ਨਵੀਂ ਦਿੱਲੀ 15 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਰਾਤ ਦੇ ਸਮੇਂ ਰੌਸ਼ਨੀ ਦੇ ਸੰਪਰਕ ‘ਚ ਆਉਣ ਨਾਲ ਦਿਲ ਦੀ ਬਣਤਰ ਅਤੇ ਇਸ ਦੇ ਕੰਮਕਾਜ ‘ਚ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਬਦਲਾਅ ਹੋ ਸਕਦੇ ਹਨ। ਨਵੀਂ ਖੋਜ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਦੀ ਟੂਲੇਨ ਯੂਨੀਵਰਸਿਟੀ ‘ਚ ਪ੍ਰਤਿਸ਼ਠਿਤ ਚੇਅਰ ਅਤੇ ਪ੍ਰੋਫੈਸਰ ਅਤੇ ਇਸ ਖੋਜ ਦੇ ਮੁੱਖ ਲੇਖਕ ਲੂ ਚੀ ਨੇ ਕਿਹਾ ਕਿ ਇਹ ਖੋਜ ਇਹ ਪਤਾ ਲਗਾਉਣ ਲਈ ਕੀਤੀ ਗਈ ਕਿ ਜਦੋਂ ਲੋਕ ਰਾਤ ਦੇ ਸਮੇਂ ਬਹੁਤ ਜ਼ਿਆਦਾ ਰੌਸ਼ਨੀ ਦੇ ਸੰਪਰਕ ‘ਚ ਆਉਂਦੇ ਹਨ ਤਾਂ ਸਮੇਂ ਦੇ ਨਾਲ ਉਨ੍ਹਾਂ ਦੇ ਦਿਲ ‘ਤੇ ਕੀ ਅਸਰ ਪੈਂਦਾ ਹੈ।
ਇਹ ਅਧਿਐਨ ਹਾਲ ਹੀ ‘ਚ ਯੂਰਪੀਅਨ ਹਾਰਟ ਜਰਨਲ ‘ਚ ਪ੍ਰਕਾਸ਼ਿਤ ਹੋਇਆ ਹੈ। ਇਸ ‘ਚ 11,017 ਭਾਗੀਦਾਰਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਨੇ ਇੱਕ ਹਫ਼ਤੇ ਤੱਕ ਆਪਣੀ ਕਲਾਈ ‘ਤੇ ਇੱਕ ਸੈਂਸਰ ਪਹਿਨਿਆ ਸੀ, ਤਾਂ ਜੋ ਰਾਤ ਦੇ ਸਮੇਂ ਰੌਸ਼ਨੀ ਦੇ ਪੱਧਰ ਨੂੰ ਮਾਪਿਆ ਜਾ ਸਕੇ। ਰੌਸ਼ਨੀ ਦਾ ਸੰਪਰਕ ਲਗਭਗ ਪੂਰੇ ਹਨੇਰੇ (0 ਲਕਸ) ਤੋਂ ਲੈ ਕੇ 3 ਲਕਸ ਤੱਕ ਸੀ। 3 ਲਕਸ ਲਗਭਗ ਉਸ ਰੌਸ਼ਨੀ ਦੇ ਬਰਾਬਰ ਹੈ, ਜਿੰਨੀ ਰਾਤ ਨੂੰ ਬੈੱਡਸਾਈਡ ਟੇਬਲ ‘ਤੇ ਮੋਬਾਈਲ ਫੋਨ ਦੀ ਘੱਟ ਰੌਸ਼ਨੀ ਜਾਂ ਦਰਵਾਜ਼ੇ ਦੀ ਦਰਾਰ ਰਾਹੀਂ ਬਾਹਰੋਂ ਆਉਂਦੀ ਹਾਲਵੇਅ ਲਾਈਟ ਤੋਂ ਮਿਲਦੀ ਹੈ।
ਤਿੰਨ ਸਾਲਾਂ ਦੇ ਫਾਲੋਅਪ ਤੋਂ ਬਾਅਦ ਹਰ ਭਾਗੀਦਾਰ ਦਾ ਕਾਰਡੀਓਵੈਸਕੁਲਰ ਮੈਗਨੈਟਿਕ ਰੇਜ਼ੋਨੈਂਸ ਸਕੈਨ ਕੀਤਾ ਗਿਆ, ਤਾਂ ਜੋ ਉਨ੍ਹਾਂ ਦੇ ਦਿਲ ਦੀ ਬਣਤਰ ਅਤੇ ਕੰਮਕਾਜ ‘ਚ ਸੰਭਾਵਿਤ ਬਦਲਾਅ ਦੀ ਜਾਂਚ ਕੀਤੀ ਜਾ ਸਕੇ।
