07 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੇ ਮਾਣਮੱਤੇ ਖੇਡ ਵਿਰਸੇ ਤੇ ਜਿੱਤਾਂ ਦੀ ਸ਼ਾਨਦਾਰ ਰਵਾਇਤ ਨੂੰ ਚਾਰ ਚੰਨ ਲਾਉਂਦਿਆਂ ਹੁਸ਼ਿਆਰਪੁਰ ਦੀ 17 ਸਾਲਾ ਹੋਣਹਾਰ ਸ਼ਟਲਰ ਤਨਵੀ ਸ਼ਰਮਾ ਨੇ ਬੈਡਮਿੰਟਨ ਦੇ ਵਿਸ਼ਵ ਸਰਕਟ ’ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਪੰਜਾਬ ਦੀ ਜ਼ਰਖ਼ੇਜ਼ ਧਰਤੀ ਨੇ ਹਮੇਸ਼ਾ ਅਜਿਹੇ ਮੈਦਾਨੀ ਯੋਧਿਆਂ ਨੂੰ ਤਰਾਸ਼ਿਆ ਹੈ, ਜਿਨ੍ਹਾਂ ਨੇ ਆਪਣੇ ਬੇਮਿਸਾਲ ਜਜ਼ਬੇ ਤੇ ਜਨੂੰਨ ਨਾਲ ਵਿਸ਼ਵ ਖੇਡ-ਜਗਤ ’ਚ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ। ਇਸੇ ਅਮੀਰ ਖੇਡ-ਪ੍ਰੰਪਰਾ ਨੂੰ ਅਗਾਂਹ ਤੋਰਦਿਆਂ ਤਨਵੀ ਨੇ ਤਾਈਪੇ ਓਪਨ ਸੁਪਰ 300 ਵਿਚ ਆਪਣਾ ਪਹਿਲਾਂ ਵਿਸ਼ਵ ਟੂਰ ਖਿਤਾਬ ਚੁੰਮ ਕੇ ਅੰਤਰਰਾਸ਼ਟਰੀ ਮੰਚ ’ਤੇ ਭਾਰਤੀ ਬੈਡਮਿੰਟਨ ਦਾ ਡੰਕਾ ਵਜਾ ਕੇ ਸਮੂਹ ਪੰਜਾਬੀਆਂ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਭਾਰਤ ਨੇ ਸਾਇਨਾ ਨੇਹਵਾਲ ਦੀ ਧਮਾਕੇਦਾਰ ਸਮੈਸ਼ ਤੇ ਪੀਵੀ ਸਿੰਧੂ ਦੇ ਖੁੱਲ੍ਹੇ ਕ੍ਰਾਸਕੋਰਟ ਸਮੈਸ਼ ਦਾ ਖ਼ੂਬ ਆਨੰਦ ਮਾਣਿਆ ਹੈ। ਹੁਣ ਤਨਵੀ ਸ਼ਰਮਾ ਦੀ ਸਮੈਸ਼ ਦਾ ਸਵਾਗਤ ਕਰੋ, ਜਿਸ ਵਿਚ ਲਾਜਵਾਬ ਟਾਈਮਿੰਗ ਤੇ ਨਾਟਕੀ ਅੰਦਾਜ਼ ਛੁਪਿਆ ਹੋਇਆ ਹੈ। ਆਪਣੇ ਇਸ ਬਿਹਤਰੀਨ ਸ਼ਾਟ ਦੇ ਦਮ ’ਤੇ ਉਸ ਨੇ 2008 ਵਿਚ ਨੇਹਵਾਲ ਦੁਆਰਾ ਰਚੇ ਇਤਿਹਾਸ ਨੂੰ ਦੁਹਰਾਇਆ ਹੈ।

