ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬ੍ਰਾਜ਼ੀਲੀਅਨ ਫਾਰਵਰਡ ਰਾਫਿਨਹਾ ਦੀ ਬਿਹਤਰੀਨ ਫਾਰਮ ਜਾਰੀ ਹੈ। ਪਿਛਲੇ ਮੈਚ ਤੋਂ ਬਾਅਦ ਉਸਨੇ ਸ਼ਨਿਚਰਵਾਰ ਦੇਰ ਰਾਤ ਇਕ ਹੋਰ ਹੈਟ੍ਰਿਕ ਮਾਰਦੇ ਹੋਏ ਬਾਰਸੀਲੋਨਾ ਨੂੰ 3-1 ਨਾਲ ਜਿੱਤ ਦਿਵਾ ਦਿੱਤੀ। ਸੇਵੀਆ ਦੇ ਘਰ ’ਚ ਉਸ ਨੂੰ 3-1 ਨਾਲ ਹਰਾ ਕੇ ਬਾਰਸੀਲੋਨਾ ਨੇ ਲਾ ਲੀਗਾ ’ਚ ਲਗਾਤਾਰ ਸੱਤਵੀਂ ਜਿੱਤ ਦਰਜ ਕੀਤੀ। ਲਾਮਿਨੇ ਯਮਾਲ ਨੇ ਮੈਚ ’ਚ ਦੋ ਅਸਿਸਟ ਕੀਤੇ। ਰਾਫਿਨਹਾ ਸੀਜ਼ਨ ਦੇ ਪਹਿਲੇ ਸੱਤ ਮੈਚਾਂ ’ਚ 12 ਲਾ ਲੀਗਾ ਗੋਲ ਕਰ ਚੁੱਕਾ ਹੈ, ਪਿਛਲੇ ਪੂਰੇ ਸੀਜ਼ਨ ’ਚ ਉਸਦੇ ਨਾਂ ਕੁੱਲ 13 ਗੋਲ ਸਨ। ਸੱਤ ਮੈਚਾਂ ’ਚ 31 ਗੋਲ ਕਰ ਚੁੱਕੀ ਬਾਰਸੀਲੋਨਾ ਨੇ ਪਹਿਲੇ ਸੱਤ ਮੈਚਾਂ ’ਚ ਹੀ 21 ਅੰਕ ਹਾਸਲ ਕਰ ਲਏ ਹਨ। ਰਾਫਿਨਹਾ ਨੇ ਪਹਿਲਾ ਗੋਲ 22ਵੇਂ ਮਿੰਟ ’ਚ ਕਰਨ ਤੋਂ ਬਾਅਦ ਦੂਜੇ ਹਾਫ ’ਚ ਦੋ (52ਵੇਂ, 69ਵੇਂ ਮਿੰਟ ’ਚ) ਗੋਲ ਕੀਤੇ। ਸੇਵੀਆ ਲਈ ਯੂਸੁਫ ਫੋਫਾਨਾ ਨੇ ਇਕਮਾਤਰ ਗੋਲ ਕੀਤਾ।

ਆਰਸਨਲ ਨੂੰ ਮਿਲੀ ਸੀਜ਼ਨ ਦੀ ਪਹਿਲੀ ਹਾਰ

ਇੰਗਲੈਂਡ ਦੀ ਸਿਖਰਲੀ ਲੀਗ ਪ੍ਰੀਮੀਅਰ ਲੀਗ ’ਚ ਸਿਖਰ ’ਤੇ ਚੱਲ ਰਹੇ ਆਰਸਨਲ ਨੂੰ ਬੀਤੀ ਰਾਤ ਸੀਜ਼ਨ ਦੀ ਪਹਿਲੀ ਹਾਰ ਮਿਲੀ, ਜਦੋਂ ਬ੍ਰਾਈਟਨ ਨੇ ਉਸ ਨੂੰ 3-0 ਦੇ ਵੱਡੇ ਅੰਤਰ ਨਾਲ ਹਰਾਇਆ। ਲਗਾਤਾਰ ਚਾਰ ਮੈਚ ਜਿੱਤਣ ਵਾਲੀ ਆਰਸਨਲ ਇਸ ਮੈਚ ’ਚ ਮੁਕਾਬਲੇ ’ਚ ਹੀ ਨਹੀਂ ਦਿਸੀ। ਬ੍ਰਾਈਟਨ ਲਈ ਪਾਸਕਲ ਗ੍ਰੋਸ ਤੇ ਚਾਰਾਲਾਂਪੋਸ ਕੋਸਤੁਲਾਸ ਨੇ ਪਹਿਲੇ ਤੇ ਚੇਮਾ ਆਂਦ੍ਰੇਸ ਨੇ ਦੂਜੇ ਹਾਫ ’ਚ ਗੋਲ ਕੀਤੇ। ਬ੍ਰਾਈਟਨ ਨੇ ਬੀਤੇ ਇਕ ਹਫ਼ਤੇ ’ਚ ਕਮਾਲ ਦੀ ਖੇਡ ਦਿਖਾਈ ਹੈ। ਪਿਛਲੇ ਹਫਤੇ ਦੇ ਅੰਤ ’ਚ ਕੋਵੈਂਟਰੀ ਨੂੰ ਲੀਗ ’ਚ 5-0 ਨਾਲ ਹਰਾਉਣ ਤੋਂ ਬਾਅਦ ਉਸਨੇ ਲੀਗ ਕੱਪ ਦੇ ਮੈਚ ’ਚ 2-0 ਨਾਲ ਪੱਛੜਣ ਤੋਂ ਬਾਅਦ ਮਾਨਚੈਸਟਰ ਯੂਨਾਈਟਿਡ ਨੂੰ 3-2 ਨਾਲ ਹਰਾਇਆ ਸੀ। ਪ੍ਰੀਮੀਅਰ ਲੀਗ ਦੇ ਇਕ ਹੋਰ ਮੈਚ ’ਚ ਟਾਟਨਹਮ ਹਾਟਸਪਰ ਨੂੰ ਐਸਟਨ ਵਿਲਾ ਨੇ 3-2 ਨਾਲ ਮਾਤ ਦਿੱਤੀ। ਇਸ ਸੀਜ਼ਨ ਅਰਬਾਂ ਰੁਪਏ ਖ਼ਰਚ ਕਰ ਕੇ ਨਵੇਂ ਖਿਡਾਰੀ ਖ਼ਰੀਦਣ ਵਾਲੇ ਟਾਟਨਹਮ ਨੂੰ ਲੀਗ ਦੇ ਪਹਿਲੇ ਪੰਜ ਮੈਚਾਂ ’ਚ ਇਕ ਵੀ ਜਿੱਤ ਨਹੀਂ ਮਿਲੀ ਹੈ। ਲੀਗ ਦੇ ਹੋਰ ਮੈਚਾਂ ’ਚ ਨਿਊਕਾਸਲ ਤੇ ਐਵਰਟਨ ਨੂੰ ਵੀ ਜਿੱਤ ਮਿਲੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।