ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਸਿਰਫ਼ ਡਿਲੀਵਰੀ ਤੱਕ ਹੀ ਸੀਮਿਤ ਨਹੀਂ ਰਹਿੰਦੀਆਂ, ਸਗੋਂ ਇਹ ਔਰਤਾਂ ਦੀ ਆਉਣ ਵਾਲੀ ਜ਼ਿੰਦਗੀ ’ਚ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦੀਆਂ ਹਨ। ਬ੍ਰਿਟੇਨ ’ਚ ਹੋਏ ਇੱਕ ਅਧਿਐਨ ’ਚ ਇਹ ਖੁਲਾਸਾ ਹੋਇਆ ਹੈ ਕਿ ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਕਿਸੇ ਤਰ੍ਹਾਂ ਦੀ ਪੇਚੀਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ’ਚ ਅੱਗੇ ਚੱਲ ਕੇ ਦਿਲ, ਕਿਡਨੀ ਤੇ ਡਾਇਬਟੀਜ਼ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ।
ਮਸ਼ਹੂਰ ਮੈਡੀਕਲ ਜਰਨਲ “ਬੀਐਮਜੇ ਮੈਡੀਸਨ” ’ਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ, ਗਰਭ ਅਵਸਥਾ ਦੀਆਂ ਪੇਚੀਦਗੀਆਂ ਸਿੱਧੇ ਤੌਰ ‘ਤੇ ਬਿਮਾਰੀ ਦਾ ਕਾਰਨ ਨਹੀਂ ਬਣਦੀਆਂ, ਸਗੋਂ ਇਹ ਔਰਤ ਦੇ ਸਰੀਰ ’ਚ ਲੁਕੇ ਹੋਏ ਅੰਦਰੂਨੀ ਸਿਹਤ ਖਤਰਿਆਂ ਦੇ ਸ਼ੁਰੂਆਤੀ “ਸੰਕੇਤ” ਵਜੋਂ ਕੰਮ ਕਰ ਸਕਦੀਆਂ ਹਨ।
ਕਿਹੜੀ ਪੇਚੀਦਗੀ ਨਾਲ ਕੀ ਖਤਰਾ?
ਖੋਜਕਰਤਾਵਾਂ ਨੇ ਇਸ ਅਧਿਐਨ ’ਚ ਮੁੱਖ ਤੌਰ ‘ਤੇ ਚਾਰ ਗੰਭੀਰ ਸਥਿਤੀਆਂ—ਦਿਲ ਦੀ ਬਿਮਾਰੀ, ਟਾਈਪ-2 ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਕ੍ਰਾਨਿਕ ਕਿਡਨੀ ਡਿਜ਼ੀਜ਼—’ਤੇ ਪੈਣ ਵਾਲੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ। ਬਲੱਡ ਪ੍ਰੈਸ਼ਰ: ਗਰਭ ਅਵਸਥਾ ਦੌਰਾਨ ਹਾਈ ਬੀਪੀ ਤੋਂ ਪੀੜਤ ਔਰਤਾਂ ’ਚ ਬਾਅਦ ’ਚ ਆਮ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਤਿੰਨ ਗੁਣਾ ਤੋਂ ਵੱਧ ਤੇ ਕ੍ਰਾਨਿਕ ਕਿਡਨੀ ਡਿਜ਼ੀਜ਼ ਦਾ ਖਤਰਾ ਲਗਭਗ ਦੋ ਗੁਣਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਵੀ ਵਧਦਾ ਹੈ।
