ਵਾਸ਼ਿੰਗਟਨ, 31 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਫੈਡਰਲ ਕੋਰਟ ਨੇ ਇਕ ਭਾਰਤੀ ਨਾਗਰਿਕ ਨੂੰ ਵੀਜ਼ਾ ਧੋਖਾਧੜੀ ਤੇ ਡਕੈਤੀ ਦਾ ਨਾਟਕ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਇਕ ਦਿਨ ਦੀ ਜੇਲ੍ਹ ਤੇ ਇਕ ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਹੈ। ਨਾਲ ਹੀ ਉਸ ਨੂੰ ਦੇਸ਼ ਤੋਂ ਬਾਹਰ ਭੇਜਣ ਦਾ ਆਦੇਸ਼ ਦਿੱਤਾ ਹੈ। ਮੈਸਾਚੁਸੈਟਸ ਦੇ ਵਾਰਸੈਸਟਰ ’ਚ ਰਹਿਣ ਵਾਲੇ 40 ਸਾਲਾ ਮਿਤੁਲ ਪਟੇਲ ਨੂੰ ਬੁੱਧਵਾਰ ਨੂੰ ਬੋਸਟਨ ’ਚ ਇਕ ਜੱਜ ਨੇ ਸੁਵਿਧਾ ਸਟੋਰ (ਕਨਵੀਨੀਐਂਸ ਸਟੋਰ) ’ਚ ਡਕੈਤੀ ਦਾ ਨਾਟਕ ਕਰਨ ਦੀ ਸਾਜ਼ਿਸ਼ ਦੇ ਮਾਮਲੇ ’ਚ ਸਜ਼ਾ ਸੁਣਾਈ।
ਇਸ ਦਾ ਮਕਸਦ ਸਟੋਰ ਕਲਰਕਾਂ ਨੂੰ ਇਹ ਝੂਠਾ ਦਾਅਵਾ ਕਰਨ ਦਾ ਮੌਕਾ ਦੇਣਾ ਸੀ ਕਿ ਉਹ ਇਮੀਗ੍ਰੇਸ਼ਨ ਅਰਜ਼ੀਆਂ ’ਚ ਅਪਰਾਧ ਦੇ ਸ਼ਿਕਾਰ ਹੋਏ ਹਨ। ਪਟੇਲ ਤੇ ਇਸ ਯੋਜਨਾ ’ਚ ਸ਼ਾਮਲ 10 ਹੋਰ ਲੋਕਾਂ ਨੇ ਜੂਨ 2026 ’ਚ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ।
ਜਾਣਕਾਰੀ ਮੁਤਾਬਕ, ਮਾਰਚ 2023 ਤੋਂ ਰਾਮਭਾਈ ਪਟੇਲ ਤੇ ਉਨ੍ਹਾਂ ਦੇ ਸਾਥੀਆਂ ਨੇ ਮੈਸਾਚੁਸੈਟਸ ਤੇ ਹੋਰ ਥਾਵਾਂ ’ਤੇ ਛੇ ਸਟੋਰ/ ਸ਼ਰਾਬ ਦੀਆਂ ਦੁਕਾਨਾਂ ਤੇ ਰੈਸਟੋਰੈਂਟਾਂ ’ਚ ਹਥਿਆਰਬੰਦ ਡਕੈਤੀ ਦਾ ਨਾਟਕ ਰਚਿਆ ਤੇ ਉਸ ਨੂੰ ਅੰਜਾਮ ਦਿੱਤਾ। ਦੋਸ਼ ਹੈ ਕਿ ਇਨ੍ਹਾਂ ਨਕਲੀ ਡਕੈਤੀਆਂ ਦਾ ਮਕਸਦ ਉੱਥੇ ਮੌਜੂਦ ਕਲਰਕਾਂ ਨੂੰ ‘ਯੂ ਨਾਨ-ਇਮੀਗ੍ਰੇਸ਼ਨ ਸਟੇਟਸ (ਯੂ ਵੀਜ਼ਾ) ਦੀ ਅਰਜ਼ੀ ’ਚ ਇਹ ਝੂਠਾ ਦਾਅਵਾ ਕਰਨ ਦਾ ਮੌਕਾ ਦੇਣਾ ਸੀ ਕਿ ਉਹ ਕਿਸੇ ਹਿੰਸਕ ਅਪਰਾਧ ਦੇ ਸ਼ਿਕਾਰ ਹੋਏ ਹਨ।
