22 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਤੇ ਆਸਟ੍ਰੇਲੀਆ ਦੀਆਂ ਏ ਟੀਮਾਂ ਵਿਚਾਲੇ ਚਾਰ ਦਿਨਾ ਮੈਚ ’ਚ ਨਜ਼ਰਾਂ ਸਾਈ ਸੁਦਰਸ਼ਨ ’ਤੇ ਹੋਣਗੀਆਂ, ਜੋ ਪੂਰੀ ਤਰ੍ਹਾਂ ਫਿਟ ਹੋਣ ਤੋਂ ਬਾਅਦ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਸਾਈ ਇਸ ਸੀਰੀਜ਼ ’ਚ ਬਿਹਤਰ ਪ੍ਰਦਰਸ਼ਨ ਕਰ ਕੇ ਨਿਊਜ਼ੀਲੈਂਡ ਦੌਰੇ ਦੀ ਟੀਮ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ। ਆਸਟ੍ਰੇਲੀਆ-ਏ ਦੀ ਗੱਲ ਕਰੀਏ ਤਾਂ ਇਹ ਦੌਰਾ ਸੈਮ ਕੋਂਸਟਾਸ, ਨੇਥਨ ਮੈਕਸਵੀਨੀ, ਸਪਿਨਰ ਟਾਡ ਮਰਫੀ ਤੇ ਤੇਜ਼ ਗੇਂਦਬਾਜ਼ ਝਾਏ ਰਿਚਰਡਸਨ ਵਰਗੇ ਖਿਡਾਰੀਆਂ ਲਈ ਅਹਿਮ ਹੈ। ਇਥੇ ਚੰਗਾ ਪ੍ਰਦਰਸ਼ਨ ਕਰ ਕੇ ਇਹ ਆਸਟ੍ਰੇਲੀਆ ਦੀ ਮੁੱਖ ਟੀਮ ’ਚ ਥਾਂ ਬਣਾਉਣ ਦੀ ਕੋਸ਼ਿਸ਼ ਕਰਨਗੇ।
ਆਪਣੇ ਪੂਰੇ ਟੈਸਟ ਕਰੀਅਰ ’ਚ ਨੰਬਰ ਤਿੰਨ ਖੇਡੇ ਸਾਈ ਨੇ ਸ੍ਰੀਲੰਕਾ ਦੌਰੇ ’ਤੇ ਭਾਰਤ ਏ ਲਈ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਪਹਿਲੇ ਵਰਗ ਦੇ ਚਾਰ ਦਿਨਾ ਮੈਚਾਂ ’ਚ 132 ਤੇ 168 ਦੌੜਾਂ ਬਣਾਈਆਂ ਸਨ। ਹਾਲਾਂਕਿ, ਪੈਰ ’ਚ ਲੱਗੀ ਸੱਟ ਕਾਰਨ ਉਹ ਇਸ ਟੈਸਟ ਸੀਰੀਜ਼ ’ਚ ਨਹੀਂ ਖੇਡ ਸਕਿਆ। ਉਸਦੀ ਥਾਂ ਮੌਕਾ ਪਾਉਣ ਵਾਲੇ ਦੇਵਦੱਤ ਪਡਿੱਕਲ ਨੇ ਇਸੇ ਦੌਰੇ ’ਤੇ ਬਿਹਤਰੀਨ ਪ੍ਰਦਰਸ਼ਨ ਕਰ ਕੇ ਟੈਸਟ ਟੀਮ ’ਚ ਆਪਣੀ ਥਾਂ ਪੱਕੀ ਕਰ ਲਈ ਹੈ। ਸ੍ਰੀਲੰਕਾ ਵਿਰੁੱਧ ਦੋ ਸੈਂਕੜੇ ਲਗਾਉਣ ਵਾਲਾ ਦੇਵਦੱਤ ਭਾਰਤ-ਏ ਦੀ ਕਪਤਾਨੀ ਕਰੇਗਾ।