ਜ਼ਿਆਦਾ ਰੌਸ਼ਨੀ ਦੇ ਸੰਪਰਕ ‘ਚ ਰਹਿਣਾ ਨੁਕਸਾਨਦੇਹ
ਲੇਖਕਾਂ ਨੇ ਦੱਸਿਆ ਕਿ ਰਾਤ ਨੂੰ 3 ਲਕਸ ਤੋਂ ਵੱਧ ਰੌਸ਼ਨੀ ਦੇ ਸੰਪਰਕ ‘ਚ ਰਹਿਣ ਦਾ, ਬਿਲਕੁਲ ਹਨੇਰੇ ਦੇ ਮੁਕਾਬਲੇ, ਖੱਬੇ ਵੈਂਟ੍ਰਿਕਲ ਦੀ ਸੰਕੇਂਦ੍ਰਿਤ ਹਾਈਪਰਟ੍ਰੋਫੀ ਅਤੇ ਦਿਲ ਦੇ ਕੰਮਕਾਜ ‘ਚ ਸ਼ੁਰੂਆਤੀ ਗਿਰਾਵਟ ਨਾਲ ਸਬੰਧ ਪਾਇਆ ਗਿਆ।
ਇਸ ‘ਚ ਸਰੀਰ ਦੀ ਲੰਬਾਈ ਦੇ ਹਿਸਾਬ ਨਾਲ ਖੱਬੇ ਵੈਂਟ੍ਰਿਕਲ ਦੇ ਭਾਰ ‘ਚ 2.4 ਫੀਸਦੀ ਵਾਧਾ, ਔਸਤ ਕੰਧ ਦੀ ਮੋਟਾਈ ‘ਚ 1.5 ਫੀਸਦੀ ਵਾਧਾ ਅਤੇ ਦਿਲ ਦੀ ਮਾਸਪੇਸ਼ੀ ਦੇ ਸੰਕੁਚਨ ਅੰਸ਼ ‘ਚ 1.9 ਫੀਸਦੀ ਕਮੀ ਸ਼ਾਮਲ ਸੀ।
ਨਤੀਜਿਆਂ ਤੋਂ ਪਤਾ ਲੱਗਾ ਕਿ ਜੋ ਲੋਕ ਰਾਤ ਨੂੰ ਸਭ ਤੋਂ ਵੱਧ ਰੌਸ਼ਨੀ ਦੇ ਸੰਪਰਕ ‘ਚ ਸਨ, ਉਨ੍ਹਾਂ ਦੇ ਦਿਲ ਦੇ ਖੱਬੇ ਚੈਂਬਰ ਦੀਆਂ ਕੰਧਾਂ ਮੋਟੀਆਂ ਹੋ ਗਈਆਂ, ਜਿਸ ਕਾਰਨ ਵੈਂਟ੍ਰਿਕਲ ਦੇ ਅੰਦਰਲੀ ਜਗ੍ਹਾ ਘੱਟ ਹੋ ਗਈ। ਖੋਜਕਰਤਾਵਾਂ ਨੂੰ ਇਹ ਸੰਕੇਤ ਵੀ ਮਿਲੇ ਕਿ ਧੜਕਣ ਦੌਰਾਨ ਦਿਲ ਦੇ ਸੁੰਗੜਨ ਅਤੇ ਫੈਲਣ ਦੀ ਸਮਰੱਥਾ ਘੱਟ ਹੋ ਗਈ ਸੀ, ਜੋ ਦਿਲ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ।
ਦਿਲ ਦੀ ਬਣਤਰ ‘ਚ ਬਦਲਾਅ
ਲੂ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਰਾਤ ਨੂੰ ਜ਼ਿਆਦਾ ਰੌਸ਼ਨੀ ਦੇ ਸੰਪਰਕ ‘ਚ ਰਹਿਣ ਦਾ ਸਬੰਧ ‘ਕਾਰਡੀਅਕ ਰੀਮਾਡਲਿੰਗ’ ਨਾਲ ਹੈ। ਇਸ ‘ਚ ਦਿਲ ਦੀ ਬਣਤਰ ਅਤੇ ਇਸ ਦੇ ਕੰਮ ਕਰਨ ਦੇ ਤਰੀਕੇ ‘ਚ ਬਦਲਾਅ ਆਉਂਦਾ ਹੈ ਅਤੇ ਆਮ ਤੌਰ ‘ਤੇ ਇਹ ਲੰਬੇ ਸਮੇਂ ਦੇ ਤਣਾਅ ਜਾਂ ਦਿਲ ਨੂੰ ਹੋਏ ਨੁਕਸਾਨ ਕਾਰਨ ਹੁੰਦਾ ਹੈ।
