ਬਰਨਾਲਾ, 5 ਮਾਰਚ (ਪੰਜਾਬੀ ਖਬਰਨਾਮਾ) :ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ‘ਚ ਮਤਦਾਨ ਦਰ ਵਧਾਉਣ ਅਤੇ ਵੋਟਾਂ ‘ਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਸਵੀਪ ਤਹਿਤ ਗਤਵਿਧੀਆਂ ਕਾਰਵਾਈਆਂ ਜਾ ਰਹੀਆਂ ਹਨ।

ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ 7 ਜਾਗਰੂਕਤਾ ਵੈੱਨਾਂ ਚਲਾਈਆਂ ਜਾ ਰਹੀਆਂ ਹਨ। ਇਹ ਜਾਗਰੂਕਤਾ ਵੈੱਨਾਂ ਵੱਖ ਵੱਖ ਵਿਧਾਨ ਸਭਾ ਹਲਕਿਆਂ ‘ਚ ਆਮ ਜਨਤਾ ਨੂੰ ਈ. ਵੀ. ਐੱਮ. ਮਸ਼ੀਨਾਂ ਦੀ ਵਰਤੋਂ ਅਤੇ ਵੋਟਰ ਜਾਗਰੂਕਤਾ ਬਾਰੇ ਜਾਣਕਾਰੀ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੈੱਨਾਂ ਸਕੂਲਾਂ ਅਤੇ ਕਾਲਜਾਂ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਨ੍ਹਾਂ ਵੈੱਨਾਂ ਰਾਹੀਂ ਲੋਕ ਵੋਟਿੰਗ ਪ੍ਰਕ੍ਰਿਆ ਨੂੰ ਸਮਝਣ ਤਾਂ ਜੋ ਵੋਟ ਪਾਉਣ ਵਾਲੇ ਦਿਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਅਮਲੇ ਵੱਲੋਂ ਜਨਤਕ ਥਾਵਾਂ ਉੱਤੇ ਚੋਣ ਸੱਥਾਂ, ਚੋਣ ਪਾਠਸ਼ਾਲਾ, ਨੁੱਕੜ ਨਾਟਕ ਆਦਿ ਕਰਵਾਏ ਜਾ ਰਹੇ ਹਨ । ਪਿੰਡ ਅਸਪਾਲ ਕਲਾਂ, ਕਾਲੇਕੇ, ਧੂਰਕੋਟ, ਬਦਰਾ, ਕਾਹਨੇਕੇ, ਸਹਿਣਾ, ਸੰਧੂ ਕਲਾਂ, ਬੱਲੋਕੇ, ਲਾਲ ਬਹਾਦਰ ਸ਼ਾਸਤਰੀ ਕਾਲਜ, ਬਰਨਾਲਾ ਸ਼ਹਿਰ ‘ਚ ਵੱਖ ਵੱਖ ਹੋਰ ਸਕੂਲ ਅਤੇ ਕਾਲਜ, ਘੁੰਨਸ, ਖੁੱਡੀ ਖੁਰਦ, ਅਲਕੜਾ, ਜੰਗੀਆਣਾ, ਮਜੂਕੇ, ਰਾਮਗੜ੍ਹ, ਫਰਵਾਹੀ ਆਦਿ ਵਿਖੇ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਬਾਕੀ ਥਾਵਾਂ ਉੱਤੇ ਵੀ ਇਹ ਕੰਮ ਜਾਰੀ ਹੈ ।

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇਸ ਬਾਰ, 70 ਪਾਰ ਦਾ ਟੀਚਾ ਮਿੱਥਿਆ ਗਿਆ ਹੈ। ਭਾਵ ਮਤਦਾਨ ਦਰ ਨੂੰ 70 ਫ਼ੀਸਦੀ ਤੋਂ ਵੱਧ ਲੈ ਕੇ ਜਾਣ ਉੱਤੇ ਵੋਟਰ ਜਾਗਰੂਕਤਾ ਰਾਹੀਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਅਤੇ ਦੇਸ਼ ਹਿੱਤ ਵਿਚ ਕਰਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।