27 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਮਾਸਪੇਸ਼ੀਆਂ ਤੇ ਦਿਲ ਦੀ ਸਿਹਤ ਲਈ ਵਿਟਾਮਿਨ ਡੀ3, ਵਿਟਾਮਿਨ ਡੀ2 ਨਾਲੋਂ ਵਧੇਰੇ ਅਸਰਦਾਰ ਹੈ। ਹੈਦਰਾਬਾਦ ਸਥਿਤ ਆਈਸੀਐੱਮਆਰ-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰਿਸ਼ਨ ਦੇ ਖੋਜਕਰਤਾਵਾਂ ਮੁਤਾਬਕ, ਨਰ ਚੂਹਿਆਂ ਵਿਚ ਕੰਕਾਲੀ ਮਾਸਪੇਸ਼ੀਆਂ ਤੇ ਦਿਲ ਦੇ ਕੰਮਕਾਜ ਨੂੰ ਬਿਹਤਰ ਰੱਖਣ ਵਿਚ ਵਿਟਾਮਿਨ ਡੀ3, ਡੀ2 ਨਾਲੋਂ ਵਧੇਰੇ ਪ੍ਰਭਾਵਸ਼ਾਲੀ ਪਾਇਆ ਗਿਆ। ਇਹ ਅਧਿਐਨ ‘ਮੌਲੀਕਿਊਲਰ ਨਿਊਟ੍ਰਿਸ਼ਨ ਐਂਡ ਫੂਡ ਰਿਸਰਚ’ ਰਸਾਲੇ ਵਿਚ ਪ੍ਰਕਾਸ਼ਿਤ ਹੋਇਆ ਹੈ।

ਖੋਜਕਰਤਾਵਾਂ ਨੇ ਚੂਹਿਆਂ ਵਿਚ ਵਿਟਾਮਿਨ ਡੀ ਦੀ ਕਮੀ ਦੂਰ ਕਰਨ ਅਤੇ ਇਸ ਦਾ ਪੱਧਰ ਕਾਇਮ ਰੱਖਣ ਦੀ ਪ੍ਰਕਿਰਿਆ ਦੌਰਾਨ, ਕੰਕਾਲੀ ਮਾਸਪੇਸ਼ੀਆਂ ਅਤੇ ਦਿਲ ਨਾਲ ਜੁੜੇ ਵੱਖ-ਵੱਖ ਮਾਪਦੰਡਾਂ ਉੱਤੇ ਵਿਟਾਮਿਨ ਡੀ2 ਅਤੇ ਡੀ3 ਦੇ ਅਸਰਾਂ ਦੀ ਤੁਲਨਾ ਕੀਤੀ। ਵਿਟਾਮਿਨ ਡੀ ਨੂੰ ਕੈਲਸ਼ੀਅਮ ਦੇ ਸੰਤੁਲਨ ਅਤੇ ਹੱਡੀਆਂ ਦੀ ਸਿਹਤ ’ਚ ਇਸ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਇਹ ਕੰਕਾਲ ਦੀਆਂ ਮਾਸਪੇਸ਼ੀਆਂ ਅਤੇ ਦਿਲ ਸਮੇਤ ਸਰੀਰ ਦੇ ਹੋਰ ਟਿਸ਼ੂਆਂ ’ਚ ਵੀ ਕੰਮ ਕਰਦਾ ਹੈ।

ਵਿਟਾਮਿਨ ਡੀ ਮੁੱਖ ਤੌਰ ’ਤੇ ਦੋ ਰੂਪਾਂ, ਡੀ2 ਅਤੇ ਡੀ3 ’ਚ ਮਿਲਦਾ ਹੈ। ਇਨ੍ਹਾਂ ਦੋਵਾਂ ਦੀ ਵਰਤੋਂ ਖੁਰਾਕੀ ਪੂਰਕਾਂ ਅਤੇ ਭੋਜਨ ਪਦਾਰਥਾਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਕਰਨ ਲਈ ਕੀਤੀ ਜਾਂਦੀ ਹੈ। ਪਰ ਖੋਜਕਰਤਾਵਾਂ ਮੁਤਾਬਕ, ਹੱਡੀਆਂ ਦੀ ਸਿਹਤ ਤੋਂ ਇਲਾਵਾ ਇਨ੍ਹਾਂ ਦੋਵਾਂ ਰੂਪਾਂ ਦੇ ਅਸਰ ਇੱਕੋ ਜਿਹੇ ਹਨ ਜਾਂ ਨਹੀਂ, ਇਸ ਬਾਰੇ ਸਬੂਤ ਬਹੁਤ ਘੱਟ ਹਨ।

ਇਨ੍ਹਾਂ ਫ਼ਰਕਾਂ ਦੀ ਜਾਂਚ ਲਈ ਖੋਜਕਰਤਾਵਾਂ ਨੇ ਨਰ ਚੂਹਿਆਂ ਨੂੰ ਵੱਖ-ਵੱਖ ਕਿਸਮਾਂ ਦੀ ਖੁਰਾਕ ਦਿੱਤੀ। ਇਨ੍ਹਾਂ ਵਿਚ ਵਿਟਾਮਿਨ ਡੀ2 ਵਾਲੀ ਖੁਰਾਕ, ਡੀ3 ਵਾਲੀ ਖੁਰਾਕ, ਦੋਵਾਂ ਦੇ ਮਿਸ਼ਰਣ ਵਾਲੀ ਖੁਰਾਕ ਅਤੇ ਵਿਟਾਮਿਨ ਡੀ ਤੋਂ ਰਹਿਤ ਖੁਰਾਕ ਸ਼ਾਮਲ ਸੀ। ਅਧਿਐਨ ’ਚ ਪਾਇਆ ਕਿ ਡੀ2 ਦੇ ਮੁਕਾਬਲੇ ਡੀ3 ਨਾਲ ਮਾਸਪੇਸ਼ੀਆਂ ਦੇ ਭਾਰ ਅਤੇ ਫੜਨ ਦੀ ਸ਼ਕਤੀ ’ਚ ਵਧੇਰੇ ਸੁਧਾਰ ਹੋਇਆ। ਮਾਸਪੇਸ਼ੀਆਂ ਦੇ ਵਿਕਾਸ ਅਤੇ ਊਰਜਾ ਦੇ ਮੈਟਾਬੋਲਿਜ਼ਮ ਨਾਲ ਜੁੜੇ ਸੰਕੇਤਕਾਂ ’ਤੇ ਵੀ ਡੀ3 ਦਾ ਅਸਰ ਵਧੇਰੇ ਚੰਗਾ ਰਿਹਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।