ਜਲੰਧਰ 03 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜ਼ਿਲ੍ਹੇ ਵਿੱਚ ਸਵਾਈਨ ਫਲੂ (H1N1) ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। 6 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ’ਚ ਇਸ ਸਾਲ ਕੁੱਲ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਸਾਰੇ ਨਵੇਂ ਮਰੀਜ਼ ਬਜ਼ੁਰਗ ਹਨ, ਜਿਸ ਨਾਲ ਸਿਹਤ ਵਿਭਾਗ ਨੇ ਹਾਈ-ਰਿਸਕ ਗਰੁੱਪ ਨੂੰ ਲੈ ਕੇ ਵਿਸ਼ੇਸ਼ ਅਲਰਟ ਜਾਰੀ ਕੀਤਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ, ਸੁਚੇਤ ਰਹੋ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਵਿਭਾਗ ਕੋਲ ਇਲਾਜ ਅਤੇ ਦਵਾਈਆਂ ਦਾ ਪੂਰਾ ਪ੍ਰਬੰਧ ਹੈ।
ਕੌਣ ਹਨ 7 ਮਰੀਜ਼, ਕਿੱਥੋਂ ਦੇ ਰਹਿਣ ਵਾਲੇ?
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਮਰੀਜ਼ਾਂ ਦੀ ਉਮਰ 50 ਸਾਲ ਤੋਂ ਵੱਧ ਹੈ। ਇਨ੍ਹਾਂ ਵਿੱਚ 86 ਸਾਲਾ ਪੁਰਸ਼, 84 ਸਾਲਾ ਔਰਤ, 78 ਸਾਲਾ ਪੁਰਸ਼, 67 ਸਾਲਾ ਪੁਰਸ਼, 56 ਸਾਲਾ ਔਰਤ ਅਤੇ 53 ਸਾਲਾ ਪੁਰਸ਼ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਫਿਲੌਰ ਖੇਤਰ ਦੇ ਹਨ, ਜਦਕਿ ਬਾਕੀ ਚਾਰ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹਨ। ਇੱਕ ਬਜ਼ੁਰਗ ਮਰੀਜ਼ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬਾਕੀ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਰਾਜੇਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਐਪੀਡੇਮੀਓਲੋਜਿਸਟ ਡਾ. ਸ਼ੋਭਨਾ ਬਾਂਸਲ ਦੀ ਅਗਵਾਈ ਵਿੱਚ ਵਿਭਾਗ ਦੀਆਂ ਟੀਮਾਂ ਨੇ ਤੁਰੰਤ ਸਰਵੇਖਣ ਸ਼ੁਰੂ ਕਰ ਦਿੱਤਾ ਹੈ। ਮਰੀਜ਼ਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਾਵਧਾਨੀ ਵਜੋਂ ਦਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ, ਇਹ ਇੱਕ ਨੋਟੀਫਾਈਬਲ ਬੀਮਾਰੀ ਹੈ। ਜੇਕਰ ਕਿਸੇ ਵੀ ਨਿੱਜੀ ਹਸਪਤਾਲ ਜਾਂ ਕਲੀਨਿਕ ਵਿੱਚ ਸਵਾਈਨ ਫਲੂ ਦੇ ਲੱਛਣਾਂ ਵਾਲਾ ਮਰੀਜ਼ ਆਉਂਦਾ ਹੈ ਤਾਂ ਡਾਕਟਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਤੁਰੰਤ ਇਸ ਦੀ ਸੂਚਨਾ IDSP ਵਿਭਾਗ ਨੂੰ ਦੇਣ, ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ।
ਸਵਾਈਨ ਫਲੂ ਦੀ ਪੁਸ਼ਟੀ ਸਿਰਫ਼ ਸਰਕਾਰੀ ਲੈਬ ਤੋਂ: ਡਾ. ਸ਼ੋਭਨਾ ਬਾਂਸਲ
ਜ਼ਿਲ੍ਹਾ ਐਪੀਡੇਮੀਓਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਟੈਸਟ ਦੀ ਪ੍ਰਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਦੇ ਮਰੀਜ਼ਾਂ ਨੂੰ ਤਿੰਨ ਸ਼੍ਰੇਣੀਆਂ – ਏ, ਬੀ ਅਤੇ ਸੀ ’ਚ ਵੰਡਿਆ ਜਾਂਦਾ ਹੈ। ਸ਼੍ਰੇਣੀ ‘ਏ’ ਅਤੇ ‘ਬੀ’ ਵਿੱਚ ਹਲਕੇ ਲੱਛਣਾਂ ਜਿਵੇਂ ਬੁਖ਼ਾਰ, ਖੰਘ, ਗਲੇ ਵਿੱਚ ਖਰਾਸ਼ ਵਾਲੇ ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਸਿਰਫ਼ ਹੋਮ ਆਈਸੋਲੇਸ਼ਨ, ਪੂਰੇ ਆਰਾਮ ਅਤੇ ਲੱਛਣਾਂ ਦੇ ਹਿਸਾਬ ਨਾਲ ਦਵਾਈ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਟੈਸਟ ਜ਼ਰੂਰੀ ਨਹੀਂ ਹੈ।
ਟੈਸਟ ਸਿਰਫ਼ ਸ਼੍ਰੇਣੀ ‘ਸੀ’ ਦੇ ਮਰੀਜ਼ਾਂ ਦਾ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਤੇਜ਼ ਬੁਖ਼ਾਰ ਦੇ ਨਾਲ ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਦਰਦ, ਘੱਟ ਬਲੱਡ ਪ੍ਰੈਸ਼ਰ ਵਰਗੇ ਗੰਭੀਰ ਲੱਛਣ ਹੁੰਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਲੰਧਰ ਜ਼ਿਲ੍ਹੇ ਵਿੱਚ ਕਿਸੇ ਵੀ ਪ੍ਰਾਈਵੇਟ ਲੈਬ ਨੂੰ ਸਵਾਈਨ ਫਲੂ ਟੈਸਟ ਦੀ ਮਾਨਤਾ ਨਹੀਂ ਦਿੱਤੀ ਗਈ ਹੈ। ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਸੈਂਪਲ IDSP ਵਿਭਾਗ ਨੂੰ ਭੇਜਣਾ ਹੁੰਦਾ ਹੈ, ਜਿੱਥੋਂ ਉਸ ਨੂੰ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਭੇਜਿਆ ਜਾਂਦਾ ਹੈ। ਰਾਜ ਵਿੱਚ ਇਸ ਟੈਸਟ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ, PGI ਚੰਡੀਗੜ੍ਹ ਅਤੇ DMC ਲੁਧਿਆਣਾ ਹੀ ਅਧਿਕਾਰਤ ਹਨ।
