14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਆਪਣੇ ਅਹੁਦੇ ਦੀ ਵਰਤੋਂ ਨਿੱਜੀ ਮੁਨਾਫ਼ਾ ਕਮਾਉਣ ਲਈ ਕਰਨ ਦੇ ਦੋਸ਼ ਲੱਗ ਰਹੇ ਹਨ। ਐਸੋਸੀਏਟਿਡ ਪ੍ਰੈੱਸ ਤੇ ਐਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ’ਚ 60 ਫ਼ੀਸਦੀ ਅਮਰੀਕੀ ਨਾਗਰਿਕਾਂ ਨੇ ਮੰਨਿਆ ਕਿ ਟਰੰਪ ਗੈਰ-ਕਾਨੂੰਨੀ ਜਾਂ ਅਨੈਤਿਕ ਤਰੀਕੇ ਨਾਲ ਆਰਥਿਕ ਲਾਭ ਉਠਾ ਰਹੇ ਹਨ।

ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਆਮ ਨਾਗਰਿਕਾਂ ਦੀਆਂ ਲੋੜਾਂ ਦੀ ਬਜਾਏ ਆਪਣੇ ਵਿੱਤੀ ਹਿੱਤਾਂ ਨੂੰ ਵੱਧ ਤਰਜੀਹ ਦੇ ਰਹੇ ਹਨ। ਹਾਲਾਂਕਿ, ਵ੍ਹਾਈਟ ਹਾਊਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਟਰੰਪ ਪੂਰੀ ਇਮਾਨਦਾਰੀ ਨਾਲ ਦੇਸ਼ ਲਈ ਕੰਮ ਕਰ ਰਹੇ ਹਨ।

ਕਾਰੋਬਾਰ ਤੇ ਪਰਿਵਾਰ ਨੂੰ ਤਰਜੀਹ ਦੇਣ ’ਤੇ ਉੱਠੇ ਸਵਾਲ

ਸਰਵੇਖਣ ’ਚ 56 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਆਪਣੇ ਨਿੱਜੀ ਕਾਰੋਬਾਰ ਵੱਲ ਵੱਧ ਧਿਆਨ ਦੇ ਰਹੇ ਹਨ, ਜਦਕਿ 54 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਦੋਸਤਾਂ ਤੇ ਪਰਿਵਾਰ ਦੇ ਕਾਰੋਬਾਰੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ। ਲਗਭਗ 10 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਆਪਣੇ ਵਰਗੇ ਲੋਕਾਂ ਦੇ ਹਿੱਤਾਂ ਵੱਲ ਵੱਧ ਧਿਆਨ ਦਿੰਦੇ ਹਨ।

ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ’ਚ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇੱਕ ਇੰਟਰਵਿਊ ’ਚ ਹਿੱਤਾਂ ਦੇ ਟਕਰਾਅ ਤੋਂ ਇਨਕਾਰ ਕੀਤਾ ਸੀ। ਆਪਣੇ ਪਹਿਲੇ ਕਾਰਜਕਾਲ ਦੇ ਉਲਟ, ਇਸ ਵਾਰ ਉਨ੍ਹਾਂ ਨੇ ਪਰਿਵਾਰਕ ਕਾਰੋਬਾਰੀ ਸੌਦਿਆਂ ’ਤੇ ਲਗਾਈਆਂ ਗਈਆਂ ਕੁਝ ਪਾਬੰਦੀਆਂ ਹਟਾ ਦਿੱਤੀਆਂ ਤੇ ਕ੍ਰਿਪਟੋ ਦੇ ਨਵੇਂ ਕਾਰੋਬਾਰ ਸ਼ੁਰੂ ਕੀਤੇ। ਸੰਘੀ ਵਿੱਤੀ ਖੁਲਾਸਿਆਂ ’ਚ ਉਨ੍ਹਾਂ ਨੇ ਨਵੇਂ ਕ੍ਰਿਪਟੋ ਕਾਰੋਬਾਰਾਂ ਤੋਂ ਇੱਕ ਅਰਬ ਡਾਲਰ ਦੀ ਕਮਾਈ ਹੋਣ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟ ਮੁਤਾਬਕ, ਸੰਯੁਕਤ ਅਰਬ ਅਮੀਰਾਤ ਦੇ ਸ਼ਾਹੀ ਪਰਿਵਾਰ ਨੇ ਟਰੰਪ ਦੇ ਕ੍ਰਿਪਟੋ ਕਾਰੋਬਾਰ ’ਚ 50 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਅਮਰੀਕਾ ’ਚ ਕਾਨੂੰਨੀ ਸੰਕਟ ਦਾ ਸਾਹਮਣਾ ਕਰ ਰਹੇ ਇੱਕ ਚੀਨੀ ਅਰਬਪਤੀ ਦੀ ਕ੍ਰਿਪਟੋਕਰੰਸੀ ਕੰਪਨੀ ਨੇ ਵੀ ਉਨ੍ਹਾਂ ਦੇ ਕਾਰੋਬਾਰ ’ਚ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ, ਟਰੰਪ ਆਰਗੇਨਾਈਜ਼ੇਸ਼ਨ ਨੇ ਰੀਅਲ ਅਸਟੇਟ ਖੇਤਰ ’ਚ ਅੱਠ ਦੇਸ਼ਾਂ ’ਚ ਸਮਝੌਤੇ ਕੀਤੇ ਹਨ।

ਸਮਰਥਕਾਂ ’ਚ ਵੀ ਮਤਭੇਦ

ਸਰਵੇਖਣ ’ਚ 40 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਕੁਝ ਗੈਰ-ਕਾਨੂੰਨੀ ਕੰਮ ਕਰ ਰਹੇ ਹਨ, ਜਦਕਿ 20 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੇ ਵਿਹਾਰ ਨੂੰ ਅਨੈਤਿਕ, ਪਰ ਗੈਰ-ਕਾਨੂੰਨੀ ਨਹੀਂ ਮੰਨਿਆ। ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕਾਂ ’ਚੋਂ 80 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਟਰੰਪ ਨੇ ਕਾਨੂੰਨ ਤੋੜਿਆ ਹੈ। ਇਸ ਦੇ ਉਲਟ, ਰਿਪਬਲਿਕਨ ਪਾਰਟੀ ਦੇ ਸਮਰਥਕਾਂ ’ਚੋਂ 30 ਫ਼ੀਸਦੀ ਲੋਕਾਂ ਨੇ ਮੰਨਿਆ ਕਿ ਟਰੰਪ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਇਨ੍ਹਾਂ ’ਚੋਂ 10 ਫ਼ੀਸਦੀ ਨੇ ਉਨ੍ਹਾਂ ਦੇ ਕੰਮਾਂ ਨੂੰ ਗੈਰ-ਕਾਨੂੰਨੀ, ਜਦਕਿ 20 ਫ਼ੀਸਦੀ ਨੇ ਅਨੈਤਿਕ ਪਰ ਗੈਰ-ਕਾਨੂੰਨੀ ਨਹੀਂ ਦੱਸਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।