ਨਵੀਂ ਦਿੱਲੀ 22 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : 25 ਜੂਨ ਦੀ ਤਰੀਕ ਭਾਰਤੀ ਕ੍ਰਿਕਟ ’ਚ ਬਹੁਤ ਅਹਿਮ ਹੈ, ਸਾਲ 1983 ’ਚ ਇਸੇ ਦਿਨ ਅਸੀਂ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। ਘੱਟ ਹੀ ਲੋਕ ਜਾਣਦੇ ਹਨ ਕਿ ਇਸ ਜਿੱਤ ਤੋਂ ਠੀਕ 120 ਸਾਲ ਪਹਿਲਾਂ ਜਾਪਾਨ ’ਚ ਪਹਿਲਾ ਕ੍ਰਿਕਟ ਮੈਚ ਖੇਡਿਆ ਗਿਆ ਸੀ। ਯੋਕੋਹਾਮਾ ਕੰਟਰੀ ਐਂਡ ਐਥਲੈਟਿਕ ਕਲੱਬ ਦੇ ਰਿਕਾਰਡਸ ਅਨੁਸਾਰ, ਸਥਾਨਕ ਵਪਾਰੀਆਂ ਨੇ ਸਮੁਰਾਈ ਦੇ ਹਮਲੇ ਤੋਂ ਬਚਣ ਲਈ ਕ੍ਰਿਕਟ ਮੈਚ ਦੀ ਪਨਾਹ ’ਚ ਬ੍ਰਿਟਿਸ਼ ਵਪਾਰੀਆਂ ਤੇ ਰਾਇਲ ਨੇਵੀ ਦੇ ਮਲਾਹਾਂ ਨੂੰ ਮਦਦ ਲਈ ਬੁਲਾਇਆ ਸੀ। ਹਾਲਾਂਕਿ, ਇਹ ਹਮਲਾ ਨਹੀਂ ਹੋਇਆ ਪਰ ਮੈਚ ਪੂਰਾ ਹੋ ਗਿਆ। ਮੰਗਲਵਾਰ 22 ਸਤੰਬਰ 2026 ਨੂੰ ਜਾਪਾਨ ਦੀ ਟੀਮ ਭਾਰਤੀ ਕ੍ਰਿਕਟ ਟੀਮ ਦੇ ਸਾਹਮਣੇ ਹੋਵੇਗੀ ਤੇ ਟੀਚਾ ਇਕ ਵਾਰ ਫਿਰ ਤੋਂ ਮਦਦ ਹਾਸਲ ਕਰਨਾ ਹੋਵੇਗਾ। ਜਾਪਾਨ ’ਚ ਫੁੱਟਬਾਲ ਤੇ ਬੇਸਬਾਲ ਵਰਗੀਆਂ ਖੇਡਾਂ ਦੇ ਅਣਗਿਣਤ ਪ੍ਰਸ਼ੰਸਕ ਹਨ ਤੇ ਇਨ੍ਹਾਂ ਵਿਚਾਲੇ ਕ੍ਰਿਕਟ ਹਾਲੇ ਆਪਣੀ ਜ਼ਮੀਨ ਭਾਲ ਰਿਹਾ ਹੈ, ਅਜਿਹੇ ’ਚ ਦੁਨੀਆ ਦੀਆਂ ਸਰਬੋਤਮ ਟੀਮਾਂ ’ਚੋਂ ਇਕ ਭਾਰਤੀ ਟੀਮ ਨਾਲ ਖੇਡ ਕੇ ਜਾਪਾਨ ਨਵੇਂ ਦਰਸ਼ਕਾਂ ਨੂੰ ਜੋੜਨਾ ਚਾਹੁੰਦਾ ਹੈ। ਟੋਕੀਓ ਤੋਂ ਸੌ ਕਿਲੋਮੀਟਰ ਦੂਰ ਸਾਨੋ ’ਚ ਹੋਣ ਵਾਲੇ ਇਸ ਮੈਚ ’ਚ ਉਤਰਣ ਵਾਲੀ ਜਾਪਾਨੀ ਟੀਮ ਦੇ ਜ਼ਿਆਦਾਤਰ ਖਿਡਾਰੀ ਦੂਜੀ ਪੀੜ੍ਹੀ ਦੇ ਜਾਪਾਨੀ ਨਾਗਰਿਕ ਹਨ।