ਐਕਸਪਰਟ ਅਲਰਟ: ਸਾਹ ਫੁੱਲਣ ਦਾ ਇੰਤਜ਼ਾਰ ਨਾ ਕਰੋ
ਮਾਮਲਿਆਂ ਦੇ ਵਧਣ ਦੇ ਵਿਚਕਾਰ ਡਾਕਟਰਾਂ ਨੇ ਲੋਕਾਂ ਨੂੰ ਸ਼ੁਰੂਆਤੀ ਲੱਛਣਾਂ ਨੂੰ ਹਲਕੇ ਵਿੱਚ ਨਾ ਲੈਣ ਦੀ ਚਿਤਾਵਨੀ ਦਿੱਤੀ ਹੈ।
ਫ਼ੋਰਟਿਸ ਹਸਪਤਾਲ, ਜਲੰਧਰ ਦੀ ਇੰਟਰਨਲ ਮੈਡੀਸਨ ਕੰਸਲਟੈਂਟ ਡਾ. ਪ੍ਰੀਤੀ ਸਲਹਾਨ ਕਹਿੰਦੀ ਹਨ, ਹਰ ਸਾਲ ਇਸ ਮੌਸਮ ਵਿੱਚ ਹਸਪਤਾਲਾਂ ਵਿੱਚ ਇੱਕੋ ਵਰਗਾ ਪੈਟਰਨ ਦੇਖਣ ਨੂੰ ਮਿਲਦਾ ਹੈ। ਮਰੀਜ਼ ਤੇਜ਼ ਬੁਖ਼ਾਰ, ਸਰੀਰ ਦਰਦ, ਗਲੇ ਵਿੱਚ ਖਰਾਸ਼ ਅਤੇ ਨਾ ਠੀਕ ਹੋਣ ਵਾਲੀ ਖੰਘ ਨਾਲ ਆਉਂਦੇ ਹਨ। ਲੋਕ ਇਸ ਨੂੰ ਆਮ ਵਾਇਰਲ ਸਮਝ ਕੇ ਖ਼ੁਦ ਦਵਾਈ ਲੈ ਲੈਂਦੇ ਹਨ ਅਤੇ 3-4 ਦਿਨ ਇੰਤਜ਼ਾਰ ਕਰਦੇ ਹਨ। ਫਿਰ ਜਦੋਂ ਸਾਹ ਫੁੱਲਣ ਲੱਗਦਾ ਹੈ, ਉਦੋਂ ਉਹ ਐਮਰਜੈਂਸੀ ਵਿੱਚ ਆਉਂਦੇ ਹਨ। ਉਦੋਂ ਤੱਕ H1N1 ਸੰਕਰਮਣ ਫੇਫੜਿਆਂ ਤੱਕ ਫੈਲ ਚੁੱਕਾ ਹੁੰਦਾ ਹੈ।
ਉਹ ਦੱਸਦੇ ਹਨ, ਮੇਰੇ ਕੋਲ ਆਏ ਲਗਪਗ ਹਰ ਗੰਭੀਰ ਮਰੀਜ਼ ਨੇ ਇਹੋ ਕਿਹਾ ਕਿ ਪਹਿਲੇ 2-3 ਦਿਨ ਲੱਗਿਆ ਕਿ ਕੁਝ ਨਹੀਂ ਹੈ। ਇਹੋ ਸ਼ੁਰੂਆਤੀ ਦੇਰੀ ਤੈਅ ਕਰਦੀ ਹੈ ਕਿ ਮਰੀਜ਼ ਘਰ ‘ਤੇ ਠੀਕ ਹੋਵੇਗਾ ਜਾਂ ਉਸ ਨੂੰ ਆਕਸੀਜਨ ਅਤੇ ਵੈਂਟੀਲੇਟਰ ਸਪੋਰਟ ਦੀ ਲੋੜ ਪਵੇਗੀ।
ਕਦੋਂ ਤੁਰੰਤ ਡਾਕਟਰ ਕੋਲ ਜਾਈਏ?
ਮੋਦੀ ਚੈਸਟ ਕਲੀਨਿਕ ਦੇ MD ਡਾ. ਦੀਪਕ ਮੋਦੀ ਅਨੁਸਾਰ, ਜੇਕਰ ਫਲੂ ਦੇ ਨਾਲ ਇਹ ਲੱਛਣ ਦਿਖਣ ਤਾਂ ਬਿਨਾਂ ਇੱਕ ਮਿੰਟ ਗੁਆਏ ਡਾਕਟਰ ਨਾਲ ਸੰਪਰਕ ਕਰੋ:
ਸਾਹ ਲੈਣ ਵਿੱਚ ਤਕਲੀਫ਼ ਜਾਂ ਬਹੁਤ ਤੇਜ਼ੀ ਨਾਲ ਸਾਹ ਆਉਣਾ
ਛਾਤੀ ਵਿੱਚ ਲਗਾਤਾਰ ਦਰਦ ਜਾਂ ਦਬਾਅ
ਬੁੱਲ੍ਹਾਂ ਜਾਂ ਉਂਗਲਾਂ ਦੇ ਪੋਟਿਆਂ ਦਾ ਨੀਲਾ ਪੈਣਾ
ਅਚਾਨਕ ਘਬਰਾਹਟ, ਚੱਕਰ ਆਉਣਾ ਜਾਂ ਬੇਹੋਸ਼ੀ ਵਰਗਾ ਲੱਗਣਾ
ਸ਼ੂਗਰ (ਡਾਇਬਟੀਜ਼), ਦਿਲ ਜਾਂ ਅਸਥਮਾ ਵਰਗੀ ਪੁਰਾਣੀ ਬੀਮਾਰੀ ਦਾ ਅਚਾਨਕ ਵਿਗੜਨਾ
ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੈ?
