ਫ਼ਰੀਦਕੋਟ,09 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਫ਼ਰੀਦਕੋਟ ਸ੍ਰੀ ਰਾਹੁਲ ਚਾਬਾ, ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟਾਫ਼ ਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ ਅਗਲੀ ਪੀੜ੍ਹੀ ਦੇ ਚੋਣ ਡਾਟਾ ਸੂਚਨਾ ਪ੍ਰਣਾਲੀ ਸਾਫ਼ਟਵੇਅਰ ਰਾਹੀਂ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਦਾ ਵੇਰਵਾ ਇਕੱਠਾ ਕਰਕੇ ਅਪਲੋਡ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਨਿਯੁਕਤ ਨੋਡਲ ਅਫ਼ਸਰਾਂ ਅਤੇ ਤਕਨੀਕੀ ਕਰਮਚਾਰੀਆਂ ਨੂੰ ਸਾਫ਼ਟਵੇਅਰ ਦੀ ਵਰਤੋਂ, ਕਰਮਚਾਰੀਆਂ ਦਾ ਸਹੀ ਵੇਰਵਾ ਦਰਜ ਕਰਨ ਅਤੇ ਡਾਟਾ ਅਪਲੋਡ ਕਰਨ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸੇ ਲੜੀ ਤਹਿਤ 7 ਅਕਤੂਬਰ 2026 ਨੂੰ ਸਵੇਰੇ 11 ਵਜੇ ਅਸ਼ੋਕ ਚੱਕਰ ਮੀਟਿੰਗ ਹਾਲ, ਮਿੰਨੀ ਸਕੱਤਰੇਤ, ਫ਼ਰੀਦਕੋਟ ਵਿਖੇ ਸਿਖਲਾਈ ਸੈਸ਼ਨ ਕਰਵਾਇਆ ਗਿਆ ਸੀ। ਇਹ ਸਿਖਲਾਈ ਸੈਸ਼ਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਕੇਸ਼ਵ ਗੋਇਲ, ਪੀ.ਸੀ.ਐੱਸ. ਅਤੇ ਚੋਣ ਤਹਿਸੀਲਦਾਰ ਮੈਡਮ ਪੂਨਮ ਸਿੱਧੂ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਆਏ ਕਰਮਚਾਰੀਆਂ ਨੂੰ ਸਾਫ਼ਟਵੇਅਰ ਚਲਾਉਣ ਅਤੇ ਇਸ ਵਿੱਚ ਲੋੜੀਂਦਾ ਡਾਟਾ ਦਰਜ ਕਰਨ ਸਬੰਧੀ ਸਿਖਲਾਈ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ 12 ਅਕਤੂਬਰ 2026 ਨੂੰ ਅਸ਼ੋਕ ਚੱਕਰ ਹਾਲ, ਮਿੰਨੀ ਸਕੱਤਰੇਤ, ਫ਼ਰੀਦਕੋਟ ਵਿਖੇ ਦੋ ਸਿਖਲਾਈ ਸੈਸ਼ਨ ਕਰਵਾਏ ਜਾਣਗੇ। ਪਹਿਲਾ ਸੈਸ਼ਨ ਸਵੇਰੇ 11 ਵਜੇ 7 ਅਕਤੂਬਰ ਨੂੰ ਹੋਏ ਸਿਖਲਾਈ ਸੈਸ਼ਨ ਵਿੱਚ ਗੈਰ-ਹਾਜ਼ਰ ਰਹੇ ਵਿਭਾਗਾਂ ਦੇ ਕਰਮਚਾਰੀਆਂ ਲਈ ਹੋਵੇਗਾ, ਜਦਕਿ ਦੂਜਾ ਸੈਸ਼ਨ ਬਾਅਦ ਦੁਪਹਿਰ 2 ਵਜੇ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਨਿਯੁਕਤ ਨੋਡਲ ਅਫ਼ਸਰਾਂ ਅਤੇ ਤਕਨੀਕੀ ਕਰਮਚਾਰੀਆਂ ਲਈ ਕਰਵਾਇਆ ਜਾਵੇਗਾ।
ਉਨ੍ਹਾਂ ਸਬੰਧਤ ਵਿਭਾਗਾਂ ਅਤੇ ਬੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮੇਂ ਅਨੁਸਾਰ ਸਿਖਲਾਈ ਸੈਸ਼ਨਾਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ, ਤਾਂ ਜੋ ਪੋਲਿੰਗ ਸਟਾਫ਼ ਦਾ ਡਾਟਾਬੇਸ ਸਹੀ ਅਤੇ ਸਮੇਂ ਸਿਰ ਤਿਆਰ ਕੀਤਾ ਜਾ ਸਕੇ।