ਰਿਕਾਰਡਤੋੜ ਪ੍ਰਦਰਸ਼ਨ

ਮਹਿਜ਼ 17 ਸਾਲ ਦੀ ਉਮਰ ’ਚ ਇਹ ਵਿਸ਼ਵ ਪੱਧਰੀ ਖਿਤਾਬ ਜਿੱਤ ਕੇ ਤਨਵੀ ਤਾਈਪੇ ਓਪਨ ਦੇ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੀ ਚੈਂਪੀਅਨ ਬਣ ਗਈ ਹੈ। ਫਾਈਨਲ ਮੁਕਾਬਲੇ ’ਚ ਉਸ ਨੇ ਆਪਣੀ ਮਾਨਸਿਕ ਤੇ ਸਰੀਰਕ ਮਜ਼ਬੂਤੀ ਦਾ ਲੋਹਾ ਮੰਨਵਾਉਂਦਿਆਂ ਵੀਅਤਨਾਮ ਦੀ ਵਿਸ਼ਵ ਨੰਬਰ 21 ਖਿਡਾਰਨ ਥੂਈ ਲਿਨ ਨਗੁਏਨ ਨੂੰ ਮਹਿਜ਼ 36 ਮਿੰਟਾਂ ਵਿਚ 21-16, 21-16 ਦੇ ਸਕੋਰ ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਤਨਵੀ 2008 ਵਿਚ ਸਾਇਨਾ ਨੇਹਵਾਲ ਤੋਂ ਬਾਅਦ ਤਾਈਪੇ ਓਪਨ ਦਾ ਸਿੰਗਲਜ਼ ਖਿਤਾਬ ਜਿੱਤਣ ਵਾਲੀ ਵੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ।

ਤਨਵੀ ਨੇ ਪਿਛਲੇ ਦੋ ਸਾਲਾਂ ’ਚ ਬਹੁਤ ਤੇਜ਼ੀ ਨਾਲ ਆਪਣੀ ਖੇਡ ਵਿਚ ਸੁਧਾਰ ਲਿਆਂਦਾ ਹੈ। ਉਹ ਇੱਕੋ ਹੀ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਸੀਜ਼ਨ ਵਿਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ, ਜਿਸ ਨੇ ਲੜਕੀਆਂ ਦੇ ਸਿੰਗਲਜ਼ ਵਿਚ ਚਾਂਦੀ ਦਾ ਤਗ਼ਮਾ ਤੇ ਮਿਸ਼ਰਤ ਟੀਮ ਈਵੈਂਟ ਵਿਚ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਸੀ। ਉਹ ਏਸ਼ੀਅਨ ਟੀਮ ਚੈਂਪੀਅਨਸ਼ਿਪ ’ਚ ਦੇਸ਼ ਦਾ ਪਹਿਲਾਂ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ ਵੀ ਸੀ। ਉਹ ਓਡੀਸ਼ਾ ਮਾਸਟਰਜ਼ ਸੁਪਰ 100 ਤੇ ਗੁਹਾਟੀ ਮਾਸਟਰਜ਼ ਸੁਪਰ 100 ’ਚ ਵੀ ਉਪ-ਜੇਤੂ (ਰਨਰ-ਅੱਪ) ਰਹਿ ਚੁੱਕੀ ਹੈ।