ਗਰਭਵਤੀ ਔਰਤਾਂ, 5 ਸਾਲ ਤੋਂ ਘੱਟ ਉਮਰ ਦੇ ਬੱਚੇ, 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਸ਼ੂਗਰ, ਹਾਰਟ ਫੇਲ੍ਹਅਰ, ਅਸਥਮਾ, ਕਿਡਨੀ ਰੋਗ ਤੋਂ ਪੀੜਤ ਲੋਕ ਅਤੇ ਲੰਬੇ ਸਮੇਂ ਤੋਂ ਸਟੀਰੌਇਡ ਜਾਂ ਇਮਿਊਨੋਸਪ੍ਰੈਸਿਵ ਦਵਾਈਆਂ ਲੈ ਰਹੇ ਮਰੀਜ਼। ਇਨ੍ਹਾਂ ਵਿੱਚ H1N1 ਬਹੁਤ ਤੇਜ਼ੀ ਨਾਲ ਵਾਇਰਲ ਨਿਮੋਨੀਆ ਵਿੱਚ ਬਦਲ ਸਕਦਾ ਹੈ।
ਬਚਾਅ ਹੀ ਸਭ ਤੋਂ ਵੱਡਾ ਇਲਾਜ
ਡਾਕਟਰਾਂ ਨੇ ਬਚਾਅ ਲਈ ਕੁਝ ਜ਼ਰੂਰੀ ਉਪਾਅ ਦੱਸੇ ਹਨ:
ਸਾਲਾਨਾ ਫਲੂ ਵੈਕਸੀਨ: ਹਰ ਸਾਲ ਦਾ ਫਲੂ ਸ਼ਾਟ H1N1 ਦੇ ਮੌਜੂਦਾ ਸਟ੍ਰੇਨ ਤੋਂ ਬਚਾਅ ਦਾ ਸਭ ਤੋਂ ਅਸਰਦਾਰ ਤਰੀਕਾ ਹੈ।
48 ਘੰਟਿਆਂ ਵਿੱਚ ਇਲਾਜ: ਐਂਟੀਵਾਇਰਲ ਦਵਾਈਆਂ ਲੱਛਣ ਸ਼ੁਰੂ ਹੋਣ ਦੇ ਪਹਿਲੇ 48 ਘੰਟਿਆਂ ਵਿੱਚ ਸਭ ਤੋਂ ਵੱਧ ਅਸਰ ਕਰਦੀਆਂ ਹਨ।
ਸਫ਼ਾਈ ਅਤੇ ਸਾਵਧਾਨੀ: ਹੱਥਾਂ ਨੂੰ ਸਾਬਣ-ਪਾਣੀ ਨਾਲ ਵਾਰ-ਵਾਰ ਧੋਵੋ, ਖੰਘਦੇ-ਛਿੱਕਦੇ ਸਮੇਂ ਮੂੰਹ-ਨੱਕ ਨੂੰ ਕੋਹਣੀ ਜਾਂ ਟਿਸ਼ੂ ਨਾਲ ਢੱਕੋ, ਭੀੜ-ਭੜੱਕੇ ਅਤੇ ਬੰਦ ਜਗ੍ਹਾਵਾਂ ‘ਤੇ ਮਾਸਕ ਪਹਿਨੋ, ਬੁਖ਼ਾਰ ਹੋਣ ‘ਤੇ ਘਰ ‘ਚ ਹੀ ਰਹੋ ਅਤੇ ਖ਼ੁਦ ਤੋਂ ਐਂਟੀਬਾਇਓਟਿਕ ਲੈਣ ਤੋਂ ਬਚੋ।
