ਨਵੀ ਦਿੱਲੀ, 30 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਸ੍ਰੀਨਗਰ ਤੋਂ ਲੱਦਾਖ ਲਈ ਰਵਾਨਾ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਨਵੀਂ ਦਿੱਲੀ ਤੋਂ ਉਹ ਟ੍ਰੇਨ ਰਾਹੀਂ ਸ੍ਰੀਨਗਰ ਪਹੁੰਚੇ ਅਤੇ ਉੱਥੇ ਇੱਕ ਦਿਨ ਆਰਾਮ ਕੀਤਾ।ਸੋਨਮ ਵਾਂਗਚੁਕ ਨੇ X ‘ਤੇ ਪੋਸਟ ਕੀਤੀ ਵੀਡੀਓ ਵਿੱਚ ਭਾਰਤੀ ਰੇਲਵੇ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਰਾਹੀਂ ਉਨ੍ਹਾਂ ਦਾ ਸ੍ਰੀਨਗਰ ਤੱਕ ਦਾ ਸਫ਼ਰ ਖ਼ੂਬਸੂਰਤ ਰਿਹਾ।
ਉਨ੍ਹਾਂ ਨੇ ਕਿਹਾ, “ਅਸੀਂ ਰੇਲ ਗੱਡੀ ਰਾਹੀਂ ਨਿਕਲੇ, ਜੋ ਕਿ ਮੇਰਾ ਸਭ ਤੋਂ ਪਸੰਦੀਦਾ ਆਵਾਜਾਈ ਦਾ ਸਾਧਨ ਹੈ ਅਤੇ ਜੋ ਦਿੱਲੀ ਤੋਂ ਸ੍ਰੀਨਗਰ ਤੱਕ ਵੰਦੇ ਭਾਰਤ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ, ਉਸ ‘ਤੇ ਮੇਰਾ ਪਹਿਲਾ ਤਜ਼ਰਬਾ ਸੀ, ਅਤੇ ਚਿਨਾਬ ‘ਤੇ ਬਣੇ ਪੁਲ ਨੂੰ ਵੀ ਦੇਖਣਾ ਚਾਹੁੰਦਾ ਸੀ। ਬਹੁਤ ਹੀ ਖ਼ੂਬਸੂਰਤ ਤਜ਼ਰਬਾ ਰਿਹਾ, ਮੈਨੂੰ ਭਾਰਤੀ ਰੇਲ ‘ਤੇ ਬਹੁਤ ਮਾਣ ਹੈ…”
ਸੋਨਮ ਵਾਂਗਚੁਕ ਨੇ ਅੱਗੇ ਕਿਹਾ, ‘ਇੱਕ ਦਿਨ ਦੇ ਆਰਾਮ ਤੋਂ ਬਾਅਦ ਕਸ਼ਮੀਰ ਵਿੱਚ ਸਾਫ਼ ਹਵਾ ਅਤੇ ਪਾਣੀ ਲੈ ਕੇ ਹੁਣ ਅਸੀਂ ਲੱਦਾਖ ਵੱਲ ਵਧ ਰਹੇ ਹਾਂ। ਬਾਕੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਖ਼ੁਸ਼ ਹਾਂ ਕਿ ਪ੍ਰੀਖਿਆਵਾਂ ਦੇ ਸੁਧਾਰ ‘ਤੇ ਸੰਸਦ ਵਿੱਚ ਬਿੱਲ ਲਿਆਂਦਾ ਗਿਆ। ਉਮੀਦ ਕਰਦਾ ਹਾਂ ਕਿ ਸੁਧਾਰ ਸਿਰਫ਼ ਪ੍ਰੀਖਿਆਵਾਂ ਵਿੱਚ ਹੀ ਨਹੀਂ ਸਗੋਂ ਸਿੱਖਿਆ ਪ੍ਰਣਾਲੀ ਵਿੱਚ ਵੀ ਹੋਵੇ ਅਤੇ ਜਾਰੀ ਰਹੇ।’
ਵਾਂਗਚੁਕ ਨੇ ਕਿਹਾ ਕਿ ਮੈਂ ਸਰਕਾਰ ਤੋਂ ਇਹ ਵੀ ਅਪੀਲ ਕਰਨਾ ਚਾਹਾਂਗਾ ਕਿ ਉਹ ਉਨ੍ਹਾਂ ਲਿਖਤੀ ਸਮਝੌਤਿਆਂ ‘ਤੇ ਕਾਇਮ ਰਹੇ ਜੋ ਮੇਰੇ ਅਤੇ CJP ਨਾਲ ਹੋਏ ਸਨ, ਕਿ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ‘ਤੇ FIR ਨਹੀਂ ਦਰਜ ਕੀਤੀ ਜਾਵੇਗੀ।
