ਨਵੀਂ ਦਿੱਲੀ 10 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਏਸ਼ੀਅਨ ਗੇਮਜ਼ 2026 ਲਈ ਪਾਕਿਸਤਾਨ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਜਾਪਾਨ ਵਿੱਚ ਹੋਣ ਵਾਲੀਆਂ ਇਨ੍ਹਾਂ ਏਸ਼ੀਆਈ ਖੇਡਾਂ ਲਈ ਪਾਕਿਸਤਾਨ ਦੀ ਟੀਮ ਵਿੱਚ ਦਿੱਗਜ ਖਿਡਾਰੀ ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ, ਸਲਮਾਨ ਅਲੀ ਅਤੇ ਸ਼ਾਹੀਨ ਅਫ਼ਰੀਦੀ ਨੂੰ ਜਗ੍ਹਾ ਨਹੀਂ ਮਿਲੀ ਹੈ।
ਪਾਕਿਸਤਾਨ ਨੇ ਬਿਲਕੁਲ ਨਵੀਂ ਨਵੇਲੀ ਟੀਮ ਚੁਣੀ ਹੈ, ਜਿਸ ਵਿੱਚ 4 ਖਿਡਾਰੀਆਂ ਨੇ ਅਜੇ ਤੱਕ ਟੀ-20 ਇੰਟਰਨੈਸ਼ਨਲ ਵਿੱਚ ਡੈਬਿਊ ਵੀ ਨਹੀਂ ਕੀਤਾ ਹੈ। ਪਾਕਿਸਤਾਨ ਦੀ ਟੀਮ ਦੀ ਕਪਤਾਨੀ ਨੌਜਵਾਨ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੂੰ ਦਿੱਤੀ ਗਈ ਹੈ, ਜਿਨ੍ਹਾਂ ਨੇ ਟੀ-20 ਵਰਲਡ ਕੱਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦਾ ਉਪ-ਕਪਤਾਨ ਅਬਦੁਲ ਸਮਦ ਨੂੰ ਬਣਾਇਆ ਗਿਆ ਹੈ।
ਏਸ਼ੀਅਨ ਗੇਮਜ਼ ਲਈ ਪਾਕਿਸਤਾਨ ਸਕੁਐਡ ਦਾ ਐਲਾਨ
ਦਰਅਸਲ, ਏਸ਼ੀਅਨ ਗੇਮਜ਼ 2026 ਦਾ ਆਯੋਜਨ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਵਿੱਚ ਹੋਣਾ ਹੈ, ਜਿਸ ਲਈ ਪਾਕਿਸਤਾਨ ਦੀ ਨੌਜਵਾਨਾਂ ਨਾਲ ਭਰੀ ਟੀਮ ਦਾ ਐਲਾਨ ਹੋਇਆ ਹੈ। ਬਹੁਤ ਘੱਟ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਕਟ ਦਾ ਬਹੁਤ ਜ਼ਿਆਦਾ ਅਨੁਭਵ ਹੈ। ਪਾਕਿਸਤਾਨ ਦੀ ਇਸ 15 ਮੈਂਬਰੀ ਟੀਮ ਵਿੱਚ 4 ਖਿਡਾਰੀ ਅਜਿਹੇ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅਜੇ ਤੱਕ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿੱਚ ਡੈਬਿਊ ਨਹੀਂ ਕੀਤਾ ਹੈ। ਆਕਿਫ਼ ਜਾਵੇਦ, ਅਲੀ ਰਜ਼ਾ, ਮਾਜ਼ ਸਦਾਕਤ ਅਤੇ ਸਾਦ ਮਸੂਦ ਦੇ ਨਾਮ ਇਨ੍ਹਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਸਕਦਾ ਹੈ।
