ਫ਼ਰੀਦਕੋਟ, 05 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ, ਆਈ.ਏ.ਐਸ. ਨੇ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟਾਫ ਦਾ ਡਾਟਾਬੇਸ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਦਾ ਡਾਟਾਬੇਸ ਨੈਕਸਟਜਨ ਡਾਇਸ ਸਾਫਟਵੇਅਰ ਰਾਹੀਂ ਤਿਆਰ ਕੀਤਾ ਜਾ ਰਿਹਾ ਹੈ। ਇਸ ਸਾਫਟਵੇਅਰ ਵਿੱਚ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਵੱਲੋਂ ਆਪਣੇ ਦਫ਼ਤਰਾਂ ਵਿੱਚ ਤਾਇਨਾਤ ਸਟਾਫ ਦਾ ਲੋੜੀਂਦਾ ਡਾਟਾ ਅਪਲੋਡ ਕੀਤਾ ਜਾਵੇਗਾ। ਇਸ ਤੋਂ ਬਾਅਦ ਦੀ ਕਾਰਵਾਈ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ, ਕੌਮੀ ਸੂਚਨਾ ਵਿਗਿਆਨ ਕੇਂਦਰ, ਫ਼ਰੀਦਕੋਟ ਸ੍ਰੀ ਗੁਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰ ’ਤੇ ਗਠਿਤ ਟੀਮ ਵੱਲੋਂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਵਿਭਾਗਾਂ ਵੱਲੋਂ ਨੈਕਸਟਜਨ ਡਾਇਸ ਸਾਫਟਵੇਅਰ ਨਾਲ ਸਬੰਧਤ ਕੰਮ ਲਈ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ/ਤਕਨੀਕੀ ਸਟਾਫ ਲਈ ਜ਼ਿਲ੍ਹਾ ਪੱਧਰ ’ਤੇ ਸਿਖਲਾਈ ਸੈਸ਼ਨ ਮਿਤੀ 7 ਅਕਤੂਬਰ 2026 ਨੂੰ ਸਵੇਰੇ 11:00 ਵਜੇ ਅਸ਼ੋਕ ਚੱਕਰ ਮੀਟਿੰਗ ਹਾਲ, ਮਿੰਨੀ ਸਕੱਤਰੇਤ, ਫ਼ਰੀਦਕੋਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸਿਖਲਾਈ ਸੈਸ਼ਨ ਦੌਰਾਨ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਸਮੂਹ ਵਿਭਾਗਾਂ ਤੋਂ ਆਉਣ ਵਾਲੇ ਨੋਡਲ ਅਫ਼ਸਰਾਂ ਅਤੇ ਤਕਨੀਕੀ ਸਟਾਫ ਨੂੰ ਨੈਕਸਟਜਨ ਡਾਇਸ ਪੋਰਟਲ ’ਤੇ ਡਾਟਾ ਦਰਜ ਕਰਨ, ਡਾਟਾ ਅਪਡੇਟ ਕਰਨ ਅਤੇ ਹੋਰ ਸਬੰਧਤ ਕਾਰਵਾਈ ਕਰਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਵੱਲੋਂ ਨਿਯੁਕਤ ਨੋਡਲ ਅਫ਼ਸਰਾਂ ਅਤੇ ਤਕਨੀਕੀ ਸਟਾਫ ਦੀ ਸਿਖਲਾਈ ਸੈਸ਼ਨ ਵਿੱਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ, ਤਾਂ ਜੋ ਪੋਲਿੰਗ ਸਟਾਫ ਦਾ ਡਾਟਾਬੇਸ ਸਮੇਂ ਸਿਰ ਅਤੇ ਸਹੀ ਢੰਗ ਨਾਲ ਤਿਆਰ ਕੀਤਾ ਜਾ ਸਕੇ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਪ੍ਰਕਿਰਿਆ ਤਹਿਤ ਜ਼ਿਲ੍ਹੇ ਵਿੱਚ ਮੌਜੂਦ ਸਮੂਹ ਸਰਕਾਰੀ ਸਕੂਲਾਂ ਦੇ ਤਕਨੀਕੀ ਸਟਾਫ ਦੀ ਸਿਖਲਾਈ ਪਹਿਲਾਂ ਹੀ 25 ਸਤੰਬਰ 2026 ਨੂੰ ਕਰਵਾਈ ਜਾ ਚੁੱਕੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।