰੀ ਗੱਡੀਆਂ ’ਚ ਨਸ਼ੇ ਦੀ ਤਸਕਰੀ ਕਰਵਾਈ ਸੀ। ਸੂਬੇ ਦੇ ਸਰਮਾਏ ਨੂੰ ਲੁੱਟਣ ਵਾਲੇ ਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਇਹ ਲੋਕ ਆਪਸ ਵਿੱਚ ਮਿਲੇ ਹੋਏ ਹਨ ਤੇ ਇਨ੍ਹਾਂ ਨੂੰ ਆਪਣੇ ਕੁਕਰਮਾਂ ਦਾ ਜਵਾਬ ਦੇਣਾ ਹੀ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਪੰਜਾਬ ਦੀ ਭੂਗੋਲਿਕ ਸਥਿਤੀ ਤੇ ਬੋਲੀ ਬਾਰੇ ਉਨ੍ਹਾਂ ਦੀ ਸਮਝ ’ਤੇ ਸਵਾਲ ਚੁੱਕੇ ਤੇ ਬਾਦਲ ਪਰਿਵਾਰ ਦੇ ਸਿਆਸੀ ਵਾਰਸ ਦੀ ਪੰਜਾਬੀ ਭਾਸ਼ਾ ’ਤੇ ਪਕੜ ਨੂੰ ਲੈ ਕੇ ਤਨਜ਼ ਕੱਸਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਭਾਸ਼ਾ ਤੇ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਇਹ ਆਗੂ ਕਦੇ ਵੀ ਇੱਥੋਂ ਦੇ ਲੋਕਾਂ ਦੀ ਆਵਾਜ਼ ਨਹੀਂ ਬਣ ਸਕਦੇ। ਕਾਂਗਰਸ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਇਹ ਪਾਰਟੀ ਇਸ ਲਈ ਹਾਸ਼ੀਏ ’ਤੇ ਹੈ ਕਿਉਂਕਿ ਇਸ ਦੇ ਆਗੂ ਜਨਤਾ ਦੀ ਸੇਵਾ ਕਰਨ ਦੀ ਥਾਂ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ’ਚ ਜ਼ਿਆਦਾ ਦਿਲਚਸਪੀ ਰੱਖਦੇ ਹਨ।
ਆਪਣੀ ਸਰਕਾਰ ਦੇ ਰੋਜ਼ਗਾਰ ਦੇ ਰਿਕਾਰਡ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਦੇ ਪੂਰੀ ਪਾਰਦਰਸ਼ਤਾ ਨਾਲ ਨਿਰੋਲ ਮੈਰਿਟ ਦੇ ਆਧਾਰ ’ਤੇ ਨੌਜਵਾਨਾਂ ਨੂੰ 70,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਜਦਕਿ ਪਹਿਲਾਂ ਨੌਜਵਾਨ ਪੰਜਾਬ ’ਚ ਰੋਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਦਾ ਰੁਖ਼ ਕਰਨ ਲਈ ਮਜਬੂਰ ਸਨ ਤੇ ਸਰਕਾਰੀ ਨੌਕਰੀਆਂ ਸਿਰਫ਼ ਪੈਸੇ ਤੇ ਸਿਆਸੀ ਪਹੁੰਚ ਵਾਲਿਆਂ ਨੂੰ ਹੀ ਮਿਲਦੀਆਂ ਸਨ। ਅੱਜ ਪੰਜਾਬ ’ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਇੱਕੋ-ਇੱਕ ਜ਼ਰੀਆ ਸਿਰਫ਼ ਮੈਰਿਟ ਹੀ ਹੈ। ਸਾਡੇ ਨੌਜਵਾਨਾਂ ਨੂੰ ਬਿਨਾਂ ਕੋਈ ਪੈਸਾ ਦਿੱਤੇ ਤੇ ਬਿਨਾਂ ਕਿਸੇ ਸਿਫ਼ਾਰਸ਼ ਦੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ ਨੌਕਰੀ ਲੈਣ ਦੇ ਮੌਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਪੜ੍ਹਾਈ ਲਿਖਾਈ ਕਰਨ, ਉਨ੍ਹਾਂ ਦੀ ਗਰੰਟੀ ਹੈ ਕਿ ਉਹ ਉਨ੍ਹਾਂ ਨੌਂਕਰੀਆਂ ਦੇਣਗੇ।
