ਮਾਨਸਾ 13 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕਰੀਬ 39 ਸਾਲਾ ਪਰਵਿੰਦਰ ਸਿੰਘ ਝੋਟਾ ਇੱਕ ਪੇਸ਼ੇਵਰ ਮੁੱਕੇਬਾਜ਼ ਸੀ, ਜਿਸ ਨੇ ਖ਼ੁਦ ਨਸ਼ਿਆਂ ਦੀ ਗ੍ਰਿਫ਼ਤ ’ਚੋਂ ਬਾਹਰ ਨਿਕਲ ਕੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ। ਕਰੀਬ 8 ਸਾਲ ਨਸ਼ਿਆਂ ਤੋਂ ਦੂਰ ਰਹਿਣ ਤੋਂ ਬਾਅਦ ਜਦੋਂ ਉਸ ਨੇ ਪੰਜਾਬ ਦੇ ਵਿਗੜਦੇ ਹਾਲਾਤ ਦੇਖੇ ਤਾਂ ਅਪ੍ਰੈਲ 2023 ‘ਚ ਮਾਨਸਾ ਵਿਖੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਅਤੇ ਮਾਰਗਦਰਸ਼ਨ ਲਿਆ। ਇਸ ਤੋਂ ਬਾਅਦ ਮੁਹਿੰਮ ਦਾ ਨਾਂ ‘ਨਸ਼ਾ ਰੋਕੋ, ਰੁਜ਼ਗਾਰ ਦਿਓ’ ਰੱਖਿਆ ਗਿਆ।

ਜਿਵੇਂ-ਜਿਵੇਂ ਪਰਵਿੰਦਰ ਸਿੰਘ ਝੋਟਾ ਦੀ ਮੁਹਿੰਮ ਅੱਗੇ ਵਧੀ, ਉਸ ਨੇ ਪਿੰਡਾਂ ‘ਚ ਮੈਡੀਕਲ ਸਟੋਰਾਂ ਅਤੇ ਘਰਾਂ ’ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਲੋਕਾਂ ਨੂੰ ਨਸ਼ਾ ਨਾ ਵੇਚਣ ਅਤੇ ਨਸ਼ਾ ਨਾ ਕਰਨ ਦੀ ਸਲਾਹ ਦਿੰਦਾ ਸੀ। ਹੌਲੀ-ਹੌਲੀ ਉਹ ਮਾਨਸਾ ਅਤੇ ਬਠਿੰਡਾ ‘ਚ ਪ੍ਰਸਿੱਧ ਹੋਣ ਲੱਗਾ। ਇਸ ਦਾ ਅਸਰ ਇਹ ਹੋਇਆ ਕਿ ਮਾਨਸਾ ਅਤੇ ਬਠਿੰਡਾ ਦੇ ਪਿੰਡਾਂ ‘ਚ ਲੋਕਾਂ ਨੇ ‘ਨਸ਼ਾ ਰੋਕੋ ਕਮੇਟੀਆਂ’ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਪਰਵਿੰਦਰ ਸਿੰਘ ਝੋਟਾ ਖ਼ਿਲਾਫ਼ ਦਰਜ ਹੋਏ ਮਾਮਲੇ

ਇਸ ਮੁਹਿੰਮ ਦੇ ਨਾਲ ਹੀ ਪਰਵਿੰਦਰ ਸਿੰਘ ਝੋਟਾ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਸਾਲ 2023 ‘ਚ ਹੀ ਜਦੋਂ ਪਰਵਿੰਦਰ ਸਿੰਘ ਨੇ ਇੱਕ ਕੈਮਿਸਟ ਦੀ ਦੁਕਾਨ ’ਤੇ ਛਾਪਾ ਮਾਰਿਆ ਤਾਂ ਇੱਕ ਬੱਚਾ 400 ਰੁਪਏ ਦੀਆਂ ਗੋਲੀਆਂ ਲੈ ਕੇ ਬਾਹਰ ਨਿਕਲਿਆ। ਪਰਵਿੰਦਰ ਸਿੰਘ ਨੇ ਉਸ ਨੂੰ ਰੋਕਿਆ ਅਤੇ ਕੈਮਿਸਟ ਦੀ ਦੁਕਾਨ ਦੇ ਮਾਲਕ ਤੋਂ ਪੈਸੇ ਵਾਪਸ ਕਰਵਾਏ। ਪਰ ਇਸ ਮਾਮਲੇ ‘ਚ ਪਰਵਿੰਦਰ ਸਿੰਘ ਖ਼ਿਲਾਫ਼ 400 ਰੁਪਏ ਦੀ ਵਸੂਲੀ ਕਰਨ ਦਾ ਕੇਸ ਦਰਜ ਕਰ ਲਿਆ ਗਿਆ।

ਇਹ ਮਾਮਲਾ ਭਖ ਗਿਆ ਤਾਂ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਅਤੇ ਪਰਵਿੰਦਰ ਸਿੰਘ ਇਸ ਕੇਸ ‘ਚੋਂ ਬਾਹਰ ਆ ਗਿਆ। ਹਾਲਾਂਕਿ, ਇਹ ਉਸ ਦੇ ਖ਼ਿਲਾਫ਼ ਦਰਜ ਹੋਣ ਵਾਲਾ ਇਕੱਲਾ ਮਾਮਲਾ ਨਹੀਂ ਸੀ। ਇੱਕ ਸਾਲ ਦੇ ਅੰਦਰ ਹੀ ਪਰਵਿੰਦਰ ਸਿੰਘ ਨਾਲ ਸਬੰਧਤ ਅਜਿਹੀਆਂ ਦੋ ਤੋਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਸਨ।

