ਨਵੀਂ ਦਿੱਲੀ 22 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਦਾ ਸ਼ਾਨਦਾਰ ਢੰਗ ਨਾਲ ਬਚਾਅ ਕੀਤਾ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਆਇਚੀ-ਨਾਗੋਆ ਏਸ਼ਿਆਈ ਖੇਡਾਂ-2026 ਵਿੱਚ ਮੰਗਲਵਾਰ ਨੂੰ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਆਪਣਾ ਸੋਨ ਤਮਗਾ ਬਰਕਰਾਰ ਰੱਖਿਆ। ਇਹ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਹੈ।
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ 79 ਦੌੜਾਂ ਦੀ ਪਾਰੀ ਦੇ ਦਮ ’ਤੇ 20 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 216 ਦੌੜਾਂ ਬਣਾਈਆਂ। ਇਸ ਸਕੋਰ ਦੇ ਸਾਹਮਣੇ ਸ਼੍ਰੀਲੰਕਾਈ ਟੀਮ 15.4 ਓਵਰਾਂ ਵਿੱਚ 69 ਦੌੜਾਂ ’ਤੇ ਢੇਰ ਹੋ ਗਈ। ਭਾਰਤ ਵੱਲੋਂ ਬਣਾਇਆ ਗਿਆ ਇਹ ਸਕੋਰ ਏਸ਼ਿਆਈ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ, ਜਿਸ ਦੇ ਸਾਹਮਣੇ ਸ਼੍ਰੀਲੰਕਾਈ ਟੀਮ ਪੂਰੀ ਤਰ੍ਹਾਂ ਨਤਮਸਤਕ ਹੋ ਗਈ।
ਭਾਰਤੀ ਬੱਲੇਬਾਜ਼ਾਂ ਨੇ ਦਿਖਾਇਆ ਦਮ
ਮੰਧਾਨਾ ਦੀ 45 ਗੇਂਦਾਂ ਦੀ ਪਾਰੀ ਵਿੱਚ ਸੱਤ ਛੱਕੇ ਅਤੇ ਪੰਜ ਚੌਕੇ ਸ਼ਾਮਲ ਰਹੇ। ਉਨ੍ਹਾਂ ਨੇ ਸ਼ੈਫਾਲੀ ਵਰਮਾ ਨਾਲ ਮਿਲ ਕੇ ਪਹਿਲੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ 17ਵੇਂ ਓਵਰ ਵਿੱਚ ਆਊਟ ਹੋਈਆਂ। ਅੰਤ ਵਿੱ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੇ 22 ਗੇਂਦਾਂ ’ਤੇ ਨਾਬਾਦ 49 ਦੌੜਾਂ ਬਣਾਉਂਦਿਆਂ ਪਾਰੀ ਨੂੰ ਸ਼ਾਨਦਾਰ ਢੰਗ ਨਾਲ ਖ਼ਤਮ ਕੀਤਾ। ਸ਼ੈਫਾਲੀ ਸਿਰਫ਼ ਦੋ ਦੌੜਾਂ ਨਾਲ ਅਰਧ ਸੈਂਕੜੇ ਤੋਂ ਖੁੰਝ ਗਈ। ਉਨ੍ਹਾਂ ਨੇ 29 ਗੇਂਦਾਂ ’ਤੇ ਤਿੰਨ ਚੌਕਿਆਂ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਸਿਰਫ਼ 19 ਦੌੜਾਂ ਹੀ ਬਣਾ ਸਕੀ।