ਸਿੱਖਿਆ ਨੂੰ ਗ਼ਰੀਬੀ ਚੱਕਰ ਖ਼ਤਮ ਕਰਨ ਦਾ ਸਭ ਤੋਂ ਕਾਰਗਰ ਸਾਧਨ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਾਜ਼ਾ ਨਤੀਜਿਆਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ, ਜਦਕਿ 2021 ’ਚ ਇਹ ਗਿਣਤੀ ਸਿਰਫ਼ 80 ਸੀ। ਉਨ੍ਹਾਂ ਮਾਵਾਂ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਪੜ੍ਹਾਈ ਲਿਖਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸਿਰਫ਼ ਮੁਫ਼ਤ ਸਹੂਲਤਾਂ ਜਾਂ ਭਲਾਈ ਕਾਰਡਾਂ ਨਾਲ ਗ਼ਰੀਬੀ ਨੂੰ ਪੱਕੇ ਤੌਰ ’ਤੇ ਖ਼ਤਮ ਨਹੀਂ ਕੀਤਾ ਜਾ ਸਕਦਾ, ਸਗੋਂ ਮਿਆਰੀ ਸਿੱਖਿਆ ਹੀ ਸਥਾਈ ਮੌਕੇ ਤੇ ਸਮਾਜਿਕ ਤਰੱਕੀ ਪ੍ਰਦਾਨ ਕਰ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮਾਵਾਂ-ਧੀਆਂ ਦੇ ਮੋਬਾਈਲ ਫੋਨਾਂ ’ਤੇ ‘ਟੂੰ-ਟੂੰ’ ਹੋਵੇਗੀ। ਇਸ ਸਕੀਮ ਨਾਲ ਪੰਜਾਬ ਦੀਆਂ 97 ਫ਼ੀਸਦੀ ਔਰਤਾਂ ਨੂੰ ਲਾਭ ਮਿਲਣ ਦੀ ਉਮੀਦ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਸੂਬੇ ਦੇ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤੇ ਚਾਲੂ ਰੱਖਣ ਅਤੇ ਲੋੜੀਂਦੇ ਦਸਤਾਵੇਜ਼ ਤਿਆਰ ਰੱਖਣ ਤਾਂ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਦਿੱਕਤ ਦੇ ਵਿੱਤੀ ਸਹਾਇਤਾ ਮਿਲ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਬਣੇਗੀ ਤੇ ਇਹ ਸਹੂਲਤ ਜਾਰੀ ਰਹੇਗੀ। ਆਪਣੇ ਸੰਬੋਧਨ ਦੇ ਅੰਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਧਿਆਨ ਲੋਕ ਭਲਾਈ, ਰੋਜ਼ਗਾਰ, ਸਿੱਖਿਆ, ਸਿਹਤ, ਖੇਤੀਬਾੜੀ ਅਤੇ ਪੇਂਡੂ ਵਿਕਾਸ ਰਹੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਦੇ ਲੋਕ ਉਨ੍ਹਾਂ ਕਾਰਜਾਂ ਵਿੱਚ ਸਰਕਾਰ ਦਾ ਹਮੇਸ਼ਾ ਸਾਥ ਦੇਣਗੇ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸੂਬੇ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵੱਲ ਸੇਧਿਤ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ’ਚ ਕੀਤੇ ਗਏ ਕਾਰਜਾਂ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ।
