ਨਵੀਂ ਦਿੱਲੀ 29 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਮੱਧ ਪ੍ਰਦੇਸ਼ ਦੀ ਨੌਜਵਾਨ ਖੱਬੇ ਹੱਥ ਦੀ ਸਪਿੰਨਰ ਵੈਸ਼ਨਵੀ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਤੇ ਪ੍ਰਤੀਕਾ ਰਾਵਲ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਸਾਹਮਣੇ ਜ਼ਿੰਬਾਬਵੇ ਬੁੱਧਵਾਰ ਨੂੰ ਵਡੋਦਰਾ ’ਚ ਖੇਡੇ ਗਏ ਤੀਜੇ ਇੱਕ ਰੋਜ਼ਾ ਮੈਚ ’ਚ ਪੂਰੀ ਤਰ੍ਹਾਂ ਬੇਵੱਸ ਸੀ। ਵੈਸ਼ਨਵੀ ਨੇ ਪੰਜ ਵਿਕਟਾਂ ਲੈ ਕੇ ਮਹਿਮਾਨ ਟੀਮ ਦੀ ਬੱਲੇਬਾਜ਼ੀ ਨੂੰ ਢਾਹ ਦਿੱਤਾ, ਜਿਸ ਨਾਲ ਉਹ 39.5 ਓਵਰਾਂ ’ਚ 131 ਦੌੜਾਂ ’ਤੇ ਆਲ ਆਊਟ ਹੋ ਗਈ। ਪ੍ਰਤੀਕਾ (59) ਤੇ ਸ਼ੈਫਾਲੀ ਵਰਮਾ (51) ਨੇ ਫਿਰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤ ਨੇ ਤੀਜੇ ਮਹਿਲਾ ਇੱਕ ਰੋਜ਼ਾ ਮੈਚ ’ਚ ਅੱਠ ਵਿਕਟਾਂ ਦੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ 3-0 ਨਾਲ ਕਲੀਨ ਸਵੀਪ ਪੂਰਾ ਕੀਤਾ। ਭਾਰਤ ਨੇ ਪਹਿਲਾਂ ਟੀ-20 ਲੜੀ ਵੀ ਇਸੇ ਫਰਕ ਨਾਲ ਜਿੱਤੀ ਸੀ।

ਬੱਲੇਬਾਜ਼ ਵੈਸ਼ਨਵੀ ਦੀ ਸਪਿੰਨ ’ਚ ਉਲਝੇ

20 ਸਾਲਾ ਵੈਸ਼ਨਵੀ ਆਪਣੇ ਕਰੀਅਰ ਦਾ ਤੀਜਾ ਇਕ ਰੋਜ਼ਾ ਮੈਚ ਖੇਡ ਰਹੀ ਸੀ, ਨੇ 10 ਓਵਰਾਂ ’ਚ 39 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਉਸ ਨੇ ਆਪਣੀ ਫਲਾਈਟ ਤੇ ਸਪਿੰਨ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਜ਼ਿੰਬਾਬਵੇ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਸਯਾਲੀ ਨੇ ਆਪਣੇ ਪਹਿਲੇ ਹੀ ਓਵਰ ’ਚ ਲੋਰਿਨ ਫਿਰੀ ਨੂੰ ਵਿਕਟਕੀਪਰ ਹੱਥੋਂ ਕੈਚ ਕਰਵਾਇਆ। ਫਿਰ ਸ਼ੈਫਾਲੀ ਵਰਮਾ ਨੇ ਵਿਰੋਧੀ ਟੀਮ ਨੂੰ ਇੱਕ ਹੋਰ ਝਟਕਾ ਦਿੱਤਾ, ਜਿਸ ’ਚ ਚਿਪੋ ਮੁਗੇਰੀ-ਤਿਰੀਪਾਨੋ ਨੂੰ ਪੁਆਇੰਟ ’ਤੇ ਕੈਚ ਕਰਵਾਇਆ। ਸ਼ੁਰੂਆਤੀ ਵਿਕਟਾਂ ਨੇ ਜ਼ਿੰਬਾਬਵੇ ’ਤੇ ਦਬਾਅ ਵਧਾ ਦਿੱਤਾ। ਵੈਸ਼ਨਵੀ ਨੇ ਫਿਰ ਆਪਣਾ ਜਾਲ ਵਿਛਾ ਦਿੱਤਾ। ਉਸ ਨੇ ਪਹਿਲਾਂ ਬੀਲੋਵਡ ਬਿਜ਼ਾ ਨੂੰ ਆਊਟ ਕੀਤਾ ਤੇ ਫਿਰ ਚਲਾਕੀ ਨਾਲ ਮੋਡੇਸਟਰ ਮੁਪਾਚਿਕਵਾ ਨੂੰ ਸਟੰਪ ਕੀਤਾ, ਜੋ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ। ਮੁਪਾਚਿਕਵਾ ਨੇ 48 ਗੇਂਦਾਂ ’ਤੇ 37 ਦੌੜਾਂ ਬਣਾਈਆਂ ਤੇ ਟੀਮ ਦੀ ਸਭ ਤੋਂ ਵੱਧ ਸਕੋਰਰ ਸੀ। ਵੈਸ਼ਨਵੀ ਦਾ ਪੰਜਵਾਂ ਵਿਕਟ ਉਸ ਦੇ ਸਪੈੱਲ ਦੀ ਆਖਰੀ ਗੇਂਦ ’ਤੇ ਆਇਆ ਜਦੋਂ ਨਿਆਸ਼ਾ ਗਵਾਂਜ਼ੁਰਾ ਨੇ ਇੱਕ ਵੱਡਾ ਸਵੀਪ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਸ ਦੇ ਪੈਡ ਨਾਲ ਟਕਰਾ ਗਈ ਅਤੇ ਸਟੰਪ ‘ਤੇ ਚਲੀ ਗਈ।

