ਨਵੀਂ ਦਿੱਲੀ 31 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਹੈਦਰਾਬਾਦ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਐਡਿਟ ਕੀਤੇ ਗਏ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਹੈਦਰਾਬਾਦ ਪੁਲਿਸ ਨੇ Meta ਦੇ ਇੰਡੀਆ ਹੈੱਡ ਅਰੁਣ ਸ੍ਰੀਨਿਵਾਸ ਅਤੇ ਕਈ ਫੇਸਬੁੱਕ-ਇੰਸਟਾਗ੍ਰਾਮ ਅਕਾਊਂਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦਰਅਸਲ, ਏਆਈ (AI) ਦੁਆਰਾ ਤਿਆਰ ਕੀਤੀ ਗਈ ਇਤਰਾਜ਼ਯੋਗ ਸਮੱਗਰੀ ਨਾਲ ਸਮਾਜਿਕ ਸ਼ਾਂਤੀ ਭੰਗ ਹੋਣ ਦਾ ਦੋਸ਼ ਲਗਾਉਂਦੇ ਹੋਏ ਤੇਲੰਗਾਨਾ ਦੇ ਦੋ ਨਿਵਾਸੀਆਂ ਦੀ ਸ਼ਿਕਾਇਤ ‘ਤੇ ਇਹ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।ਜਿਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਇੰਸਟਾਗ੍ਰਾਮ ਬ੍ਰਾਊਜ਼ ਕਰਦੇ ਸਮੇਂ, ਉਨ੍ਹਾਂ ਨੂੰ ਕਈ ਫਰਜ਼ੀ ਅਤੇ ਡਿਜੀਟਲ ਤੌਰ ‘ਤੇ ਹੇਰ-ਫੇਰ ਕੀਤੇ ਗਏ ਵੀਡੀਓ ਅਤੇ ਤਸਵੀਰਾਂ ਮਿਲੀਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨੂੰ ਅਸ਼ਲੀਲ, ਅਪਮਾਨਜਨਕ ਅਤੇ ਗੁੰਮਰਾਹਕੁੰਨ ਤਰੀਕੇ ਨਾਲ ਦਿਖਾਇਆ ਗਿਆ ਸੀ।ਵਿਵਾਦ ਤੋਂ ਬਾਅਦ ਮੈਟਾ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਵੀ.ਆਈ.ਪੀ. ਅਕਾਊਂਟਾਂ ਦੀ ਨਿਗਰਾਨੀ ਵਧਾਉਣ ਅਤੇ ਸੀਨੀਅਰ ਅਧਿਕਾਰੀਆਂ ਦੁਆਰਾ ਕੰਟੈਂਟ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਪੁਲਿਸ ਨੇ ਦਰਜ ਕੀਤੇ ਦੋ ਮਾਮਲੇ

ਇਹ ਸ਼ਿਕਾਇਤਾਂ 29 ਸਾਲਾ ਕਾਰੋਬਾਰੀ ਐੱਸ. ਅਰਵਿੰਦ ਰੈੱਡੀ ਅਤੇ ਤੇਲੰਗਾਨਾ ਭਾਜਪਾ ਵਰਕਰ ਟੀ. ਸਾਈਕਿਰਨ ਗੌੜ ਨੇ ਦਰਜ ਕਰਵਾਈਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਸਬੰਧਤ ਸੋਸ਼ਲ ਮੀਡੀਆ ਅਕਾਊਂਟਾਂ ਦੇ ਹੈਂਡਲਰਾਂ ਨੂੰ ਮੁਲਜ਼ਮ ਬਣਾਇਆ ਹੈ, ਜਦਕਿ ਮੈਟਾ ਦੇ ਇੰਡੀਆ ਹੈੱਡ ਨੂੰ ਦੋਵਾਂ ਮਾਮਲਿਆਂ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

