ਨਵੀਂ ਦਿੱਲੀ 27 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਬੈਂਕ ਆਫ਼ ਬੜੌਦਾ ਵਿੱਚ ਇੱਕ ਵੱਡੇ ਡਾਟਾ ਲੀਕ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਨੂੰ ਦੇਸ਼ ਦੇ ਕਿਸੇ ਬੈਂਕ ਨਾਲ ਜੁੜਿਆ ਸਭ ਤੋਂ ਵੱਡਾ ਸਾਈਬਰ ਹਮਲਾ ਕਿਹਾ ਜਾ ਰਿਹਾ ਹੈ। ਇੱਕ ਹੈਕਰ ਦਾ ਦਾਅਵਾ ਹੈ ਕਿ ਉਸ ਨੇ ਬੈਂਕ ਦੇ ਸਰਵਰਾਂ ਤੋਂ ਲਗਭਗ 1 TB ਡਾਟਾ ਲੀਕ ਕੀਤਾ ਹੈ ਅਤੇ ਇਸ ਨੂੰ ਆਨਲਾਈਨ ਅਪਲੋਡ ਕਰ ਦਿੱਤਾ ਹੈ।
ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਹੈਕਰ ਨੇ ਡਾਟਾ ਲੀਕ ਨਾਲ ਜੁੜੇ ਕੁਝ ਦਸਤਾਵੇਜ਼ ਵੀ ਆਨਲਾਈਨ ਸਾਂਝੇ ਕੀਤੇ ਹਨ। ਲੀਕ ਹੋਏ ਡਾਟਾਸੈੱਟ ਵਿੱਚ ਗਾਹਕਾਂ ਦੇ ਨਾਮ, ਮੋਬਾਈਲ ਨੰਬਰ, ਪਛਾਣ ਪੱਤਰ, ਬੱਚਤ ਅਤੇ ਚਾਲੂ ਖਾਤਾ ਰਿਕਾਰਡ ਅਤੇ ਕਰਜ਼ੇ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਹਨ। ਹਾਲਾਂਕਿ, ਇਸ ਬਾਰੇ ਅਜੇ ਤੱਕ ਬੈਂਕ ਆਫ਼ ਬੜੌਦਾ ਨੇ ਅਧਿਕਾਰਤ ਤੌਰ ‘ਤੇ ਇਸ ਉਲੰਘਣਾ ਦੀ ਪੁਸ਼ਟੀ ਨਹੀਂ ਕੀਤੀ ਹੈ।
ਦਰਅਸਲ, ‘ਕੈਸ਼ਲੇਸ ਕੰਜ਼ਿਊਮਰ’ ਦੇ ਸੰਸਥਾਪਕ ਅਤੇ ਸੌਫ਼ਟਵੇਅਰ ਇੰਜੀਨੀਅਰ ਸ੍ਰੀਕਾਂਤ ਲਕਸ਼ਮਣਨ ਨੇ ਐਕਸ (X) ‘ਤੇ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਕਿਹਾ ਕਿ ਲੀਕ ਹੋਏ ਡਾਟਾ ਦਾ ਲਿੰਕ ਸਰਗਰਮ (Active) ਹੈ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ “ਇੱਕ ਸਾਈਬਰ ਆਫ਼ਤ” ਕਰਾਰ ਦਿੱਤਾ।
