ਨਵੀਂ ਦਿੱਲੀ 11 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਐਤਵਾਰ ਤੋਂ ਹੋ ਰਹੀ ਹੈ। ਇਸ ਸੀਰੀਜ਼ ‘ਚ ਕਈ ਖਿਡਾਰੀ ਸੱਟ ਤੋਂ ਉਭਰ ਕੇ ਵਾਪਸੀ ਕਰ ਰਹੇ ਹਨ, ਜਦਕਿ ਕਈ ਅਜੇ ਵੀ ਜ਼ਖ਼ਮੀ ਹਨ। ਇਸ ਨੂੰ ਦੇਖਦਿਆਂ ਟੀਮ ਮੈਨੇਜਮੈਂਟ ਇੱਕ ਸਖ਼ਤ ਫ਼ੈਸਲਾ ਲੈਣ ਬਾਰੇ ਵਿਚਾਰ ਕਰ ਰਿਹਾ ਹੈ। BCCI ਟੀਮ ਦੇ ਫਿਜ਼ਿਓ ਕਮਲੇਸ਼ ਜੈਨ ਨੂੰ ਹਟਾਉਣ ਦੀ ਤਿਆਰੀ ਕਰ ਰਿਹਾ ਹੈ। ਸਮਾਚਾਰ ਏਜੰਸੀ PTI ਨੇ ਆਪਣੀ ਰਿਪੋਰਟ ‘ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਿਛਲੇ 6 ਤੋਂ 8 ਮਹੀਨਿਆਂ ਦੌਰਾਨ ਖਿਡਾਰੀਆਂ ਦੇ ਲਗਾਤਾਰ ਜ਼ਖ਼ਮੀ ਹੋਣ ਕਾਰਨ ਟੀਮ ਦੀ ਯੋਜਨਾਬੰਦੀ ’ਤੇ ਮਾੜਾ ਅਸਰ ਪਿਆ ਹੈ ਅਤੇ ਇਸੇ ਕਾਰਨ BCCI ਫਿਜ਼ਿਓ ਨੂੰ ਹਟਾਉਣ ਲਈ ਤਿਆਰ ਹੈ।
ਨੋਟਿਸ ਪੀਰੀਅਡ ’ਤੇ ਹਨ ਕਮਲੇਸ਼
PTI ਨੇ ਆਪਣੀ ਰਿਪੋਰਟ ‘ਚ BCCI ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ, “ਕਮਲੇਸ਼ ਨੋਟਿਸ ਪੀਰੀਅਡ ’ਤੇ ਹਨ। ਇਹ ਏਸ਼ੀਆਈ ਖੇਡਾਂ ਦੀ ਟੀਮ ਹੈ ਜੋ ਅਫਗਾਨਿਸਤਾਨ ਖ਼ਿਲਾਫ਼ ਖੇਡ ਰਹੀ ਹੈ। ਫਿਜ਼ਿਓ ਅਤੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਟੀਮ ਦੇ ਨਾਲ ਜਾਪਾਨ ਜਾਣਗੇ।”
ਨੈਸ਼ਨਲ ਚੋਣਕਾਰ ਅਤੇ ਕੋਚ ਗੌਤਮ ਗੰਭੀਰ ਅਹਿਮ ਖਿਡਾਰੀਆਂ ਦੀਆਂ ਸੱਟਾਂ ਨੂੰ ਲੈ ਕੇ ਲਗਾਤਾਰ ਚਿੰਤਤ ਹਨ। ਅਜਿਹੇ ‘ਚ ਸਪੋਰਟਸ ਸਾਇੰਸ ਟੀਮ ‘ਚੋਂ ਕਿਸੇ ਨਾ ਕਿਸੇ ਮੈਂਬਰ ਨੂੰ ਜਾਣਾ ਪੈ ਸਕਦਾ ਹੈ। ਜੈਨ ਫਿਜ਼ਿਓ ਹਨ ਅਤੇ ਇਸੇ ਕਾਰਨ ਉਨ੍ਹਾਂ ਦਾ ਨਾਮ ਸਭ ਤੋਂ ਅੱਗੇ ਹੈ।
ਹਰਸ਼ਿਤ ਰਾਣਾ ਹੋਏ ਬਾਹਰ
ਵਾਸ਼ਿੰਗਟਨ ਸੁੰਦਰ ਠੀਕ ਹੋ ਕੇ ਟੀਮ ‘ਚ ਵਾਪਸੀ ਕਰ ਚੁੱਕੇ ਹਨ, ਪਰ ਹਰਸ਼ਿਤ ਰਾਣਾ ਅਫਗਾਨਿਸਤਾਨ ਸੀਰੀਜ਼ ਤੋਂ ਇਲਾਵਾ ਏਸ਼ੀਆਈ ਖੇਡਾਂ ਤੋਂ ਵੀ ਬਾਹਰ ਹਨ। ਰਾਣਾ ਲੰਬੇ ਸਮੇਂ ਬਾਅਦ ਇੰਗਲੈਂਡ ਦੌਰੇ ’ਤੇ ਟੀਮ ਨਾਲ ਵਾਪਸ ਆਏ ਸਨ। ਉਨ੍ਹਾਂ ਨੇ ਸੱਟ ਤੋਂ ਵਾਪਸੀ ਕੀਤੀ ਸੀ, ਪਰ ਇਸੇ ਦੌਰੇ ਦੌਰਾਨ ਉਹ ਮੁੜ ਜ਼ਖ਼ਮੀ ਹੋ ਗਏ।
ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਦੀਆਂ ਸੱਟਾਂ ਨੂੰ ਲੈ ਕੇ ਵੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਨੀਤੀਸ਼ ਕੁਮਾਰ ਰੈੱਡੀ ਦੀ ਸੱਟ ਕਾਰਨ ਵੀ ਟੀਮ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