ਹੈਦਰਾਬਾਦ ਪੁਲਿਸ ਨੂੰ ਕੀਤੀ ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਹੈ, “ਪ੍ਰਧਾਨ ਮੰਤਰੀ ਅਤੇ ਹੇਰ-ਫੇਰ ਕੀਤੀ ਗਈ ਸਮੱਗਰੀ ‘ਚ ਦਿਖਾਏ ਗਏ ਹੋਰ ਵਿਅਕਤੀਆਂ ਪ੍ਰਤੀ ਇਤਰਾਜ਼ਯੋਗ ਭਾਸ਼ਾ, ਮਜ਼ਾਕ ਅਤੇ ਇਤਰਾਜ਼ਯੋਗ ਟਿੱਪਣੀਆਂ ਸ਼ਾਮਲ ਹਨ, ਜਿਸ ਨਾਲ ਪੋਸਟ ਦੀ ਇਤਰਾਜ਼ਯੋਗ ਪ੍ਰਕਿਰਤੀ ਹੋਰ ਵਧ ਜਾਂਦੀ ਹੈ ਅਤੇ ਉਨ੍ਹਾਂ ਦੇ ਵਿਆਪਕ ਪ੍ਰਸਾਰ ਤੇ ਸਾਂਝਾ ਕਰਨ ਨੂੰ ਵਾਧਾ ਮਿਲਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਕਤ ਸਮੱਗਰੀ ਨੂੰ ਡਿਜੀਟਲ ਤੌਰ ‘ਤੇ ਐਡਿਟ ਕੀਤਾ ਗਿਆ ਹੈ ਜਾਂ ਏਆਈ (AI) ਦੁਆਰਾ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ ਹੈ।”

ਮੈਟਾ ਨੇ ਦਿੱਤਾ ਭਰੋਸਾ

ਮੈਟਾ ਨੇ ਪੀਐੱਮ ਮੋਦੀ ਸਮੇਤ ਪ੍ਰਮੁੱਖ ਅਕਾਊਂਟਾਂ ਲਈ ਸੁਰੱਖਿਆ ਉਪਾਅ ਵਧਾਉਂਦੇ ਹੋਏ ਸਰਕਾਰ ਨੂੰ ਭਰੋਸਾ ਦਿਵਾਇਆ ਹੈ। ਹੁਣ ਅਜਿਹੀਆਂ ਵੀ.ਆਈ.ਪੀ. ਪੋਸਟਾਂ ਦੀ ਜਾਂਚ ਅਤੇ ਸਮੀਖਿਆ ਮੈਟਾ ਦੇ ਸੀਨੀਅਰ ਅਧਿਕਾਰੀ ਹੀ ਕਰਨਗੇ। ਕੰਟੈਂਟ ਰੈਗੂਲੇਸ਼ਨ ਅਤੇ ਹੋਰ ਮੁੱਦਿਆਂ ‘ਤੇ ਚਰਚਾ ਕਰਨ ਲਈ ਮੈਟਾ ਦੀ ਟੀਮ ਇਸ ਹਫ਼ਤੇ ਸਰਕਾਰ ਨਾਲ ਮੁਲਾਕਾਤ ਕਰੇਗੀ।

ਦਿੱਲੀ ਪੁਲਿਸ ਦੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ‘ਤੇ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਅਤੇ 20 ਜੁਲਾਈ ਦੇ ‘ਸੰਸਦ ਚੱਲੋ’ ਮਾਰਚ ਦੌਰਾਨ ਪੀਐੱਮ ਮੋਦੀ ਖ਼ਿਲਾਫ਼ ਇਤਰਾਜ਼ਯੋਗ ਤੇ ਅਪਮਾਨਜਨਕ ਪੋਸਟਾਂ ਅਪਲੋਡ ਕਰਨ ‘ਤੇ ਦਿੱਲੀ ਪੁਲਿਸ ਨੇ ਸਖ਼ਤ ਰੁੱਖ ਅਪਣਾਇਆ ਹੈ। ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਜਿਹੀ ਸਮੱਗਰੀ ਹਟਾਉਣ ਦਾ ਨਿਰਦੇਸ਼ ਦੇਣ ਦੇ ਨਾਲ-ਨਾਲ ਕਈ ਨਿਊਜ਼ ਪੋਰਟਲਾਂ ਅਤੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਨੋਟਿਸ ਜਾਰੀ ਕੀਤੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।