ਨਵੀਂ ਦਿੱਲੀ 29 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੇਪਰ ਲੀਕ ਰੋਕਣ ਲਈ ਨਵੇਂ ਕਾਨੂੰਨ ‘ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਨੇ ਵਿਦਿਆਰਥੀਆਂ ‘ਤੇ ਗੋਲ਼ੀ ਚਲਾਉਣ ਦਾ ਆਦੇਸ਼ ਦਿੱਤਾ। ਇਸ ਨੂੰ ਲੈ ਕੇ ਸੱਤਾ ਧਿਰ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇਤਰਾਜ਼ ਜਤਾਇਆ ਅਤੇ ਰਾਹੁਲ ਗਾਂਧੀ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ।
ਰਾਹੁਲ ਦੀ ਇਸ ਟਿੱਪਣੀ ਤੋਂ ਬਾਅਦ ਸੰਸਦ ‘ਚ ਭਾਰੀ ਹੰਗਾਮਾ ਹੋਇਆ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬੋਲਣ ਤੋਂ ਇਨਕਾਰ ਕਰਨ ‘ਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਦੁਪਹਿਰ 2:30 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ।
ਰਾਹੁਲ ਗਾਂਧੀ ਨੇ ਕੀ ਕਿਹਾ?
20 ਜੁਲਾਈ ਨੂੰ ਸੰਸਦ ਤਕ ਹੋਏ ਮਾਰਚ ਦੌਰਾਨ ਹੋਈ ਹਿੰਸਾ ‘ਤੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਦੇ ਵਿਦਿਆਰਥੀਆਂ ‘ਤੇ ਗੋਲੀ ਚਲਾਉਣ ਦਾ ਆਦੇਸ਼ ਦਿੱਤਾ। ਉਨ੍ਹਾਂ ਕਿਹਾ, ਹੁਣ ਗ੍ਰਹਿ ਮੰਤਰੀ ਸੰਸਦ ਦਾ ਸਾਹਮਣਾ ਕਰਨ ਤੇ ਵਿਦਿਆਰਥੀਆਂ ‘ਤੇ ਹੋਏ ਹਮਲੇ ਬਾਰੇ ਗੱਲ ਕਰਨ ਦੀ ਹਿੰਮਤ ਨਹੀਂ ਹੈ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕਿਹਾ ਕਿ ਸਿੱਖਿਆ ਮੰਤਰਾਲਾ ਕਦੇ ਧਰਮਿੰਦਰ ਪ੍ਰਧਾਨ ਨੇ ਨਹੀਂ ਚਲਾਇਆ ਬਲਕਿ ਇਸ ਨੂੰ ਆਰਐੱਸਐੱਸ ਨੇ ਚਲਾਇਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ RSS ਵਾਲਾ ਬਣਨ ਨਹੀਂ ਦਿੱਤਾ ਜਾ ਰਿਹਾ ਤੇ ਹਰ ਯੂਨੀਵਰਸਿਟੀ ‘ਚ ਆਰਐੱਸਐੱਸ ਨਾਲ ਜੁੜਿਆ VC ਹੈ। ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਕਿਹਾ, “ਸਿੱਖਿਆ ਵਿਵਸਥਾ ਬਹੁਤ ਮਹਿੰਗੀ ਹੈ। ਸਰਕਾਰ ਪੂਰੇ ਸਿੱਖਿਆ ਬਜਟ ‘ਚ ਜਿੰਨਾ ਖਰਚ ਕਰਦੀ ਹੈ, ਉਸ ਤੋਂ ਜ਼ਿਆਦਾ ਪੈਸਾ ਇੱਕ ਪ੍ਰੀਖਿਆ ‘ਤੇ ਖਰਚ ਹੋ ਜਾਂਦਾ ਹੈ।”
ਕਿਰਨ ਰਿਜਿਜੂ ਨੇ ਕੀ ਕਿਹਾ?
ਰਿਜਿਜੂ ਨੇ ਅਮਿਤ ਸ਼ਾਹ ‘ਤੇ ਰਾਹੁਲ ਗਾਂਧੀ ਦੇ ਬਿਆਨ ‘ਤੇ ਇਤਰਾਜ਼ ਜਤਾਇਆ ਤੇ ਉਨ੍ਹਾਂ ਨੂੰ ਗ੍ਰਹਿ ਮੰਤਰੀ ‘ਤੇ ਦੋਸ਼ ਨਾ ਲਗਾਉਣ ਲਈ ਕਿਹਾ। ਰਿਜਿਜੂ ਨੇ ਮੰਗ ਕੀਤੀ ਕਿ ਲਗਾਏ ਗਏ ਦੋਸ਼ਾਂ ਲਈ ਰਾਹੁਲ ਗਾਂਧੀ ਮਾਫ਼ੀ ਮੰਗਣ। ਰਿਜਿਜੂ ਨੇ ਗਾਂਧੀ ਤੋਂ ਪੁੱਛਿਆ, “ਇਸ ਦਾ ਕੀ ਸਬੂਤ ਹੈ ਕਿ ਅਮਿਤ ਸ਼ਾਹ ਨੇ ਵਿਦਿਆਰਥੀਆਂ ‘ਤੇ ਹਮਲੇ ਦਾ ਆਦੇਸ਼ ਦਿੱਤਾ ਸੀ?” ਰਿਜਿਜੂ ਨੇ ਕਿਹਾ, “ਵਿਰੋਧੀ ਧਿਰ ਦੇ ਨੇਤਾ ਬੇਬੁਨਿਆਦ ਦੋਸ਼ ਨਹੀਂ ਲਗਾ ਸਕਦੇ। ਉਨ੍ਹਾਂ ਨੂੰ ਆਪਣੀ ਗੱਲ ਵਾਪਸ ਲੈਣੀ ਚਾਹੀਦੀ ਹੈ ਤੇ ਮਾਫ਼ੀ ਮੰਗਣੀ ਚਾਹੀਦੀ ਹੈ।”
ਕਿਰਨ ਰਿਜਿਜੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣੀ ਪਵੇਗੀ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਇਹ ਬਹੁਤ ਗੰਭੀਰ ਦੋਸ਼ ਹੈ। ਰਿਜਿਜੂ ਨੇ ਕਿਹਾ ਕਿ ਜਦੋਂ ਤੱਕ ਰਾਹੁਲ ਆਪਣੇ ਦੋਸ਼ਾਂ ਨੂੰ ਸਾਬਤ ਨਹੀਂ ਕਰਦੇ ਜਾਂ ਮਾਫ਼ੀ ਨਹੀਂ ਮੰਗਦੇ, ਤਦ ਤੱਕ ਬਹਿਸ ਅੱਗੇ ਨਹੀਂ ਵਧੇਗੀ।