ਕਤਲ ਦੀ ਕੋਸ਼ਿਸ਼ ਦਾ ਮਾਮਲਾ ਵੀ ਹੋਇਆ ਦਰਜ

ਇਸ ਇੱਕ ਸਾਲ ਦੌਰਾਨ ਮੈਡੀਕਲ ਸਟੋਰਾਂ ਜਾਂ ਨਸ਼ਾ ਵੇਚਣ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ’ਤੇ ਇਸੇ ਤਰ੍ਹਾਂ ਛਾਪੇ ਮਾਰਨ ਨਾਲ ਜੁੜੇ ਦੋ ਹੋਰ ਮਾਮਲਿਆਂ ‘ਚ ਵੀ ਪਰਵਿੰਦਰ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ। ਇੱਕ ਹੋਰ ਮਾਮਲੇ ‘ਚ ਉਸ ’ਤੇ ਨਸ਼ੇ ਦੇ ਆਦੀ ਵਿਅਕਤੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਲਾਇਆ ਗਿਆ ਸੀ।

ਰਿਪੋਰਟ ਅਨੁਸਾਰ, ਜ਼ਿਆਦਾਤਰ ਮਾਮਲਿਆਂ ‘ਚ ਪੁਲਿਸ ਨੇ ਇਹ ਕਹਿੰਦਿਆਂ ਪਰਵਿੰਦਰ ਸਿੰਘ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਕਿ ਮਾਮਲੇ ‘ਚ ਉਸ ਦਾ ਨਾਂ ਗ਼ਲਤ ਤਰੀਕੇ ਨਾਲ ਦਰਜ ਕੀਤਾ ਗਿਆ ਸੀ।

ਅੱਜ ਕੈਮਿਸਟ ਦੀ ਦੁਕਾਨ ਦੇ ਮਾਲਕ ਨੇ ਹੀ ਕਰ ਦਿੱਤਾ ਕਤਲ

ਮਾਨਸਾ ‘ਚ ਅੱਜ ਇੱਕ ਕੈਮਿਸਟ ਦੀ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਪਰਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਪਰਵਿੰਦਰ ਸਿੰਘ ਨੇ ਇਸ ਕੈਮਿਸਟ ਦੀ ਦੁਕਾਨ ਦੇ ਮਾਲਕ ਖ਼ਿਲਾਫ਼ ਆਵਾਜ਼ ਉਠਾਈ ਸੀ। ਉਹ ਲਾਈਵ ਹੋ ਕੇ ਕੈਮਿਸਟ ਸ਼ਾਪ ਦੇ ਮਾਲਕ ਬਾਰੇ ਆਪਣੀ ਗੱਲ ਰੱਖ ਰਿਹਾ ਸੀ। ਇਸ ਤੋਂ ਬਾਅਦ ਦੁਕਾਨ ਦੇ ਮਾਲਕ ਨੇ ਪਿਸਤੌਲ ਕੱਢੀ ਅਤੇ ਪਰਵਿੰਦਰ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਹਸਪਤਾਲ ‘ਚ ਪਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਕਾਤਲ ਦੇ ਗਲ ‘ਚ ਪਾਇਆ ਸੀ ਜੁੱਤੀਆਂ ਦਾ ਹਾਰ

ਸਾਲ 2023 ‘ਚ ਜਦੋਂ ਪਰਵਿੰਦਰ ਸਿੰਘ ਨੇ ਕੈਮਿਸਟ ਦੀਆਂ ਦੁਕਾਨਾਂ ਦੇ ਮਾਲਕਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ, ਉਸੇ ਸਮੇਂ ਉਸ ਦਾ ਅਸ਼ਵਨੀ ਕੁਮਾਰ ਨਾਲ ਵੀ ਆਹਮੋ-ਸਾਹਮਣਾ ਹੋਇਆ ਸੀ। ਪੁਲਿਸ ਨੂੰ ਅਸ਼ਵਨੀ ਦੀ ਦੁਕਾਨ ਤੋਂ 39 ਨਸ਼ੀਲੀਆਂ ਗੋਲੀਆਂ ਮਿਲੀਆਂ ਸਨ। ਇਸ ਤੋਂ ਬਾਅਦ ਪਰਵਿੰਦਰ ਸਿੰਘ ਨੇ ਅਸ਼ਵਨੀ ਕੁਮਾਰ ਦੇ ਗਲ ‘ਚ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਗਲੀਆਂ ‘ਚ ਘੁਮਾਇਆ ਸੀ।

ਸਾਲ 2023 ਦੀ ਇਸ ਘਟਨਾ ਤੋਂ ਬਾਅਦ ਵੀ ਅਸ਼ਵਨੀ ਅਤੇ ਪਰਵਿੰਦਰ ਵਿਚਕਾਰ ਕਈ ਵਾਰ ਬਹਿਸ ਹੋ ਚੁੱਕੀ ਸੀ। ਹੁਣ ਇਸੇ ਪੁਰਾਣੇ ਵਿਵਾਦ ਨਾਲ ਜੁੜੇ ਮਾਮਲੇ ‘ਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਹੋਣ ਤੋਂ ਬਾਅਦ ਇਲਾਕੇ ‘ਚ ਰੋਸ ਪਾਇਆ ਜਾ ਰਿਹਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।