ਨਵੀਂ ਦਿੱਲੀ 18 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤਹਿਤ ਕਫ਼ ਸਿਰਪ (Cough Syrup) ਸਮੇਤ ਸਿਰਪ ਵਾਲੀਆਂ ਦਵਾਈਆਂ ਹੁਣ ਬਿਨਾਂ ਡਾਕਟਰ ਦੀ ਪਰਚੀ ਦੇ ਨਹੀਂ ਮਿਲਣਗੀਆਂ। ਹੁਣ ਅਜਿਹੀਆਂ ਦਵਾਈਆਂ ਖਰੀਦਣ ਲਈ ਗਾਹਕਾਂ ਨੂੰ ਡਾਕਟਰ ਦੀ ਪਰਚੀ ਦੀ ਲੋੜ ਹੋਵੇਗੀ। ਇਹ ਬਦਲਾਅ ਕੇਂਦਰ ਸਰਕਾਰ ਵੱਲੋਂ ‘ਡਰੱਗਜ਼ ਰੂਲਜ਼, 1945’ ‘ਚ ‘ਡਰੱਗਜ਼ (ਪੰਜਵਾਂ ਸੋਧ) ਰੂਲਜ਼, 2026’ ਰਾਹੀਂ ਸੋਧ ਕਰਨ ਤੋਂ ਬਾਅਦ ਆਇਆ ਹੈ। ਇਸ ਸੋਧ ਨੂੰ 9 ਜੂਨ ਨੂੰ ਅਧਿਕਾਰਤ ਗਜ਼ਟ ‘ਚ ਨੋਟੀਫਾਈ ਕੀਤਾ ਗਿਆ ਸੀ।

ਸਰਕਾਰ ਨੇ ਕੀ ਸੋਧ ਕੀਤੀ?

ਇਸ ਸੋਧ ਤਹਿਤ ਡਰੱਗਜ਼ ਰੂਲਜ਼, 1945 ਦੀ ਅਨੁਸੂਚੀ ਕੇ (Schedule K) ਦੇ ਸੀਰੀਅਲ ਨੰਬਰ 13 ਦੇ ਆਈਟਮ ਨੰਬਰ (7) ‘ਚੋਂ ‘ਸਿਰਪ’ (Syrups) ਸ਼ਬਦ ਨੂੰ ਹਟਾ ਦਿੱਤਾ ਗਿਆ ਹੈ। ਅਨੁਸੂਚੀ ‘ਕੇ’ ‘ਚ ਉਨ੍ਹਾਂ ਦਵਾਈਆਂ ਦੀਆਂ ਸ਼੍ਰੇਣੀਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਕੁਝ ਖ਼ਾਸ ਸ਼ਰਤਾਂ ਦੇ ਨਾਲ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਚੈਪਟਰ IV ਦੇ ਕੁਝ ਪ੍ਰਾਵਧਾਨਾਂ ਤੋਂ ਛੋਟ ਮਿਲੀ ਹੋਈ ਸੀ। ਸੂਚੀ ‘ਚੋਂ ਸਿਰਪ ਨੂੰ ਹਟਾਉਣ ਤੋਂ ਬਾਅਦ ਹੁਣ ਅਜਿਹੀਆਂ ਦਵਾਈਆਂ ਲਾਗੂ ਰੈਗੂਲੇਟਰੀ ਲੋੜਾਂ ਦੇ ਦਾਇਰੇ ‘ਚ ਆ ਜਾਣਗੀਆਂ।

ਆਮ ਜਨਤਾ ਤੋਂ ਮੰਗਿਆ ਗਿਆ ਸੀ ਸੁਝਾਅ

ਇਹ ਸੋਧ 29 ਦਸੰਬਰ, 2025 ਨੂੰ ਜਾਰੀ ਕੀਤੇ ਗਏ ਉਸ ਡਰਾਫਟ ਨੋਟੀਫਿਕੇਸ਼ਨ ਤੋਂ ਬਾਅਦ ਕੀਤੀ ਗਈ ਹੈ ਜਿਸ ਵਿਚ ਹਿੱਸੇਦਾਰਾਂ (Stakeholders) ਤੇ ਆਮ ਜਨਤਾ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਗਏ ਸਨ। ਸਰਕਾਰ ਨੇ ਕਿਹਾ ਕਿ ਅੰਤਿਮ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਡਰਾਫਟ ਨਿਯਮਾਂ ‘ਤੇ ਮਿਲੀਆਂ ਸਾਰੀਆਂ ਟਿੱਪਣੀਆਂ ‘ਤੇ ਵਿਚਾਰ ਕੀਤਾ ਗਿਆ ਸੀ।

ਨੋਟੀਫਿਕੇਸ਼ਨ ‘ਚ ਕਿਹਾ ਗਿਆ, ‘ਹੁਣ ਉਕਤ ਐਕਟ ਦੀ ਧਾਰਾ 12 ਅਤੇ 33 ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੇਂਦਰ ਸਰਕਾਰ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਡਰੱਗਜ਼ ਰੂਲਜ਼, 1945 ਵਿੱਚ ਹੋਰ ਸੋਧ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੀ ਹੈ।’

ਹਟਾਇਆ ਗਿਆ ਸਿਰਪ ਸ਼ਬਦ

ਸੋਧ ‘ਚ ਅੱਗੇ ਕਿਹਾ ਗਿਆ ਹੈ, “ਡਰੱਗਜ਼ ਰੂਲਜ਼, 1945 ਵਿੱਚ, ਸ਼ਡਿਊਲ ਕੇ ਦੇ ‘ਕਲਾਸ ਆਫ਼ ਡਰੱਗਜ਼’ (ਦਵਾਈਆਂ ਦੀ ਸ਼੍ਰੇਣੀ) ਵਾਲੇ ਕਾਲਮ ‘ਚ ਸੀਰੀਅਲ ਨੰਬਰ 13 ਦੇ ਸਾਹਮਣੇ ਆਈਟਮ ਨੰਬਰ (7) ਤੋਂ ‘ਸਿਰਪ’ ਸ਼ਬਦ ਹਟਾ ਦਿੱਤਾ ਜਾਵੇਗਾ।”

ਇਹ ਨੋਟੀਫਿਕੇਸ਼ਨ ‘ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ’ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ‘ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940’ ਦੇ ਤਹਿਤ ਬਣਾਏ ਗਏ ‘ਡਰੱਗਜ਼ ਰੂਲਜ਼, 1945’ ਭਾਰਤ ‘ਚ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ (Distribution) ਨੂੰ ਰੈਗੂਲੇਟ ਕਰਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।