ਜੇਕਰ ਇਸ ਇਤਿਹਾਸਕ ਫਾਈਨਲ ਮੈਚ ਦੀ ਗੱਲ ਕਰੀਏ ਤਾਂ ਤਨਵੀ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ ਤੇ ਨਗੁਏਨ ਨੂੰ ਪਰੇਸ਼ਾਨ ਕਰਨ ਲਈ ਆਪਣੀਆਂ ਡ੍ਰੌਪ ਸ਼ਾਟਾਂ ਦੀ ਵਰਤੋਂ ਕੀਤੀ। ਇਸ ਤਰ੍ਹਾਂ ਉਹ ਪਹਿਲੀ ਗੇਮ ਵਿਚ ਤੇਜ਼ੀ ਨਾਲ 10-2 ਦੀ ਲੀਡ ਲੈਣ ’ਚ ਕਾਮਯਾਬ ਰਹੀ। ਹਾਲਾਂਕਿ ਕੁਝ ਬਿਨਾਂ ਦਬਾਅ ਵਾਲੀਆਂ ਗ਼ਲਤੀਆਂ (ਅਨਫੋਰਸਡ ਐਰਰਜ਼) ਕਾਰਨ ਵੀਅਤਨਾਮੀ ਖਿਡਾਰੀ ਫ਼ਰਕ ਘਟਾਉਣ ‘ਚ ਸਫਲ ਰਹੀ ਪਰ ਤਨਵੀ ਨੇ ਮਿਡ-ਗੇਮ ਬ੍ਰੇਕ ਤੋਂ ਬਾਅਦ ਦੁਬਾਰਾ ਕੰਟਰੋਲ ਹਾਸਿਲ ਕਰ ਲਿਆ। ਕੋਰਟ ਦੇ ਦੋਵਾਂ ਪਾਸਿਆਂ ਤੋਂ ਲਗਾਏ ਗਏ ਦਮਦਾਰ ਸਮੈਸ਼ਾਂ ਦੀ ਮਦਦ ਨਾਲ ਉਸ ਨੇ ਪਹਿਲੀ ਗੇਮ 21-16 ਨਾਲ ਆਪਣੇ ਨਾਂ ਕੀਤੀ। ਨਗੁਏਨ ਨੇ ਦੂਜੀ ਗੇਮ ਦੀ ਬਿਹਤਰ ਸ਼ੁਰੂਆਤ ਕੀਤੀ ਤੇ 3-0 ਦੀ ਬੜ੍ਹਤ ਬਣਾ ਲਈ ਪਰ ਤਨਵੀ ਨੇ ਵਾਪਸੀ ਕਰਦਿਆਂ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਤਨਵੀ ਨੇ ਆਪਣਾ ਦਬਦਬਾ ਬਣਾਉਣ ਲਈ ਇਕ ਵਾਰ ਫਿਰ ਤਾਕਤਵਰ ਸਮੈਸ਼ਾਂ ਨੂੰ ਆਪਣਾ ਹਥਿਆਰ ਬਣਾਇਆ। ਭਾਰਤੀ ਖਿਡਾਰੀ ਨੇ ਹੌਲੀ-ਹੌਲੀ ਆਪਣੀ ਲੀਡ 15-10 ਤੇ ਫਿਰ 18-12 ਕਰ ਲਈ। ਉਸ ਨੇ ਸੱਤ ਮੈਚ ਪੁਆਇੰਟ ਹਾਸਿਲ ਕੀਤੇ ਅਤੇ ਤਿੰਨ ਮੌਕੇ ਖੁੰਝਾਉਣ ਦੇ ਬਾਵਜੂਦ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤਣ ਲਈ ਇਕ ਹੋਰ ਵਿਨਿੰਗ ਸ਼ਾਟ ਨਾਲ ਮੈਚ ਖ਼ਤਮ ਕੀਤਾ।

ਮਾਂ ਦੀ ਮਿਹਨਤ ਤੇ ਸੰਘਰਸ਼ ਦੀ ਕਹਾਣੀ

ਤਨਵੀ ਦੀ ਇਸ ਸੁਨਹਿਰੀ ਸਫਲਤਾ ਪਿੱਛੇ ਉਸ ਦੀ ਮਾਂ ਮੀਨਾ ਸ਼ਰਮਾ ਦੀ ਅਣਥੱਕ ਮਿਹਨਤ ਤੇ ਸਮਰਪਣ ਹੈ। ਖ਼ੁਦ ਇਕ ਸਾਬਕਾ ਰਾਸ਼ਟਰੀ ਵਾਲੀਬਾਲ ਖਿਡਾਰਨ ਹੋਣ ਦੇ ਨਾਤੇ ਮੀਨਾ ਸ਼ਰਮਾ ਨੇ ਆਪਣੀ ਧੀ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਆਪ ਬੈਡਮਿੰਟਨ ਦੇ ਗੁਰ ਸਿੱਖੇ। ਹੁਸ਼ਿਆਰਪੁਰ ’ਚ ਸਵੇਰੇ 4 ਵਜੇ ਦੀਆਂ ਸਖ਼ਤ ਟ੍ਰੇਨਿੰਗਾਂ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਵਿਸ਼ਵ ਖੇਡ ਮੰਚ ਤੱਕ ਪਹੁੰਚ ਚੁੱਕਿਆ ਹੈ। ਬਾਅਦ ’ਚ ਗੁਵਾਹਾਟੀ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ’ਚ ਪੀਵੀ ਸਿੰਧੂ ਦੇ ਸਾਬਕਾ ਕੋਚ ਪਾਰਕ ਤਾਏ-ਸਾਂਗ ਦੀ ਛਤਰ-ਛਾਇਆ ਹੇਠ ਤਨਵੀ ਦੇ ਹੁਨਰ ਨੂੰ ਹੋਰ ਨਿਖਾਰ ਮਿਲਿਆ।