ਰਿਪੋਰਟ ਦੇ ਅਨੁਸਾਰ, ਲਕਸ਼ਮਣਨ ਨੇ ਦਾਅਵਾ ਕੀਤਾ ਕਿ ਉਹ ਲੀਕ ਹੋਈਆਂ ਫਾਈਲਾਂ ਦੇ ਇੱਕ ਹਿੱਸੇ ਦੀ ਪੁਸ਼ਟੀ ਕਰਨ ਵਿੱਚ ਸਮਰੱਥ ਸਨ, ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਬੈਂਕ ਆਫ਼ ਬੜੌਦਾ ਦੇ ਅੰਦਰੂਨੀ ਦਸਤਾਵੇਜ਼ ਜਿਵੇਂ ਕਿ ਬ੍ਰਾਂਚ ਆਡਿਟ ਰਿਪੋਰਟਾਂ, ਲੋਨ ਮੁਲਾਂਕਣ ਦਸਤਾਵੇਜ਼, ਅੰਦਰੂਨੀ ਸੰਚਾਰ, ਵਿਜੀਲੈਂਸ ਜਾਂਚ ਰਿਕਾਰਡ, ਬੌਬਵਰਲਡ (bob World) ਆਡਿਟ ਰਿਪੋਰਟਾਂ ਅਤੇ ਦੇਸ਼ ਭਰ ਦੀਆਂ ਅਨੇਕਾਂ ਬ੍ਰਾਂਚਾਂ ਤੋਂ ਗਾਹਕਾਂ ਦੇ ਅਰਜ਼ੀ ਫਾਰਮ ਸ਼ਾਮਲ ਹਨ।
ਡਾਰਕ ਵੈੱਬ ਟ੍ਰੈਕਿੰਗ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ
ਲਕਸ਼ਮਣਨ ਅਨੁਸਾਰ, ਇਸ ਉਲੰਘਣਾ ਦੀ ਜਾਣਕਾਰੀ ਸਭ ਤੋਂ ਪਹਿਲਾਂ 25 ਜੁਲਾਈ ਨੂੰ ਡਾਰਕ ਵੈੱਬ ਟ੍ਰੈਕਿੰਗ ਵੈੱਬਸਾਈਟ ransomeware.live ਦੁਆਰਾ ਦਿੱਤੀ ਗਈ ਸੀ। ਹੈਕਰ ਦਾ ਦਾਅਵਾ ਹੈ ਕਿ ਉਸ ਨੇ ਡਾਰਕ ਵੈੱਬ ‘ਤੇ ਲਗਭਗ 1 ਟੀਬੀ ਸੰਵੇਦਨਸ਼ੀਲ ਡਾਟਾ ਲੀਕ ਕੀਤਾ ਹੈ।
ਕਿਹੜੀ-ਕਿਹੜੀ ਜਾਣਕਾਰੀ ਹੋ ਸਕਦੀ ਹੈ ਲੀਕ?
ਫਿਲਹਾਲ ਇਸ ਨੂੰ ਲੈ ਕੇ ਬੈਂਕ ਆਫ਼ ਬੜੌਦਾ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਜੇਕਰ ਇਹ ਡਾਟਾ ਅਸਲੀ ਹੈ ਅਤੇ ਇਹ ਕਾਫ਼ੀ ਹੱਦ ਤੱਕ ਅਸਲੀ ਲੱਗ ਰਿਹਾ ਹੈ, ਤਾਂ ਇਸ ਨਾਲ ਗਾਹਕਾਂ ਨੂੰ ਫਿਸ਼ਿੰਗ ਹਮਲਿਆਂ, ਚੋਰੀ (Identity Theft) ਅਤੇ ਵਿੱਤੀ ਧੋਖਾਧੜੀ ਦਾ ਖ਼ਤਰਾ ਹੋ ਸਕਦਾ ਹੈ।
ਗਾਹਕਾਂ ਦੇ ਨਾਮ
ਮੋਬਾਈਲ ਫੋਨ ਨੰਬਰ
ਆਧਾਰ ਨੰਬਰ
ਬੱਚਤ ਅਤੇ ਚਾਲੂ ਖਾਤਾ ਰਿਕਾਰਡ
ਕਰਜ਼ੇ ਨਾਲ ਸਬੰਧਤ ਜਾਣਕਾਰੀ
ਨੈੱਟਬੈਂਕਿੰਗ ਯੂਜ਼ਰ ਰਿਕਾਰਡ