ਮੁੱਖ ਲੇਖਕ ਨੇ ਕਿਹਾ ਕਿ ਇਹ ਤਣਾਅ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦਾ ਸਾਡੇ ਸਰੀਰ ਦਾ ਇੱਕ ਤਰੀਕਾ ਹੈ, ਪਰ ਆਖ਼ਰਕਾਰ ਇਸ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ ਅਤੇ ਹਾਰਟ ਫੇਲਿਅਰ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਰਾਤ ਦੇ ਸਮੇਂ ਦੀ ਰੌਸ਼ਨੀ ਸੰਭਾਵਿਤ ਵਾਤਾਵਰਣਕ ਖਤਰਾ
ਕਾਰਡੀਓਵੈਸਕੁਲਰ ਬਿਮਾਰੀਆਂ, ਜਿਨ੍ਹਾਂ ‘ਚ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਸ਼ਾਮਲ ਹਨ, ਮੌਤ ਦੇ ਪ੍ਰਮੁੱਖ ਕਾਰਨਾਂ ‘ਚੋਂ ਇੱਕ ਹਨ। ਰਾਤ ਦੇ ਸਮੇਂ ਦੀ ਰੌਸ਼ਨੀ ਨੂੰ ਇਸ ਲਈ ਇੱਕ ਸੰਭਾਵਿਤ ਵਾਤਾਵਰਣਕ ਖਤਰੇ ਦੇ ਕਾਰਕ ਵਜੋਂ ਪਛਾਣਿਆ ਗਿਆ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਉਮਰ ਜਾਂ ਜੈਨੇਟਿਕ ਕਾਰਕਾਂ ਦੇ ਉਲਟ ਰਾਤ ਦੇ ਸਮੇਂ ਰੌਸ਼ਨੀ ਦੇ ਸੰਪਰਕ ਨੂੰ ਜ਼ਿਆਦਾਤਰ ਲੋਕ ਆਪਣੇ ਪੱਧਰ ‘ਤੇ ਘਟਾ ਸਕਦੇ ਹਨ। ਇਸ ਲਈ ਸੌਣ ਤੋਂ ਪਹਿਲਾਂ ਸਕ੍ਰੀਨ ਬੰਦ ਕਰਨਾ, ਪਰਦੇ ਖਿੱਚ ਲੈਣਾ ਜਾਂ ਅੱਖਾਂ ‘ਤੇ ਮਾਸਕ ਪਾ ਕੇ ਸੌਣਾ ਵਰਗੇ ਕਦਮ ਚੁੱਕੇ ਜਾ ਸਕਦੇ ਹਨ। ਲੂਚੀ ਨੇ ਕਿਹਾ ਕਿ ਰੌਸ਼ਨੀ ਪ੍ਰਦੂਸ਼ਣ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਇੱਕ ਨਵੇਂ ਖਤਰੇ ਦੇ ਕਾਰਕ ਵਜੋਂ ਉਭਰ ਰਿਹਾ ਹੈ। ਇਹ ਅਧਿਐਨ ਅਤੇ ਹੋਰ ਖੋਜਾਂ ਤੋਂ ਮਿਲੇ ਸਬੂਤ ਦੱਸਦੇ ਹਨ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਰਾਤ ਦੇ ਸਮੇਂ ਰੌਸ਼ਨੀ ਦੇ ਸੰਪਰਕ ਨੂੰ ਘਟਾਉਣਾ ਇੱਕ ਸੰਭਾਵਿਤ ਰਣਨੀਤੀ ਹੋ ਸਕਦੀ ਹੈ।
