ਨਵੀਂ ਦਿੱਲੀ 29 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡਾ ਤੋਂ ਆਉਣ ਵਾਲੇ ਕੁਝ ਉਤਪਾਦਾਂ ‘ਤੇ ਨਵੇਂ ਆਯਾਤ ਪਾਬੰਦੀ ਕਦਮ ਲਾਗੂ ਕੀਤੇ ਗਏ ਹਨ। ਇਨ੍ਹਾਂ ‘ਚ ਸ਼ਰਾਬ, ਡੇਅਰੀ ਉਤਪਾਦ, ਮੋਟਰਸਾਈਕਲ ਅਤੇ ਕੁਝ ਹੋਰ ਸਾਮਾਨ ਸ਼ਾਮਲ ਹਨ। ਰਾਇਟਰਜ਼ ਮੁਤਾਬਕ ਇਹ ਪਾਬੰਦੀਆਂ 29 ਸਤੰਬਰ ਤੋਂ ਲਾਗੂ ਹੋਣੀਆਂ ਹਨ।

ਇਹ ਕਦਮ ਅਮਰੀਕਾ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਿੱਖੇ ਵਪਾਰਕ ਵਿਵਾਦ ਦਾ ਨਵਾਂ ਅਧਿਆਇ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਪਾਬੰਦੀਆਂ ਦਾ ਅਸਰ ਅਮਰੀਕਾ ਨੂੰ ਹੋਣ ਵਾਲੇ ਕੈਨੇਡਾ ਦੇ ਕੁੱਲ ਨਿਰਯਾਤ ਦੇ ਮੁਕਾਬਲੇ ਛੋਟੇ ਹਿੱਸੇ ‘ਤੇ ਪੈਣ ਦੀ ਗੱਲ ਕਹੀ ਗਈ ਹੈ, ਪਰ ਇਹ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਵਪਾਰਕ ਤਣਾਅ ਨੂੰ ਦਰਸਾਉਂਦਾ ਹੈ।

ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਵੱਲੋਂ ਜਾਰੀ ਜਾਣਕਾਰੀ ਮੁਤਾਬਕ ਕੈਨੇਡਾ ਤੋਂ ਆਉਣ ਵਾਲੇ ਕੁਝ ਡੇਅਰੀ ਅਤੇ ਹੋਰ ਉਤਪਾਦਾਂ ‘ਤੇ ਵਪਾਰਕ ਪਾਬੰਦੀਆਂ ਅਤੇ ਟੈਰਿਫ ਸਬੰਧੀ ਉਪਾਅ ਲਾਗੂ ਹਨ।

ਪਹਿਲਾਂ ਹੀ ਲੱਗ ਚੁੱਕਾ ਹੈ 50 ਫੀਸਦੀ ਟੈਰਿਫ

ਇਹ ਪਾਬੰਦੀ ਅਜਿਹੇ ਸਮੇਂ ਲਗਾਈ ਜਾ ਰਹੀ ਹੈ ਜਦੋਂ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਉਤਪਾਦਾਂ ‘ਤੇ ਪਹਿਲਾਂ ਹੀ ਵਾਧੂ ਟੈਰਿਫ ਲਗਾਏ ਜਾ ਚੁੱਕੇ ਹਨ। ਇਸ ਦੇ ਜਵਾਬ ‘ਚ ਕੈਨੇਡਾ ਨੇ ਵੀ ਅਮਰੀਕੀ ਸਾਮਾਨ ‘ਤੇ ਜਵਾਬੀ ਟੈਰਿਫ ਲਗਾਉਣ ਦੇ ਕਦਮ ਚੁੱਕੇ ਹਨ। ਰਾਇਟਰਜ਼ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਇਹ ਟਕਰਾਅ ਹੁਣ ਵਪਾਰਕ ਗੱਲਬਾਤ ਅਤੇ ਭਵਿੱਖ ਦੇ ਸਮਝੌਤਿਆਂ ‘ਤੇ ਵੀ ਅਸਰ ਪਾ ਰਿਹਾ ਹੈ।

ਅਰਥਵਿਵਸਥਾ ‘ਤੇ ਕਿੰਨਾ ਪਵੇਗਾ ਅਸਰ?

ਕੈਪੀਟਲ ਇਕਨਾਮਿਕਸ ਦੇ ਮੁੱਖ ਉੱਤਰੀ ਅਮਰੀਕਾ ਅਰਥਸ਼ਾਸਤਰੀ ਸਟੀਫਨ ਬ੍ਰਾਊਨ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਪ੍ਰਭਾਵਿਤ ਵਪਾਰ ਦਾ ਹਿੱਸਾ ਤੁਲਨਾਤਮਕ ਤੌਰ ‘ਤੇ ਛੋਟਾ ਹੈ। ਇਸ ਲਈ ਦੋਵਾਂ ਦੇਸ਼ਾਂ ਦੀ ਸਮੁੱਚੀ ਅਰਥਵਿਵਸਥਾ ‘ਤੇ ਸਿੱਧਾ ਪ੍ਰਭਾਵ ਸੀਮਤ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ।