ਜੂਨੀਅਰ ਪੱਧਰ ਤੋਂ ਵਿਸ਼ਵ ਮੰਚ ਤੱਕ ਦਾ ਸਫ਼ਰ

ਤਨਵੀ ਦੀ ਇਹ ਸਫਲਤਾ ਕੋਈ ਇਤਫ਼ਾਕ ਨਹੀਂ ਹੈ ਸਗੋਂ ਉਸ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ। ਉਹ ਸਾਬਕਾ ਵਿਸ਼ਵ ਜੂਨੀਅਰ ਨੰਬਰ 1 ਖਿਡਾਰਨ ਰਹਿ ਚੁੱਕੀ ਹੈ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਇਕ ਹੀ ਐਡੀਸ਼ਨ ’ਚ ਦੋ ਮੈਡਲ (ਸਿੰਗਲਜ਼ ਵਿੱਚ ਚਾਂਦੀ ਤੇ ਮਿਕਸਡ ਟੀਮ ਵਿਚ ਕਾਂਸੀ) ਜਿੱਤਣ ਵਾਲੀ ਉਹ ਪਹਿਲੀ ਭਾਰਤੀ ਹੈ। ਉਹ ਏਸ਼ਿਆਈ ਟੀਮ ਚੈਂਪੀਅਨਸ਼ਿਪ ’ਚ ਭਾਰਤ ਲਈ ਇਤਿਹਾਸਕ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦੀ ਅਹਿਮ ਮੈਂਬਰ ਰਹੀ ਹੈ। 16 ਸਾਲ ਦੀ ਉਮਰ ਵਿਚ 2025 ਯੂਐੱਸ ਓਪਨ ਸੁਪਰ 300 ਦੇ ਫਾਈਨਲ ਵਿਚ ਪਹੁੰਚਣ ਤੋਂ ਇਲਾਵਾ ਉਹ ਓਡੀਸ਼ਾ ਮਾਸਟਰਜ਼ ਤੇ ਗੁਹਾਟੀ ਮਾਸਟਰਜ਼ ’ਚ ਵੀ ਉਪ-ਜੇਤੂ ਰਹੀ।

ਪੰਜਾਬ ਦੀਆਂ ਧੀਆਂ ਲਈ ਪ੍ਰੇਰਣਾਸਰੋਤ

ਤਨਵੀ ਸ਼ਰਮਾ ਦੀ ਇਹ ਇਤਿਹਾਸਕ ਜਿੱਤ ਸਿਰਫ਼ ਇਕ ਖੇਡ ਖਿਤਾਬ ਨਹੀਂ ਹੈ ਸਗੋਂ ਇਹ ਪੰਜਾਬ ਦੀਆਂ ਉਨ੍ਹਾਂ ਲੱਖਾਂ ਧੀਆਂ ਲਈ ਮਿਸਾਲ ਹੈ, ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੀਆਂ ਹਨ। ਉਸ ਦੀ ਇਸ ਪ੍ਰਾਪਤੀ ਨੇ ਸਾਬਿਤ ਕਰ ਦਿੱਤਾ ਹੈ ਕਿ ਜੇ ਇਰਾਦੇ ਬੁਲੰਦ ਹੋਣ ਤੇ ਪਰਿਵਾਰ ਦਾ ਸਾਥ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ। ਤਨਵੀ ਸ਼ਰਮਾ ਦਾ ਆਗਮਨ ਹੋ ਚੁੱਕਿਆ ਹੈ। ਉਸ ਦੇ ਸਮੈਸ਼ ਦੀ ਟਾਈਮਿੰਗ ਤੇ ਓਵਰਹੈੱਡ ਡਿਸੈਪਸ਼ਨ (ਹਵਾ ਵਿੱਚ ਵਿਰੋਧੀ ਨੂੰ ਭੁਲੇਖਾ ਪਾਉਣ ਦੀ ਕਲਾ) ਬੇਮਿਸਾਲ ਹੈ ਤੇ ਇਹ ਕਿਹਾ ਜਾ ਸਕਦਾ ਹੈ ਕਿ ਭਵਿੱਖ ’ਚ ਅਜਿਹੇ ਹੋਰ ਵੱਡੇ ਕੀਰਤੀਮਾਨ ਇਸ ਸ਼ੇਰ ਬੱਚੀ ਦੇ ਅੱਗੇ ਗੋਡੇ ਟੇਕਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।