ਐੱਨ.ਆਰ.ਆਈ. (NRI) ਅਤੇ ਕਾਰਪੋਰੇਟ ਬੈਂਕਿੰਗ ਰਿਕਾਰਡ
ਗਾਹਕ ਸਹਾਇਤਾ ਸਮੱਗਰੀ (Customer Support Data)
ਬ੍ਰਾਂਚ ਅਤੇ ATM ਨਾਲ ਸਬੰਧਤ ਰਿਕਾਰਡ
1TB ਡਾਟਾ ਜਨਤਕ ਤੌਰ ‘ਤੇ ਉਪਲਬਧ
ਯਾਨੀ ਜੇਕਰ ਤੁਸੀਂ ਬੈਂਕ ਆਫ਼ ਬੜੌਦਾ ਦੇ ਗਾਹਕ ਹੋ, ਤਾਂ ਸੰਭਾਵਨਾ ਹੈ ਕਿ ਤੁਹਾਡੇ ਖਾਤੇ ਨਾਲ ਸਬੰਧਤ ਉੱਪਰ ਦੱਸੇ ਗਏ ਵੇਰਵੇ 1TB ਡਾਟਾ ਵਿੱਚ ਜਨਤਕ ਤੌਰ ‘ਤੇ ਉਪਲਬਧ ਹਨ, ਅਤੇ ਇਹ ਡਾਊਨਲੋਡ ਲਈ ਉਪਲਬਧ ਹੈ ਅਤੇ ਤੁਹਾਡੀ ਪਛਾਣ ਅਤੇ ਨਾਮ ਨਾਲ ਸਪੱਸ਼ਟ ਤੌਰ ‘ਤੇ ਜੁੜਿਆ ਹੋਇਆ ਹੈ।
ਇਸ ਦੌਰਾਨ, ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਪਾਸਵਰਡ, ATM ਪਿਨ, UPI ਪਿਨ ਜਾਂ OTP ਵੀ ਲੀਕ ਹੋਏ ਹਨ।
ਚਿੰਤਾ ਦੀ ਗੱਲ ਇਹ ਹੈ ਕਿ ਜੇਕਰ ਆਧਾਰ ਕਾਰਡ ਦੀ ਜਾਣਕਾਰੀ ਅਤੇ ਹੋਰ ਨਿੱਜੀ ਜਾਣਕਾਰੀ ਵਾਸਤਵ ਵਿੱਚ ਲੀਕ ਹੋਈ ਹੈ, ਤਾਂ ਧੋਖੇਬਾਜ਼ ਇਨ੍ਹਾਂ ਦੀ ਦੁਰਵਰਤੋਂ ਨਕਲੀ ਲੋਨ ਅਰਜ਼ੀਆਂ, ਨਕਲੀ KYC ਦਸਤਾਵੇਜ਼ਾਂ ਜਾਂ ਹੋਰ ਵਿੱਤੀ ਧੋਖਾਧੜੀਆਂ ਲਈ ਕਰ ਸਕਦੇ ਹਨ। ਇਸ ਨਾਲ ਹੈਕਰਾਂ ਨੂੰ ਵਿਸ਼ਵਾਸਯੋਗ ਸਕੈਮ ਕਾਲਾਂ ਦੀ ਤਿਆਰੀ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ।
ਹਾਲਾਂਕਿ, ਕਿਸੇ ਵੀ ਹੈਕਿੰਗ ਗਰੁੱਪ ਨੇ ਜਨਤਕ ਤੌਰ ‘ਤੇ ਇਸ ਡਾਟਾ ਲੀਕ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਲਕਸ਼ਮਣਨ ਦਾ ਮੰਨਣਾ ਹੈ ਕਿ ਇਹ ਹਮਲਾ ‘ਟ੍ਰਿਪਲਐਕਸ’ (Tripplex) ਨਾਮਕ ਇੱਕ ਨਵੇਂ ਸਾਈਬਰ ਅਪਰਾਧ ਗਰੁੱਪ ਦੁਆਰਾ ਕੀਤਾ ਗਿਆ ਹੋ ਸਕਦਾ ਹੈ।