ਦੌਰਾਨ ਮੁੱਖ ਮੰਤਰੀ ਨੇ ਪਿੰਡ ਕਮਾਲਪੁਰਾ ਦੇ ਸਰਵਪੱਖੀ ਵਿਕਾਸ ਲਈ ਸਰਪੰਚ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ। ਵਿਧਾਇਕ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਰਾਸਤੀ ਖੂੰਡਾ ਅਤੇ ਪਸ਼ਮੀਨਾ ਭੇਟ ਕਰ ਕੇ ਸਨਮਾਨਿਤ ਕੀਤਾ।
ਮਾਨ ਨੇ ਆਪਣੇ ਅੰਦਾਜ਼ ਨਾਲ ਲਾਈਆਂ ਰੌਣਕਾਂ
ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡਾ ਇਕੱਠ ਦੇਖ ਕੇ ਬਾਗੋਬਾਗ ਨਜ਼ਰ ਆਏ। ਉਨ੍ਹਾਂ ਆਪਣੇ ਕਾਮੇਡੀ ਵਾਲੇ ਅੰਦਾਜ਼ ’ਚ ਵਿਰੋਧੀ ਆਗੂਆਂ ’ਤੇ ਤਨਜ਼ ਕੱਸੇ ਤੇ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਦਿੱਤੀਆਂ। ਲੋਕ ਵੀ ਉਨ੍ਹਾਂ ਨੂੰ ਤੀਰ ਚਲਾਉਣ ਵਾਲਾ ਅੰਦਾਜ਼ਾ ਦਿਖਾਉਣ ਤੇ ਕਿੱਸੇ ਸੁਣਾਉਣ ਦੀ ਫ਼ਰਮਾਇਸ਼ ਕਰਦੇ ਰਹੇ। ਮੁੱਖ ਮੰਤਰੀ ਉਨ੍ਹਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਰਹੇ। ਉਨ੍ਹਾਂ ਸਾਬਕਾ ਅਕਾਲੀ ਮੰਤਰੀ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਦਾ ਜ਼ਿਕਰ ਕਰਦਿਆਂ ਕਿਹਾ, ‘ਹੁਣ ਉਸ ਨੂੰ ਬੈਂਗਣਾਂ ਦੀ ਤਰੀ ਖਾਣ ਲਈ ਤਿਆਰ ਰਹਿਣਾ ਚਾਹੀਦੈ’, ‘ਹੁਣ ਦੇਖਣਾ ਕਿ ਕਿਵੇਂ ‘ਚੀਂ-ਚੀਂ’ ਹੁੰਦੀ’ ਦੇ ਜੁਮਲੇ ਸੁਣਾਏ। ਇਕ ਹੋਰ ਅਕਾਲੀ ਆਗੂ ਦਾ ਨਾਂ ਲੈਂਦਿਆਂ ਵਾਇਰਲ ਗੀਤ ਦੇ ਬੋਲ ‘ਤੈਨੂੰ ਕਿਹਾ ਸੀ ਨਾ ਬਾਬਾ, ਮਾਲ ਤੇਜ਼ ਆ’ ਸੁਣਾਏ ਤਾਂ ਪੰਡਾਲ ’ਚ ਹਾਸਾ ਛਿੜ ਪਿਆ। ਕਰਵਾ ਚੌਥ ਦੇ ਵਰਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੇ ਘਰ ਦੀ ਗੱਲ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਘਰ ਜਾਣਾ ਹੀ ਪੈਣਾ ਹੈ, ਕਿਉਂਕਿ ਪਤਨੀ ਨੇ ਉਨ੍ਹਾਂ ’ਚੋਂ ਹੀ ਚੰਨ ਵੇਖਣਾ ਹੈ।
ਕਾਂਗਰਸ-ਭਾਜਪਾ ’ਤੇ ‘ਫਰੈਂਡਲੀ ਮੈਚ’ ਖੇਡਣ ਦਾ ਦੋਸ਼ ਲਾਇਆ
ਮਾਨ ਨੇ ਅਕਾਲੀ ਦਲ ਤੇ ਭਾਜਪਾ ਨੂੰ ਇੱਕੋ ਦੱਸਦਿਆਂ ਕਿਹਾ ਕਿ ਕਾਂਗਰਸ ਤੇ ਭਾਜਪਾ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੇ ਮਕਸਦ ਨਾਲ ‘ਫਰੈਂਡਲੀ ਮੈਚ’ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਧਿਆਨ ਲੋਕ ਹਿੱਤ ਦੇ ਮੁੱਦਿਆਂ ਦੀ ਬਜਾਏ ਸਿਆਸੀ ਵਿਰੋਧ ’ਤੇ ਕੇਂਦਰਿਤ ਹੈ। ਦੋਵੇਂ ਪਾਰਟੀਆਂ ਦੇ ਆਗੂ ਵਿਆਹਾਂ ’ਚ ਇਕ-ਦੂਜੇ ਨੂੰ ਜੱਫੀਆਂ ਪਾਉਂਦੇ ਦਿਖਾਈ ਦਿੰਦੇ ਹਨ। ਉਨ੍ਹਾਂ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ’ਚ ਉਸ ਦਾ ਕੋਈ ਆਧਾਰ ਨਹੀਂ ਰਿਹਾ।