ਕਪਤਾਨ ਕੇਂਡਲ ਕਾਡੋਵਾਕੀ ਫਲੈਮਿੰਗ ਤੇ ਉਸਦੇ ਭਰਾ ਐਲੇਸਟਰ ਕਾਡੋਵਾਕੀ ਫਲੈਮਿੰਗ, ਡੈਕਲਾਨ ਸੁਜ਼ੂਕੀ ਮੈਕਾਂਬ ਦੀਆਂ ਜੜ੍ਹਾਂ ਆਸਟ੍ਰੇਲੀਆ ’ਚ ਹਨ, ਜਦਕਿ ਸਪਿਨਰ ਇਬ੍ਰਾਹੀਮ ਤਾਕਾਹਾਸ਼ੀ ਦੇ ਪਿਤਾ ਇਸਲਾਮਾਬਾਦ ਦੇ ਰਹਿਣ ਵਾਲੇ ਸਨ। ਦੋਵਾਂ ਦੇਸ਼ਾਂ ਦੀ ਕ੍ਰਿਕਟ ਦਾ ਅੰਤਰ ਇਸ ਗੱਲ ਨਾਲ ਸਮਝ ਸਕਦੇ ਹਾਂ ਕਿ ਜਾਪਾਨ ਆਪਣੀ ਪੂਰੀ ਕ੍ਰਿਕਟ ’ਤੇ 20 ਲੱਖ ਅਮਰੀਕੀ ਡਾਲਰ (19 ਕਰੋੜ ਭਾਰਤੀ ਰੁਪਏ) ਖ਼ਰਚ ਕਰਦਾ ਹੈ, ਜਦਕਿ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਸਾਲ 2026 ’ਚ ਸਿਰਫ ਆਈਪੀਐੱਲ ਤੋਂ 31 ਲੱਖ ਅਮਰੀਕੀ ਡਾਲਰ (ਲਗਪਗ 30 ਕਰੋੜ ਭਾਰਤੀ ਰੁਪਏ) ਕਮਾਏ ਸਨ।

ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਹਾਲ ਹੀ ਵਿਚ ਐਲਾਨੇ ਗਏ ਇਸ ਮੈਚ ਨੂੰ ਏਸ਼ਿਆਈ ਖੇਡਾਂ ’ਚ ਭਾਰਤੀ ਟੀਮ ਦਾ ਸਫ਼ਰ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਕਰਵਾਇਆ ਜਾ ਰਿਹਾ ਹੈ। ਭਾਰਤੀ ਟੀਮ ਟੀ-20 ਦੀ ਮੌਜੂਦਾ ਵਿਸ਼ਵ ਚੈਂਪੀਅਨ ਹੈ, ਜਦਕਿ ਜਾਪਾਨ ਦੀ ਰੈਂਕ 41ਵੀਂ ਹੈ, ਅਜਿਹੇ ’ਚ ਮੁਕਾਬਲੇ ਦੇ ਇਕਪਾਸੜ ਰਹਿਣ ਦੀ ਪੂਰੀ ਸੰਭਾਵਨਾ ਹੈ ਪਰ ਜਾਪਾਨੀ ਕ੍ਰਿਕਟਰਾਂ ਲਈ ਇਹ ਯਕੀਨੀ ਤੌਰ ’ਤੇ ਬਿਹਤਰੀਨ ਤਜਰਬਾ ਹੋਵੇਗਾ।

ਇਸ ਤਰ੍ਹਾਂ ਹਨ ਟੀਮਾਂ

ਜਾਪਾਨ : ਕੇਂਡਲ ਕਾਡੋਵਾਕੀ ਫਲੈਮਿੰਗ (ਕਪਤਾਨ), ਚਾਰਲੀ ਹਾਰਾ-ਹਿੰਜੇ, ਬੈਂਜਾਮਿਨ ਇਟੋ ਡੇਵਿਸ, ਐਲੇਸਟਰ ਕਾਡੋਵਾਕੀ ਫਲੈਮਿੰਗ, ਕੋਹੇਈ ਕੁਬੋਟਾ, ਜੈਕ ਕੁਸੂਡਾ ਨਾਈਰਨ, ਵਾਟਾਰੂ ਮਿਆਊਚੀ (ਵਿਕਟਕੀਪਰ), ਰੇਓ ਸਾਕੂਰਾਨੋ-ਥਾਮਸ, ਐਲੇਕਸ ਸ਼ਿਰਾਈ ਪੈਟਮੋਰ (ਵਿਕਟਕੀਪਰ), ਸ਼ੋਮਾ ਸੁਗਾਯਾ ਸਲੈਟਰ, ਡੈਕਲਾਨ ਸੁਜ਼ੂਕੀ ਮੈਕਾਂਬ, ਸੁਯੋਸ਼ੀ ਟਕਾਡਾ, ਇਬ੍ਰਾਹੀਮ ਤਾਕਾਹਾਸ਼ੀ, ਮਕੋਟੋ ਟਾਨਿਆਮਾ, ਲੈਚਲਨ ਯਾਮਾਮੋਟੋ ਲੇਕ।

ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸ਼ਿਵਮ ਦੂਬੇ, ਈਸ਼ਾਨ ਕਿਸ਼ਨ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਯਸ਼ ਠਾਕੁਰ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਾਸ਼ਿੰਗਟਨ ਸੁੰਦਰ, ਵਿਪ੍ਰਜ ਨਿਗਮ, ਵੈਭਵ ਸੂਰਿਆਵੰਸ਼ੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।