ਪ੍ਰਤੀਕਾ ਦਾ ਅਰਧ ਸੈਂਕੜਾ, ਸ਼ੈਫਾਲੀ ਦਾ ਤੂਫਾਨ

132 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਨੂੰ ਯਾਸਿਤਕਾ ਭਾਟੀਆ ਦੇ ਰੂਪ ’ਚ ਸ਼ੁਰੂਆਤੀ ਝਟਕਾ ਲੱਗਾ। ਕਪਤਾਨ ਸਮ੍ਰਿਤੀ ਮੰਧਾਨਾ ਨੇ ਪ੍ਰਤੀਕਾ ਦੇ ਨਾਲ ਯਾਸਿਤਕਾ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ, ਪਰ ਉਹ ਪਹਿਲੀ ਹੀ ਗੇਂਦ ’ਤੇ ਮਿਡ-ਆਨ ’ਤੇ ਕੈਚ ਹੋ ਗਈ। ਪ੍ਰਤੀਕਾ ਨੇ ਫਿਰ ਜ਼ਿੰਮੇਵਾਰੀ ਸੰਭਾਲੀ, 56 ਗੇਂਦਾਂ ’ਤੇ ਅਜੇਤੂ 59 ਦੌੜਾਂ ਬਣਾਈਆਂ, ਜੋ ਕਿ ਉਸ ਦੇ ਵਨਡੇ ਕਰੀਅਰ ਦਾ 10ਵਾਂ ਅਰਧ ਸੈਂਕੜਾ ਸੀ। ਦੂਜੇ ਸਿਰੇ ’ਤੇ, ਸ਼ੈਫਾਲੀ ਵਰਮਾ ਨੇ ਚੌਥੇ ਨੰਬਰ ’ਤੇ ਹਮਲਾਵਰ ਬੱਲੇਬਾਜ਼ੀ ਕੀਤੀ, ਸਿਰਫ 26 ਗੇਂਦਾਂ ’ਤੇ ਅਜੇਤੂ 51 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਭਾਰਤ ਨੂੰ ਸਿਰਫ 17 ਓਵਰਾਂ ’ਚ ਟੀਚੇ ਤੱਕ ਪਹੁੰਚਾਇਆ। ਇਹ ਭਾਰਤ ਤੇ ਜ਼ਿੰਬਾਬਵੇ ਵਿਚਕਾਰ ਪਹਿਲੀ ਦੁਵੱਲੀ ਇਕ ਰੋਜ਼ਾ ਲੜੀ ਸੀ। ਭਾਰਤ ਨੇ ਟੀ-20 ਲੜੀ ਵੀ 3-0 ਨਾਲ ਜਿੱਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।