ਗਰਭ ਅਵਸਥਾ ’ਚ ਸ਼ੂਗਰ: ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਡਾਇਬਟੀਜ਼ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ’ਚ ਬਾਅਦ ਦੇ ਸਾਲਾਂ ’ਚ ਟਾਈਪ-2 ਡਾਇਬਟੀਜ਼ ਹੋਣ ਦਾ ਖਤਰਾ 7 ਗੁਣਾ ਤੱਕ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ’ਚ ਹਾਈ ਬੀਪੀ ਤੇ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੀ ਜ਼ਿਆਦਾ ਰਹਿੰਦੀ ਹੈ।
ਡਿਲੀਵਰੀ ਤੋਂ ਬਾਅਦ ਡਿਪ੍ਰੈਸ਼ਨ: ਡਿਲੀਵਰੀ ਤੋਂ ਬਾਅਦ ਹੋਣ ਵਾਲੇ ਡਿਪ੍ਰੈਸ਼ਨ ਨੂੰ ਅਕਸਰ ਸਿਰਫ਼ ਮਾਨਸਿਕ ਸਿਹਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਇਹ ਚਾਰ ਮੁੱਖ ਬਿਮਾਰੀਆਂ—ਦਿਲ ਦੀ ਬਿਮਾਰੀ, ਡਾਇਬਟੀਜ਼, ਬੀਪੀ ਤੇ ਕਿਡਨੀ ਰੋਗ—ਦੇ ਖਤਰੇ ਨੂੰ 35 ਤੋਂ 56 ਫੀਸਦੀ ਤੱਕ ਵਧਾ ਸਕਦਾ ਹੈ।
ਹੋਰ ਗਰਭ ਅਵਸਥਾ ਨਾਲ ਜੁੜੀਆਂ ਸਮੱਸਿਆਵਾਂ: ਸਮੇਂ ਤੋਂ ਪਹਿਲਾਂ ਡਿਲੀਵਰੀ, ਗਰਭਪਾਤ, ਮ੍ਰਿਤ ਬੱਚੇ ਦਾ ਜਨਮ, ਗਰਭਾਸ਼ਯ ਦੀ ਕੰਧ ਤੋਂ ਪਲੇਸੈਂਟਾ ਦਾ ਸਮੇਂ ਤੋਂ ਪਹਿਲਾਂ ਵੱਖ ਹੋਣਾ ਤੇ ਬੱਚੇ ਦਾ ਆਕਾਰ ਬਹੁਤ ਛੋਟਾ ਜਾਂ ਵੱਡਾ ਹੋਣਾ ਵੀ ਭਵਿੱਖ ’ਚ ਘੱਟੋ-ਘੱਟ ਇੱਕ ਕਾਰਡੀਓ-ਮੈਟਾਬੋਲਿਕ-ਰੀਨਲ ਸਥਿਤੀ ਦੇ ਖਤਰੇ ਨਾਲ ਜੁੜਿਆ ਪਾਇਆ ਗਿਆ।
14 ਲੱਖ ਤੋਂ ਵੱਧ ਔਰਤਾਂ ‘ਤੇ ਹੋਈ ਖੋਜ
ਬ੍ਰਿਟੇਨ ’ਚ ਰਜਿਸਟਰਡ 14 ਲੱਖ ਤੋਂ ਵੱਧ ਔਰਤਾਂ ਦੇ ਸਿਹਤ ਤੇ ਹਸਪਤਾਲ ਨਾਲ ਜੁੜੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ, ਜੋ ਗਰਭਵਤੀ ਹੋਈਆਂ ਸਨ।
ਡਾਕਟਰਾਂ ਤੇ ਗਰਭਵਤੀ ਔਰਤਾਂ ਲਈ ਵੱਡਾ ਸੰਦੇਸ਼
ਬ੍ਰਿਟੇਨ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਨ੍ਹਾਂ ਸਬੰਧਾਂ ਦੇ ਸਹੀ ਜੈਵਿਕ ਕਾਰਨਾਂ ਨੂੰ ਸਮਝਣ ਲਈ ਅਜੇ ਹੋਰ ਖੋਜ ਦੀ ਲੋੜ ਹੈ, ਪਰ ਇਹ ਅਧਿਐਨ ਡਾਕਟਰਾਂ ਲਈ ਇੱਕ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਤੈਅ ਕਰਦਾ ਹੈ। ਅਧਿਐਨ ’ਚ ਸਿਫਾਰਸ਼ ਕੀਤੀ ਗਈ ਹੈ ਕਿ ਡਾਕਟਰਾਂ ਨੂੰ ਔਰਤਾਂ ਦਾ ਇਲਾਜ ਕਰਦੇ ਸਮੇਂ ਉਨ੍ਹਾਂ ਦੇ ਪੂਰੇ ਪ੍ਰਜਨਨ ਇਤਿਹਾਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।
