ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ):

ਐੱਚ.ਆਈ.ਵੀ. ਪਾਜ਼ੇਟਿਵ ਮਰੀਜ਼ਾਂ ਦੀ ਪਛਾਣ, ਸਮੇਂ ਸਿਰ ਇਲਾਜ ਸ਼ੁਰੂ ਕਰਨ ਅਤੇ ਐੱਚ.ਆਈ.ਵੀ. ਦੇ ਹੋਰ ਫੈਲਾਅ ਨੂੰ ਰੋਕਣ ‘ਚ ਮੋਹਾਲੀ ਜ਼ਿਲ੍ਹੇ ਨੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ।
ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ (PSACS) ਵੱਲੋਂ ਜ਼ਿਲ੍ਹੇ ਲਈ ਐੱਚ.ਆਈ.ਵੀ. ਦੀ ਰੋਕਥਾਮ ਅਤੇ ਕੰਟਰੋਲ ਪ੍ਰੋਗਰਾਮ ਤਹਿਤ ਤਿੰਨ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਸਨ।

ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਟੀਮ ਨੇ ਸੁਚੱਜੀ ਸਕ੍ਰੀਨਿੰਗ, ਸਮੇਂ ਸਿਰ ਕੇਸਾਂ ਦੀ ਪਛਾਣ, ਪ੍ਰਭਾਵਸ਼ਾਲੀ ਕੌਂਸਲਿੰਗ ਅਤੇ ਪਛਾਣੇ ਗਏ ਮਰੀਜ਼ਾਂ ਨੂੰ ਤੁਰੰਤ ਇਲਾਜ ਅਤੇ ਫਾਲੋਅੱਪ ਸੇਵਾਵਾਂ ਨਾਲ ਜੋੜਨ ਰਾਹੀਂ ਇਹ ਤਿੰਨੇ ਟੀਚੇ ਸਫਲਤਾਪੂਰਵਕ ਹਾਸਲ ਕੀਤੇ। ਮੋਹਾਲੀ ਜ਼ਿਲ੍ਹਾ ਪੰਜਾਬ ਭਰ “ਚੋਂ ਸਿਖਰਲੇ ਤਿੰਨ ਜ਼ਿਲ੍ਹਿਆਂ ਵਿਚ ਆਇਆ ਹੈ l

ਇਸ ਸ਼ਾਨਦਾਰ ਉਪਲਬਧੀ ਅਤੇ ਜ਼ਿਲ੍ਹੇ ਦੀ ਬਿਹਤਰੀਨ ਕਾਰਗੁਜ਼ਾਰੀ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਬੀਤੇ ਦਿਨੀਂ ਰਾਜ ਪੱਧਰੀ ਸਮਾਗਮ ਦੌਰਾਨ ਸਿਵਲ ਸਰਜਨ ਡਾ. ਸੰਗੀਤਾ ਜੈਨ ਸਮੇਤ ਸਮੁੱਚੀ ਜ਼ਿਲ੍ਹਾ ਸਿਹਤ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲੀ ਟੀਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਨਵਦੀਪ ਸਿੰਘ ਵੀ ਸ਼ਾਮਲ ਸਨ।

ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਸਿਹਤ ਟੀਮ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਨਿਰਧਾਰਤ ਤਿੰਨੇ ਟੀਚੇ ਹਾਸਲ ਕਰਨਾ ਟੀਮ ਵਰਕ, ਸਮਰਪਣ ਅਤੇ ਲਗਾਤਾਰ ਨਿਗਰਾਨੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰ ’ਤੇ ਮਿਲਿਆ ਇਹ ਸਨਮਾਨ ਟੀਮ ਨੂੰ ਐੱਚ.ਆਈ.ਵੀ. ਦੀ ਰੋਕਥਾਮ, ਜਾਂਚ, ਇਲਾਜ ਅਤੇ ਕੌਂਸਲਿੰਗ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।