ਚੰਡੀਗੜ੍ਹ 21 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਪੰਜਾਬ-ਵਿਰੋਧੀ ਚਾਲਾਂ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਪੰਜਾਬੀਅਤ ਨੂੰ ਨੀਵਾਂ ਦਿਖਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
ਪੰਨੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਤੋਂ ਵਾਪਸੀ ‘ਤੇ ਦਿੱਲੀ ਏਅਰਪੋਰਟ ‘ਤੇ ਜਾਣ-ਬੁੱਝ ਕੇ ਤਿੰਨ ਘੰਟੇ ਰੋਕ ਕੇ ਰੱਖਿਆ ਗਿਆ ਅਤੇ ਉਸ ਤੋਂ ਬਾਅਦ 50,000 ਰੁਪਏ ਦਾ ਬੇਤੁਕਾ ਚਲਾਨ ਵੀ ਕੱਟ ਦਿੱਤਾ ਗਿਆ, ਜੋ ਕਿ ਪੰਜਾਬ ਦੀ ਹੋਂਦ ਅਤੇ ਸਨਮਾਨ ‘ਤੇ ਸਿੱਧਾ ਹਮਲਾ ਹੈ।
ਬਲਤੇਜ ਪੰਨੂ ਨੇ ਕੇਂਦਰ ਸਰਕਾਰ ਦੀਆਂ ਪੰਜਾਬ-ਵਿਰੋਧੀ ਨੀਤੀਆਂ ਦੀ ਸੂਚੀ ਗਿਣਾਉਂਦਿਆਂ ਕਿਹਾ ਕਿ ਚਾਹੇ ਦਿੱਲੀ ਦੀਆਂ ਸਰਹੱਦਾਂ ‘ਤੇ ਡੇਢ ਸਾਲ ਤੱਕ ਕਿਸਾਨਾਂ ਨੂੰ ਜ਼ਬਰਦਸਤੀ ਬਿਠਾ ਕੇ ਰੱਖਣਾ ਹੋਵੇ, ਜਾਂ ਪੰਜਾਬ ਦੇ ਹੱਕ ਦੇ ਫੰਡ ਰੋਕ ਕੇ ਰੱਖਣੇ ਹੋਣ, ਕੇਂਦਰ ਸਰਕਾਰ ਹਰ ਪੱਧਰ ‘ਤੇ ਪੰਜਾਬ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਦੀ ਰਹੀ ਹੈ।
ਪੰਨੂ ਨੇ ਕਿਹਾ ਕਿ ਹੁਣ ਤੱਕ ਘੱਟੋ-ਘੱਟ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਮੋਦੀ ਸਰਕਾਰ ਨੂੰ ਡਰ ਹੈ ਕਿ ਜੇਕਰ ਮੁੱਖ ਮੰਤਰੀ ਵਿਦੇਸ਼ ਗਏ ਤਾਂ ਉੱਥੋਂ ਨਿਵੇਸ਼ ਅਤੇ ਫੰਡ ਲਿਆ ਕੇ ਪੰਜਾਬ ਨੂੰ ਤਰੱਕੀ ਦੀ ਰਾਹ ‘ਤੇ ਲੈ ਜਾਣਗੇ।
ਹਾਈ ਕੋਰਟ ਦੇ ਆਦੇਸ਼ਾਂ ‘ਤੇ ਗਏ ਫਰਾਂਸ
ਪੰਨੂ ਨੇ ਦੱਸਿਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ-ਹਰਿਆਣਾ ਉੱਚ ਅਦਾਲਤ ਦੇ ਆਦੇਸ਼ਾਂ ਅਨੁਸਾਰ ਪੈਰਿਸ (ਫਰਾਂਸ) ਦੀ ਯਾਤਰਾ ਕੀਤੀ, ਜਿੱਥੇ ਉਹ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਫੂਡ ਫੈਸਟੀਵਲ ਵਿੱਚ ਪੰਜਾਬ ਦੇ ਮਸ਼ਹੂਰ ਰਾਜਮਾ ਅਤੇ ਸਫੇਦ ਛੋਲੇ ਵਰਗੇ ਉਤਪਾਦ ਲਾਂਚ ਕਰਨ ਗਏ ਸਨ ਤਾਂ ਉੱਥੇ ਵੀ ਕੇਂਦਰ ਸਰਕਾਰ ਨੇ ਆਪਣੀ ਸੌੜੀ ਮਾਨਸਿਕਤਾ ਦਾ ਸਬੂਤ ਦਿੱਤਾ।ਮਾਣਯੋਗ ਹਾਈ ਕੋਰਟ ਨੇ ਸਪੱਸ਼ਟ ਆਦੇਸ਼ ਦਿੱਤੇ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦਾ ਬਣਦਾ ਪ੍ਰੋਟੋਕੋਲ ਦਿੱਤਾ ਜਾਵੇ ਪਰ ਕੇਂਦਰ ਦੀ ਬਦਨੀਤੀ ਦੇਖੋ ਕਿ ਪੈਰਿਸ ਵਿੱਚ ਕੌਂਸਲ ਜਨਰਲ ਵੀ ਮੁੱਖ ਮੰਤਰੀ ਨੂੰ ਮਿਲਣ ਨਹੀਂ ਆਇਆ।
ਜਾਨ-ਬੁੱਝ ਕੇ ਤਿੰਨ ਘੰਟੇ ਰੋਕਿਆ ਗਿਆ
ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਖਿਝ ਅਤੇ ਬਦਨੀਤੀ ਇੱਥੇ ਹੀ ਨਹੀਂ ਰੁਕੀ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਤੋਂ ਵਾਪਸ ਪਰਤ ਕੇ ਦਿੱਲੀ ਏਅਰਪੋਰਟ ਪਹੁੰਚੇ ਤਾਂ ਉਨ੍ਹਾਂ ਨੂੰ ਜਾਣ-ਬੁੱਝ ਕੇ ਤਿੰਨ ਘੰਟੇ ਰੋਕ ਕੇ ਰੱਖਿਆ ਗਿਆ। ਬਹਾਨੇਬਾਜ਼ੀ ਇਹ ਕੀਤੀ ਗਈ ਕਿ “ਤੁਹਾਡਾ ਸਾਮਾਨ ਅਜੇ ਆ ਰਿਹਾ ਹੈ”, “ਤੁਹਾਡਾ ਸਾਮਾਨ ਅਜੇ ਚੈੱਕ ਕੀਤਾ ਜਾ ਰਿਹਾ ਹੈ”, ਜੋ ਕਿ ਸਰਾਸਰ ਝੂਠ ਅਤੇ ਪੰਜਾਬ ਦੀ ਤੌਹੀਨ ਹੈ।
ਪੰਨੂ ਨੇ ਦੱਸਿਆ ਕਿ ਤਿੰਨ ਘੰਟੇ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣ ਦਿੱਤਾ ਗਿਆ ਅਤੇ ਸਾਮਾਨ ਗੱਡੀ ਵਿੱਚ ਰੱਖ ਕੇ ਜਾਣ ਲੱਗੇ ਤਾਂ ਉਸੇ ਸਮੇਂ ਅਧਿਕਾਰੀ ਪਿੱਛੇ ਦੌੜ ਕੇ ਆਏ ਅਤੇ ਕਿਹਾ ਕਿ ਉਨ੍ਹਾਂ ‘ਤੇ “ਉੱਪਰੋਂ ਬਹੁਤ ਪ੍ਰੈਸ਼ਰ” ਹੈ ਅਤੇ 50,000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਇਹ ਗੱਲ ਖ਼ੁਦ ਅਧਿਕਾਰੀਆਂ ਨੇ ਸਵੀਕਾਰ ਕੀਤੀ ਕਿ ਉਨ੍ਹਾਂ ‘ਤੇ ਦਬਾਅ ਹੈ, ਜੋ ਇਹ ਸਾਬਤ ਕਰਦਾ ਹੈ ਕਿ ਇਹ ਸਭ ਕੁਝ ਉੱਪਰੋਂ ਆਏ ਹੁਕਮਾਂ ਤਹਿਤ ਕੀਤਾ ਗਿਆ ਹੈ।
ਪੰਜਾਬ ਦੀ ਤਰੱਕੀ ਤੋਂ ਡਰਦਾ ਹੈ ਕੇਂਦਰ
ਬਲਤੇਜ ਪੰਨੂ ਨੇ ਸਵਾਲ ਕੀਤਾ, “ਕੀ ਕਦੇ ਕਿਸੇ ਭਾਰਤੀ ਰਾਜ ਦੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਹਵਾਈ ਅੱਡੇ ‘ਤੇ ਤਿੰਨ ਘੰਟੇ ਲਈ ਰੋਕਿਆ ਗਿਆ ਹੈ? ਕੀ ਕਦੇ ਕਿਸੇ ਮੁੱਖ ਮੰਤਰੀ ਨੂੰ 50,000 ਰੁਪਏ ਦਾ ਜੁਰਮਾਨਾ ਲਗਾ ਕੇ ਅਪਮਾਨਿਤ ਕੀਤਾ ਗਿਆ ਹੈ? ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਭਗਵੰਤ ਮਾਨ ਇੱਕ ਪੰਜਾਬੀ ਹਨ, ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਪੰਜਾਬ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੇ ਹਨ।”
ਪੰਨੂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੀ ਤਰੱਕੀ ਤੋਂ ਡਰਦੀ ਹੈ। ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਕਿਸੇ ਵੀ ਤਰ੍ਹਾਂ ਤਰੱਕੀ ਕਰੇ, ਨਾ ਹੀ ਇਹ ਚਾਹੁੰਦੀ ਹੈ ਕਿ ਪੰਜਾਬੀਆਂ ਕੋਲ ਇੱਕ ਅਜਿਹਾ ਮੁੱਖ ਮੰਤਰੀ ਹੋਵੇ ਜੋ ਪੰਜਾਬ ਦੀ ਭਲਾਈ ਦੀ ਪਰਵਾਹ ਕਰੇ। ਕੇਂਦਰ ਸਰਕਾਰ ਰੁਕਾਵਟਾਂ ਪੈਦਾ ਕਰ ਰਹੀ ਹੈ ਅਤੇ ਹਰ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰ ਰਹੀ ਹੈ ਪਰ ਕੋਈ ਵੀ ਪੰਜਾਬ ਦੇ ਸਵੈ-ਮਾਣ ਨੂੰ ਦਬਾ ਨਹੀਂ ਸਕਦਾ।