ਟਾਸ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਪਾਵਰਪਲੇਅ ਦਾ ਭਰਪੂਰ ਫਾਇਦਾ ਉਠਾਇਆ ਤੇ ਮੰਧਾਨਾ ਤੇ ਸ਼ੈਫਾਲੀ ਨੇ ਛੇ ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 59 ਦੌੜਾਂ ਬਣਾਈਆਂ। ਇਸ ਜੋੜੀ ਨੇ ਫਾਈਨਲ ‘ਚ 60 ਗੇਂਦਾਂ ’ਤੇ 99 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ। ਮੰਧਾਨਾ ਅਤੇ ਸ਼ੈਫਾਲੀ ਦੀ ਇਹ ਸਾਂਝੇਦਾਰੀ ਮਜ਼ਬੂਤ ਹੋ ਰਹੀ ਸੀ ਅਤੇ ਸ਼ੈਫਾਲੀ ਇਕ ਹੋਰ ਅਰਧ ਸੈਂਕੜੇ ਦੇ ਨੇੜੇ ਸੀ। ਇਸੇ ਦੌਰਾਨ ਲੈਫਟ ਆਰਮ ਸਪਿਨਰ ਚਮੁਡੀ ਪ੍ਰਬੋਧਾ ਦੀ ਗੇਂਦ ’ਤੇ ਰਿਵਰਸ ਸਵੀਪ ਖੇਡਣ ਦੀ ਕੋਸ਼ਿਸ਼ ਵਿੱਚ ਉਹ ਆਊਟ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ ਵੀ ਸਸਤੇ ਵਿੱਚ ਆਊਟ ਹੋ ਗਈ।
ਹਾਲਾਂਕਿ, ਮੰਧਾਨਾ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜੇ ਵੱਲ ਵਧ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਤੇ ਕੁਮਾਰੀ ਦੀ ਗੇਂਦ ’ਤੇ ਕੈਚ ਆਊਟ ਹੋ ਗਈ। ਇਸ ਤੋਂ ਬਾਅਦ ਰਿਚਾ ਘੋਸ਼ ਨੇ ਆਪਣਾ ਤੂਫ਼ਾਨੀ ਅੰਦਾਜ਼ ਦਿਖਾਇਆ ਤੇ ਨਾਬਾਦ 49 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਭਾਰਤੀ ਟੀਮ 200 ਦੌੜਾਂ ਦਾ ਅੰਕੜਾ ਪਾਰ ਕਰਨ ਵਿੱਚ ਕਾਮਯਾਬ ਰਹੀ।
ਗੇਂਦਬਾਜ਼ਾਂ ਨੇ ਕੀਤਾ ਕਮਾਲ
ਸ੍ਰੀਲੰਕਾ ਨੂੰ ਇਸ ਰਿਕਾਰਡ ਸਕੋਰ ਦਾ ਪਿੱਛਾ ਕਰਨਾ ਸੀ, ਜੋ ਮੁਸ਼ਕਲ ਨਜ਼ਰ ਆ ਰਿਹਾ ਸੀ। ਭਾਰਤੀ ਗੇਂਦਬਾਜ਼ਾਂ ਨੇ ਇਸ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ। ਸ੍ਰੀਲੰਕਾਈ ਬੱਲੇਬਾਜ਼ ਦੌੜਾਂ ਲਈ ਜੂਝਦੀਆਂ ਰਹੀਆਂ। ਕਪਤਾਨ ਚਮਾਰੀ ਅਟਾਪੱਟੂ ਨੇ ਟੀਮ ਲਈ ਸਭ ਤੋਂ ਵੱਧ 29 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ‘ਚ ਪੰਜ ਚੌਕੇ ਸ਼ਾਮਲ ਰਹੇ।
ਸ਼ੈਫਾਲੀ ਨੇ ਇਮੈਸ਼ਾ ਦੁਲਾਨੀ ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਉਹ ਤੀਜੇ ਓਵਰ ਦੀ ਪੰਜਵੀਂ ਗੇਂਦ ’ਤੇ ਆਊਟ ਹੋਈ। ਇੱਥੋਂ ਭਾਰਤੀ ਟੀਮ ਲਗਾਤਾਰ ਵਿਕਟਾਂ ਲੈਂਦੀ ਰਹੀ। ਇਹ ਸਿਲਸਿਲਾ 16ਵੇਂ ਓਵਰ ਦੀ ਚੌਥੀ ਗੇਂਦ ਤਕ ਜਾਰੀ ਰਿਹਾ, ਜਦੋਂ ਸ਼੍ਰੇਯੰਕਾ ਪਾਟਿਲ ਨੇ ਕੌਸ਼ਿਨੀ ਨੂੰ ਆਊਟ ਕੀਤਾ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਲਈਆਂ। ਸ਼ੈਫਾਲੀ, ਸ਼੍ਰੇਯੰਕਾ ਤੇ ਸ਼੍ਰੀਚਰਣੀ ਦੇ ਹਿੱਸੇ ਦੋ-ਦੋ ਵਿਕਟਾਂ ਆਈਆਂ।