ਏਸ਼ੀਅਨ ਗੇਮਜ਼ 2026 ਲਈ ਪਾਕਿਸਤਾਨ ਦੀ ਟੀਮ
ਸਾਹਿਬਜ਼ਾਦਾ ਫਰਹਾਨ (ਕਪਤਾਨ), ਅਬਦੁਲ ਸਮਦ (ਉਪ-ਕਪਤਾਨ), ਅਬਰਾਰ ਅਹਿਮਦ, ਅਹਿਮਦ ਦਾਨੀਆਲ, ਆਕਿਫ਼ ਜਾਵੇਦ, ਅਲੀ ਰਜ਼ਾ, ਅਰਾਫ਼ਾਤ ਮਿਨਹਾਸ, ਹੈਦਰ ਅਲੀ, ਹਸਨ ਨਵਾਜ਼, ਮਾਜ਼ ਸਦਾਕਤ, ਮੁਹੰਮਦ ਸਲਮਾਨ ਮਿਰਜ਼ਾ, ਸਾਦ ਮਸੂਦ, ਸੈਮ ਅਯੂਬ, ਸੁਫ਼ਿਆਨ ਮੁਕੀਮ ਅਤੇ ਉਸਮਾਨ ਖਾਨ (ਵਿਕੇਟਕੀਪਰ)।
ਸਾਹਿਬਜ਼ਾਦਾ ਫਰਹਾਨ ਬਣੇ ਪਾਕਿਸਤਾਨ ਦੇ ਨਵੇਂ ਕਪਤਾਨ
ਏਸ਼ੀਅਨ ਗੇਮਜ਼ ਤੋਂ ਪਹਿਲਾਂ ਸਾਹਿਬਜ਼ਾਦਾ ਫਰਹਾਨ ਨੂੰ ਪਾਕਿਸਤਾਨ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਫਰਹਾਨ ਨੇ ਹੁਣ ਤੱਕ ਪਾਕਿਸਤਾਨ ਲਈ 46 ਟੀ-20 ਮੈਚ ਖੇਡੇ ਹਨ ਪਰ ਉਨ੍ਹਾਂ ਨੇ ਕਦੇ ਵੀ ਵਨਡੇ ਜਾਂ ਟੀ-20 ਵਿੱਚ ਟੀਮ ਦੀ ਕਪਤਾਨੀ ਨਹੀਂ ਕੀਤੀ ਹੈ। ਉੱਥੇ ਹੀ ਸਮਦ ਨੇ ਸਿਰਫ਼ 5 ਟੀ-20 ਮੈਚ ਖੇਡੇ ਹਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਮਾਰਚ ਤੋਂ ਬਾਅਦ ਟੀ-20 ਫਾਰਮੈਟ ਵਿੱਚ ਕੋਈ ਮੈਚ ਨਹੀਂ ਖੇਡਿਆ।
ਹਾਲਾਂਕਿ ਉਹ ਹਾਲ ਹੀ ਵਿੱਚ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਟੀਮ ਦਾ ਹਿੱਸਾ ਸਨ। ਦੱਸ ਦੇਈਏ ਕਿ ਉਸਮਾਨ ਖਾਨ ਨੂੰ ਟੀਮ ਦਾ ਮੁੱਖ ਵਿਕੇਟਕੀਪਰ ਚੁਣਿਆ ਗਿਆ ਹੈ। ਇਹ ਟੀਮ ਇਸੇ ਸਾਲ ਦੇ ਸ਼ੁਰੂ ਵਿੱਚ ਹੋਏ ਟੀ-20 ਵਰਲਡ ਕੱਪ ਵਿੱਚ ਖੇਡੀ ਗਈ ਟੀਮ ਨਾਲੋਂ ਕਾਫ਼ੀ ਵੱਖਰੀ ਹੈ। ਟੀਮ ਦੇ ਵੱਡੇ ਨਾਮ ਜਿਵੇਂ ਸਲਮਾਨ ਅਲੀ ਆਗਾ, ਬਾਬਰ ਆਜ਼ਮ, ਸ਼ਾਹੀਨ ਅਫ਼ਰੀਦੀ ਅਤੇ ਸ਼ਾਦਾਬ ਖਾਨ ਨੂੰ ਇਸ ਵਾਰ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ।