ਹਾਲਾਂਕਿ, ਇਹ ਕਦਮ ਇਸ ਗੱਲ ਨੂੰ ਲੈ ਕੇ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਦੋਵੇਂ ਦੇਸ਼ ਆਪਣੇ ਵਪਾਰਕ ਵਿਵਾਦ ਨੂੰ ਸੁਲਝਾ ਕੇ ਅੱਗੇ ਵਧ ਸਕਣਗੇ ਅਤੇ ਅਮਰੀਕਾ-ਮੈਕਸਿਕੋ-ਕੈਨੇਡਾ ਸਮਝੌਤੇ (USMCA) ਦੀ ਸਮੀਖਿਆ ਤੇ ਗੱਲਬਾਤ ਨੂੰ ਸਫਲਤਾਪੂਰਵਕ ਪੂਰਾ ਕਰ ਸਕਣਗੇ। ਰਾਇਟਰਜ਼ ਨੇ ਵੀ ਵਧਦੇ ਤਣਾਅ ਕਾਰਨ USMCA ਦੇ ਭਵਿੱਖ ਬਾਰੇ ਅਨਿਸ਼ਚਿਤਤਾ ਦਾ ਜ਼ਿਕਰ ਕੀਤਾ ਹੈ।

USMCA ਸਮਝੌਤਾ ਸੰਕਟ ‘ਚ

ਅਮਰੀਕਾ ਤੇ ਮੈਕਸਿਕੋ ਇਸ ਵਪਾਰਕ ਸਮਝੌਤੇ ਨੂੰ ਲੈ ਕੇ ਕਈ ਦੌਰ ਦੀ ਗੱਲਬਾਤ ਕਰ ਚੁੱਕੇ ਹਨ ਅਤੇ ਇਸ ਸਾਲ ਇਸ ਦੀ ਸਮੀਖਿਆ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕੈਨੇਡਾ ਅਤੇ ਅਮਰੀਕਾ ਵਿਚਾਲੇ ਗੱਲਬਾਤ ‘ਚ ਤਣਾਅ ਬਣਿਆ ਹੋਇਆ ਹੈ। ਰਾਇਟਰਜ਼ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਵਿਵਾਦ ਨੇ USMCA ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਵਧਾ ਦਿੱਤੀ ਹੈ।

ਕਈ ਉਦਯੋਗ ਹੋ ਸਕਦੇ ਹਨ ਪ੍ਰਭਾਵਿਤ

ਅਮਰੀਕਾ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਡੂੰਘੇ ਆਰਥਿਕ ਸਬੰਧਾਂ ‘ਤੇ ਨਿਰਭਰ ਉਦਯੋਗ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ‘ਚ ਰੈਸਟੋਰੈਂਟ, ਪੇਪਰ ਮਿਲਾਂ, ਐਲੂਮੀਨੀਅਮ ਸਮੈਲਟਰ ਤੇ ਆਟੋਮੋਬਾਈਲ ਪਾਰਟਸ ਦੀ ਸਪਲਾਈ ਨਾਲ ਜੁੜੇ ਉਦਯੋਗ ਸ਼ਾਮਲ ਹਨ।

ਅਮਰੀਕਾ ਲਈ ਕਿੰਨਾ ਮਹੱਤਵਪੂਰਨ ਹੈ ਕੈਨੇਡਾ?

ਕੈਨੇਡਾ ਅਮਰੀਕਾ ਦਾ ਇੱਕ ਮਹੱਤਵਪੂਰਨ ਵਪਾਰਕ ਭਾਈਵਾਲ ਹੈ। ਇਸ ਤੋਂ ਇਲਾਵਾ ਕੈਨੇਡਾ ਅਮਰੀਕਾ ਨੂੰ ਕੱਚੇ ਤੇਲ, ਕੁਦਰਤੀ ਗੈਸ ਅਤੇ ਬਿਜਲੀ ਸਮੇਤ ਊਰਜਾ ਉਤਪਾਦਾਂ ਦੀ ਵੱਡੀ ਸਪਲਾਈ ਕਰਦਾ ਹੈ। 2025 ‘ਚ ਕੈਨੇਡਾ ਦੇ ਕੁੱਲ ਬਰਾਮਦ ਦਾ ਵੱਡਾ ਹਿੱਸਾ ਅਮਰੀਕਾ ਨੂੰ ਗਿਆ ਸੀ ਅਤੇ ਕੈਨੇਡਾ ਦੇ ਦਰਾਮਦ ‘ਚ ਵੀ ਅਮਰੀਕਾ ਦੀ ਮਹੱਤਵਪੂਰਨ ਹਿੱਸੇਦਾਰੀ ਰਹੀ। ਇਸੇ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਵਧਦਾ ਵਪਾਰਕ ਤਣਾਅ ਉੱਤਰੀ ਅਮਰੀਕੀ ਅਰਥਵਿਵਸਥਾ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।